ਖਾਸ ਲੇਖੇ/ਰਿਪੋਰਟਾਂ » ਖੇਤੀਬਾੜੀ

ਬੇੜੀ ਵਿੱਚ ਬੈਠੇ ਹੋਏ ਲੋਕਾਂ ਦਾ ਕੀ ਦੋਸ਼, ਜਦੋਂ ਬੇੜੀ ਨੂੰ ਚਲਾਉਂਦਾ ਹੀ ਮਲਾਹ ਵਿਕ ਗਿਆ

July 27, 2023 | By

(ਪੰਜਾਬ ਵਾਲੇ ਰਾਜਸੀ ਹਿੱਤਾਂ ਲਈ ਖਾਲੀ ਰੱਖਦੇ ਨੇ ਰਾਜਸਥਾਨ ਨਹਿਰ ਤੇ ਹਰਿਆਣੇ ਤੇ ਰਾਜਸਥਾਨ ਵਾਲੇ ਖੁਦ ਡੁੱਬਣ ਤੋਂ ਬਚਣ ਲਈ ਪਾਉਂਦੇ ਨੇ ਇਸੇ ਨਹਿਰ ਚ ਪਾਣੀ)

ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਈ ਤਬਾਹੀ ਨੇ ਰਾਜਸਥਾਨ ਨੂੰ ਰਾਜਸਥਾਨ ਫੀਡਰ ਨਹਿਰ ਰਾਹੀਂ ਦਿੱਤੇ ਜਾ ਰਹੇ ਪਾਣੀ ਦੇ ਮਸਲੇ ਨੂੰ ਦੁਬਾਰਾ ਵੱਡੇ ਪੱਧਰ ਤੇ ਚਰਚਾ ਵਿੱਚ ਲੈ ਆਂਦਾ ਹੈ। ਇਹਨਾਂ ਹੜ੍ਹਾਂ ਨੇ ਵੱਡੇ ਪੱਧਰ ਤੇ ਪੰਜਾਬ ਵਿੱਚ ਨੁਕਸਾਨ ਕੀਤਾ ਹੈ। ਪਰ ਸਾਰਾ ਸਾਲ 12000 ਕਿਊਸਿਕ ਪਾਣੀ ਰਾਜਸਥਾਨ ਲੈ ਕੇ ਜਾਣ ਵਾਲੀ ਰਾਜਸਥਾਨ ਫੀਡਰ ਨਹਿਰ ( ਰਾਜਸਥਾਨ ਵਿਚ ਜਿਸ ਨੂੰ ਰਾਜ ਨਹਿਰ ਵੀ ਕਿਹਾ ਜਾਂਦਾ ਹੈ) ਇਸ ਵਕਤ ਬਿਲਕੁਲ ਖਾਲੀ ਹੈ। ਪੰਜਾਬ ਨਾਲ਼ ਇਹ ਬਹੁਤ ਵੱਡੀ ਧੱਕੇਸ਼ਾਹੀ ਹੈ ਕਿ ਜਦ ਸਾਰਾ ਸਾਲ ਪੰਜਾਬ ਦੇ ਕਿਸਾਨ ਨਹਿਰੀ ਪਾਣੀ ਲਈ ਤਰਸਦੇ ਹਨ, ਓਦੋਂ ਇਹ ਨਹਿਰ ਸਾਰਾ ਸਾਲ ਚੱਲਦੀ ਹੈ ਤੇ ਜਦ ਹੁਣ ਹੜ੍ਹਾਂ ਕਰਕੇ ਪੰਜਾਬ ਦਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਓਦੋਂ ਇਹ ਨਹਿਰ ਬੰਦ ਹੈ ।

