June 5, 2018 | By ਸਿੱਖ ਸਿਆਸਤ ਬਿਊਰੋ
ਸ਼ਿਲੋਂਗ: ਸ਼ਿਲੋਂਗ ਵਿਚ ਸਿੱਖਾਂ ਖਿਲਾਫ ਨਸਲੀ ਹਿੰਸਾ ਤੋਂ ਬਾਅਦ ਸਥਿਤੀ ਭਾਵੇਂ ਗੰਭੀਰ ਬਣੀ ਹੋਈ ਹੈ ਪਰ ਮਿਜ਼ੋਰਮ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ ਨੇ ਕਿਹਾ ਕਿ ਸ਼ਿਲੋਂਗ ਵਿਚ ਸਥਿਤੀ ਛੇਤੀ ਆਮ ਹੋ ਜਾਵੇਗੀ। ਹਲਾਂਕਿ ਸ਼ਿਲੋਂਗ ਵਿਚ ਸਥਿਤੀ ਗੰਭੀਰ ਬਣੀ ਹੋਈ ਹੈ ਤੇ ਸ਼ਾਮ 4 ਵਜੇ ਤੋਂ ਬਾਅਦ ਕਰਫਿਊ ਲਾ ਦਿੱਤਾ ਗਿਆ ਅਤੇ ਭਾਰਤੀ ਫੌਜ ਵਲੋਂ ਫਲੈਗ ਮਾਰਚ ਕੀਤਾ ਗਿਆ।
ਸ਼ਿਲਾਂਗ ਵਿਚ ਖਾਸੀ ਕਬੀਲੇ ਅਤੇ ਸਿੱਖਾਂ ਦਰਮਿਆਨ ਚੱਲ ਰਹੇ ਟਕਰਾਅ ਦੀ ਜਾਂਚ ਲਈ ਮੁੱਖ ਮੰਤਰੀ ਨੇ ਇਕ ਸੱਤ ਮੈਂਬਰੀ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕੀਤਾ ਹੈ, ਜੋ ਪੰਜਾਬੀ ਲੇਨ ਇਲਾਕੇ ਦੇ ਇਸ ਲੰਬੇ ਵਿਵਾਦ ਨੂੰ ਪੱਕੇ ਤੌਰ ਤੇ ਹੱਲ ਕਰਨ ਲਈ ਕੋਸ਼ਿਸ਼ ਕਰੇਗੀ।
ਪੰਜਾਬੀ ਲੇਨ ਇਕ ਸਿੱਖ ਬਹੁਗਿਣਤੀ ਇਲਾਕਾ ਹੈ। ਇੱਥੇ ਬੀਤੇ ਵੀਰਵਾਰ ਇਕ ਖਾਸੀ ਕਬੀਲੇ ਦੇ ਵਿਅਕਤੀ ਵਲੋਂ ਸਿੱਖ ਭਾਈਚਾਰੇ ਦੀ ਔਰਤ ਨਾਲ ਬਦਸਲੂਕੀ ਕਰਨ ਤੋਂ ਬਾਅਦ ਹਾਲਾਤ ਹਿੰਸਕ ਹੋ ਗਏ ਸੀ। ਮੁੱਖ ਮੰਤਰੀ ਨੇ ਦੱਸਿਆ ਕਿ ਖਾਸੀ ਵਿਅਕਤੀ ਦੀ ਕੁੱਟਮਾਰ ਦੇ ਕੇਸ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਦੌਰਾਨ ਪੰਜਾ ਸਰਕਾਰ ਵਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜੇ ਗਏ ਵੱਖ-ਵੱਖ ਵਫਦਾਂ ਨੇ ਪੰਜਾਬੀ ਲੇਨ ਇਲਾਕੇ ਦੇ ਵਸਨੀਕਾਂ ਨਾਲ ਮੁਲਾਕਾਤ ਕੀਤੀ ਤੇ ਹਰ ਮਦਦ ਦਾ ਭਰੋਸਾ ਦਿੱਤਾ।
ਪੰਜਾਬ ਸਰਕਾਰ ਦੇ ਵਫਦ ਦੀ ਅਗਵਾਈ ਕਰ ਰਹੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਮੁੱਖ ਮੰਤਰੀ ਸੰਗਮਾ ਤੇ ਪੂਰਾ ਯਕੀਨ ਹੈ ਕਿ ਉਹ ਸਿੱਖ ਭਾਈਚਾਰੇ ਨਾਲ ਇਨਸਾਫ ਕਰਨਗੇ।
ਇਸ ਦੌਰਾਨ ਪੀਟੀਆਈ ਦੀ ਰਿਪੋਰਟ ਤੋਂ ਇਸ ਵੀ ਸਾਹਮਣੇ ਆਇਆ ਹੈ ਕਿ ਕੌਮੀ ਘੱਟਗਿਣਤੀ ਕਮਿਸ਼ਨ ਵਲੋਂ ਸ਼ਿਲਾਂਗ ਹਿੰਸਾ ਦੀ ਜਾਂਚ ਲਈ ਇਕ ਮੈਂਬਰ ਮਨਜੀਤ ਸਿੰਘ ਰਾਏ ਨੂੰ ਭੇਜਿਆ ਜਾ ਰਿਹਾ ਹੈ।
Related Topics: Conrad Sangma, Meghalya Government, Punjab Government, Racial Attack on Sikhs, SGPC