ਇਹ ਨਹਿਰਾਂ ਪਹਿਲਾਂ 1988,1993 ਤੇ 1995 ਦੇ ਹੜ੍ਹਾਂ ਦੌਰਾਨ ਵੀ ਬੰਦ ਕੀਤੀਆਂ ਗਈਆਂ ਸਨ । ਪਰ ਉਸ ਸਮੇਂ ਇਹ ਗੱਲ ਲੱਗਭੱਗ ਲੁਕੀ ਹੀ ਰਹੀ । ਹੁਣ ਸੋਸ਼ਲ ਮੀਡੀਆ ਦਾ ਵੇਲ਼ਾ ਹੋਣ ਕਰਕੇ ਇਹ ਜਾਣਕਾਰੀ ਸਭ ਕੋਲ ਪਹੁੰਚ ਗਈ ਹੈ ਤੇ ਲੋਕ ਮੰਗ ਕਰ ਰਹੇ ਹਨ ਕੇ ਜਦ ਦਰਿਆਵਾਂ ਦੇ ਹੜ੍ਹਾਂ ਨਾਲ ਡੁੱਬਣਾ ਪੰਜਾਬ ਨੇ ਹੈ ਤਾਂ ਔੜ ਵੇਲੇ ਦਰਿਆਵਾਂ ਦਾ ਪਾਣੀ ਵੀ ਸਾਨੂੰ ਮਿਲਣਾ ਚਾਹੀਦਾ ਹੈ।

ਪੰਜਾਬ ਦੀ ਸੱਤਾ ਧਾਰੀ ਧਿਰ ਨੇ ਇਸ ਮਸਲੇ ਤੇ ਜਾਂ ਤਾਂ ਚੁੱਪ ਧਾਰੀ ਰੱਖੀ ਹੈ ਜਾਂ ਹਮੇਸ਼ਾਂ ਦੂਜੇ ਰਾਜਾਂ ਦੀਆਂ ਸਰਕਾਰਾਂ ਦੀ ਬੋਲੀ ਬੋਲੀ ਹੈ ਤੇ ਪੰਜਾਬ ਦੇ ਹੱਕਾਂ ਅਤੇ ਪੰਜਾਬ ਦੇ ਲੋਕਾਂ ਨੂੰ ਹਮੇਸ਼ਾਂ ਤਿਲਾਂਜਲੀ ਦਿੱਤੀ ਹੈ । ਮੌਜੂਦਾ ਪੰਜਾਬ ਸਰਕਾਰ ਦੇ ਨੁਮਾਇੰਦੇ ਅਜਿਹੇ ਬਿਆਨ ਦੇ ਰਹੇ ਹਨ ਜਿਸ ਤੋਂ ਇੰਝ ਲੱਗਦਾ ਹੈ ਜਿਵੇਂ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਨਹੀਂ ਗੁਆਂਢੀ ਰਾਜ ਦੇ ਲੋਕਾਂ ਚੁਣਿਆਂ ਹੋਵੇ ।

ਸਰਕਾਰੀ ਨੁਮਾਂਇੰਦੇ ਕੁਝ ਇਸ ਤਰਾਂ ਦੇ ਤਰਕ ਦੇ ਰਹੇ ਹਨ
1) ਰਾਜਸਥਾਨ ਇਹਨਾਂ ਦਿਨਾਂ ਵਿਚ ਪਾਣੀ ਨਹੀਂ ਮੰਗਦਾ ।

2) ਜੇਕਰ ਹੁਣ ਪਾਣੀ ਛੱਡਾਂਗੇ ਤਾਂ ਨਹਿਰ ਵਿਚ ਗਾਰ (Silt) ਜੰਮ ਜਾਵੇਗੀ ਜਿਸ ਨਾਲ ਨਹਿਰ ਦਾ ਨੁਕਸਾਨ ਹੋਵੇਗਾ ਪਰ ਦੂਜੇ ਪਾਸੇ ਪੰਜਾਬ ਵਿਚਲੀ ਸਰਹੰਦ ਫੀਡਰ ਨਹਿਰ ਭਰ ਕੇ ਚੱਲ ਰਹੀ ਹੈ, ਜੋ ਪੰਜਾਬ ਸਰਕਾਰ ਉੱਤੇ ਇਕ ਸਵਾਲੀਆ ਚਿੰਨ੍ਹ ਹੈ ।

3) ਹਰੀਕੇ ਹੈੱਡਵਰਕ ਤੋਂ ਫਲੱਡ ਗੇਟ ਖੋਲੇ ਜਾਣ ਤੋਂ ਪਾਣੀ ਦਾ ਪੱਧਰ ਘਟ ਜਾਂਦਾ ਹੈ ਜਿਸ ਕਰਕੇ ਨਹਿਰਾਂ ਦੇ ਗੇਟ ਖੋਲੇ ਹੀ ਨਹੀਂ ਜਾ ਸਕਦੇ।

ਜਦਕਿ ਇਸ ਦੇ ਉਲਟ ਕਹਾਣੀ ਕੁਝ ਹੋਰ ਹੈ। ਰਾਜਸਥਾਨ ਵਿਚ ਨਹਿਰ ਦੇ ਪਾਣੀ ਦੀ ਮੰਗ ਵੀ ਹੈ ਤੇ ਰਾਜਸਥਾਨ ਫੀਡਰ ਨਹਿਰ ਵਿਚ ਪਾਣੀ ਵੀ ਜਾ ਰਿਹਾ ਹੈ । ਬਸ ਫ਼ਰਕ ਇਹ ਹੈ ਕਿ ਇਹ ਪਾਣੀ ਹਰੀਕੇ ਤੋਂ ਸਤਲੁਜ/ਬਿਆਸ ਦਾ ਨਾ ਹੋ ਕੇ ਘੱਗਰ ਦਰਿਆ ਦਾ ਹੈ । ਰਾਜਸਥਾਨ ਅਤੇ ਹਰਿਆਣਾ ਦੀ ਹੱਦ ਦੇ ਨੇੜੇ ਬਾਨੀ ਅਤੇ ਮਸੀਤਾਂ ਹੈਡ ਦੇ ਵਿਚਕਾਰ, ਜਿੱਥੇ ਰਾਜਸਥਾਨ ਫੀਡਰ ਨਹਿਰ ਘੱਗਰ ਦਰਿਆ ਦੇ ਉਪਰੋਂ ਲੰਘਦੀ ਹੈ, ਉਸ ਜਗ੍ਹਾ ਰਾਜਸਥਾਨ/ਹਰਿਆਣਾ ਸਰਕਾਰਾਂ ਵੱਲੋਂ ਘੱਗਰ ਦਾ ਰੁੱਖ ਮੋੜ ਕੇ ਅਤੇ ਗੇਟ ਬਣਾ ਕੇ ਲੱਗਭੱਗ 10 ਹਜਾਰ ਕਿਉਸਕ ਪਾਣੀ ਰਾਜਸਥਾਨ ਫੀਡਰ ਨਹਿਰ ਵਿਚ ਪਾਉਣ ਦਾ ਪ੍ਰਬੰਧ ਕੀਤਾ ਗਿਆ ਹੈ । ਇਹ ਗੇਟ ਘੱਗਰ ਦਰਿਆ ਦਾ ਸਿਰਫ ਹੜਾਂ ਦਾ ਪਾਣੀ, ਜੋ ਰਾਜਸਥਾਨ ਅਤੇ ਹਰਿਆਣਾ ਦੇ ਇਲਾਕੇ ਵਿੱਚ ਮਾਰ ਕਰਦਾ ਹੈ, ਰਾਜਸਥਾਨ ਫੀਡਰ ਨਹਿਰ ਵਿਚ ਪਾਉਣ ਲਈ ਬਣਾਏ ਗਏ ਹਨ । ਇਸ ਵਾਰ ਘੱਗਰ ਵਿਚ ਬਹੁਤ ਜਿਆਦਾ ਪਾਣੀ ਆਉਣ ਕਾਰਨ ਇਹਨਾਂ ਗੇਟਾਂ ਰਾਹੀਂ 5000 ਕਿਊਸਿਕ ਦੇ ਕਰੀਬ ਪਾਣੀ ਰਾਜਸਥਾਨ ਫੀਡਰ ਨਹਿਰ ਵਿਚ ਪਾਇਆ ਜਾ ਰਿਹਾ ਹੈ ਜਿਸ ਦੀਆਂ ਵੀਡਿਓ ਅਸੀਂ ਨਾਲ ਸਾਂਝੀਆਂ ਕਰ ਰਹੇ ਹਾਂ।

ਹੁਣ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੀ ਜਾਣਕਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕੇ ਉਹ ਖੁਦ ਇਸ ਪੱਖ ਤੋਂ ਅਨਜਾਣ ਨੇ ਕੇ ਘੱਗਰ ਦਰਿਆ ਦਾ ਪਾਣੀ ਰਾਜਸਥਾਨ ਫੀਡਰ ਨਹਿਰ ਵਿਚ ਪਾਇਆ ਜਾ ਰਿਹਾ ਹੈ। ਹੁਣ ਇਹ ਸਵਾਲ ਖੜੇ ਹੁੰਦੇ ਹਨ

1) ਜੇਕਰ ਰਾਜਸਥਾਨ ਇਸ ਸਮੇਂ ਦੌਰਾਨ ਪਾਣੀ ਨਹੀਂ ਮੰਗਦਾ ਤਾਂ ਘੱਗਰ ਦਰਿਆ ਦਾ ਪਾਣੀ ਰਾਜਸਥਾਨ ਫੀਡਰ ਨਹਿਰ ਵਿੱਚ ਕਿਉ ਪਾਇਆ ਜਾ ਰਿਹਾ ਹੈ ।

2) ਕੀ ਘੱਗਰ ਦਰਿਆ ਦਾ ਪਾਣੀ ਗਾਰ ਰਹਿਤ ਹੈ ?

ਘੱਗਰ ਦਾ ਪਾਣੀ ਨਹਿਰ ਵਿਚ ਪਾਉਣ ਕਰਕੇ ਹਰਿਆਣਾ ਤੇ ਰਾਜਸਥਾਨ ਆਪ ਤਾਂ ਹੜ੍ਹਾਂ ਦੀ ਮਾਰ ਤੋਂ ਬੱਚ ਗਏ ਨੇ, ਪਰ ਜਿਹਨਾਂ ਦਰਿਆਵਾਂ ਦਾ ਪਾਣੀ ਇਹ ਸਾਰਾ ਸਾਲ ਵਰਤਦੇ ਹਨ ਉਹਨਾਂ ਦਰਿਆਵਾਂ ਦੇ ਮਾਲਕਾਂ ਨੂੰ ਡੋਬਣ ਵਾਸਤੇ ਛੱਡ ਦਿੱਤਾ ਗਿਆ ਹੈ । ਇਸ ਤੋਂ ਇਹ ਵੀ ਸਾਬਤ ਹੁੰਦਾ ਹੈ ਕਿ ਰਾਜਸਥਾਨ ਅਤੇ ਹਰਿਆਣਾ ਦੀਆਂ ਸਰਕਾਰਾਂ ਆਪਣੇ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖ ਰਹੀਆਂ ਹਨ ਪਰ ਪੰਜਾਬ ਦੀ ਸਰਕਾਰ ਅਤੇ ਸਰਕਾਰੀ ਨੁਮਾਂਇੰਦੇ (ਮੌਜੂਦਾ ਤੇ ਪਿਛਲੇ) ਪੰਜਾਬ ਦੇ ਲੋਕਾਂ ਦੇ ਹਿੱਤਾਂ ਨੂੰ ਲਗਾਤਾਰ ਦਾਅ ਤੇ ਲਾਉਂਦੇ ਆ ਰਹੇ ਹਨ ।

ਇਸ ਦਾ ਇਕ ਹੋਰ ਪੱਖ ਹੈ ਕਿ ਰਾਜਸਥਾਨ ਨੂੰ ਜਿਹੜਾ ਪਾਣੀ ਹਰੀਕੇ ਹੈੱਡਵਰਕ ਤੋਂ ਅਲਾਟ ਹੋਇਆ ਹੈ, ਉਹ ਪਾਣੀ ਵੀ ਪੰਜਾਬ ਸਿਰ ਖੜ੍ਹਾ ਹੀ ਹੈ। ਇਹ ਪਾਣੀ ਹੜਾਂ ਤੋਂ ਬਾਅਦ ਵਿੱਚ ਪੰਜਾਬ ਦੀ ਸੰਘੀ ਵਿੱਚ ਅੰਗੂਠਾ ਦੇ ਕੇ ਫਿਰ ਰਾਜਸਥਾਨ ਵੱਲੋਂ ਲਿਆ ਜਾਵੇਗਾ ਤੇ ਪੰਜਾਬ ਫਿਰ ਸਾਰਾ ਸਾਲ ਨਹਿਰੀ ਪਾਣੀ ਲਈ ਤਰਸਦਾ ਰਹੇਗਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,