April 26, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਭਾਰਤ ਦੀ ਨਾਗਪੁਰ ਕੇਂਦਰੀ ਜੇਲ੍ਹ ਵਿਚ ਨਜ਼ਰਬੰਦ ਸ਼ਰੀਰ ਤੋਂ ਅਪਾਹਜ ਅਤੇ ਪ੍ਰੋਫੈਸਰ ਜੀ.ਐਨ ਸਾਈਬਾਬਾ ਦੀ ਸਿਹਤ ਪ੍ਰਤੀ ਫਿਕਰ ਪ੍ਰਗਟ ਕਰਦਿਆਂ ਕੈਨੇਡਾ ਦੀ ਸਿੱਖ ਸੰਸਥਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ (W.S.O.) ਨੇ ਕਿਹਾ ਕਿ ਜੇਲ੍ਹ ਵਿਚ ਉਨ੍ਹਾਂ ਦੀ ਹਾਲਾਤ ਬਹੁਤ ਗੰਭੀਰ ਹੈ।
ਜਿਕਰਯੋਗ ਹੈ ਕਿ ਸਾਈਬਾਬਾ ਨੂੰ ਕਾਲੇ ਕਾਨੂੰਨ ਵਜੋਂ ਜਾਣੇ ਜਾਂਦੇ ਯੂਏਪੀਏ ਕਾਨੂੰਨ ਅਧੀਨ ਗੈਰਕਾਨੂੰਨੀ ਗਤੀਵਿਧੀਆਂ, ‘ਅੱਤਵਾਦੀ ਕਾਰਵਾਈ’ ਲਈ ਸਾਜਿਸ਼ ਘੜਨ ਅਤੇ ‘ਅੱਤਵਾਦੀ ਸੰਸਥਾ ਦਾ ਮੈਂਬਰ’ ਹੋਣ ਦਾ ਦੋਸ਼ੀ ਐਲਾਨਦਿਆਂ ਮਹਾਰਾਸ਼ਟਰ ਅਦਾਲਤ ਨੇ 7 ਮਾਰਚ, 2017 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ।
ਦਸਤਾਵੇਜਾਂ ਅਨੁਸਾਰ ਸਾਈਬਾਬਾ 90 ਫੀਸਦੀ ਅਪਾਹਜ ਹੈ ਅਤੇ ਵਹੀਲਚੇਅਰ ‘ਤੇ ਹੀ ਰਹਿੰਦੇ ਹਨ। ਇਸ ਤੋਂ ਇਲਾਵਾ ਹੋਰ ਕਈ ਸ਼ਰੀਰਕ ਬਿਮਾਰੀਆਂ ਦੇ ਮਰੀਜ਼ ਹਨ।
ਦਿੱਲੀ ਯੂਨੀਵਰਸਿਟੀ ਵਿਚ ਅੰਗਰੇਜੀ ਵਿਸ਼ੇ ਦੇ ਪ੍ਰੋਫੈਸਰ ਸਾਈਬਾਬਾ ਨੇ ਭਾਰਤੀ ਫੌਜ ਵਲੋਂ ਕੀਤੇ ਗਏ ਆਪਰੇਸ਼ਨ ਗਰੀਨ ਹੰਟ ਦੌਰਾਨ ਹੋਏ ਮਨੁੱਖੀ ਹੱਕਾਂ ਦੇ ਘਾਣ ਦਾ ਮੁੱਦਾ ਚੁੱਕਿਆ ਸੀ। ਉਹਨਾਂ ਝਾਰਖੰਡ, ਕਸ਼ਮੀਰ, ਅਸਾਮ ਅਤੇ ਮਨੀਪੁਰ ਵਿਚ ਹੋ ਰਹੇ ਮਨੁੱਖੀ ਹੱਕਾਂ ਦੇ ਘਾਣ ਨੂੰ ਸਾਹਮਣੇ ਲਿਆਉਣ ਲਈ ਇਕ ਸੰਸਥਾ ਵੀ ਖੜੀ ਕੀਤੀ ਸੀ। ਮਈ, 2014 ਵਿਚ ਦਿੱਲੀ ਯੂਨੀਵਰਸਿਟੀ ਤੋ ਆਪਣੇ ਘਰ ਜਾਣ ਮੌਕੇ ਸਾਈਬਾਬਾ ਨੂੰ ਨਕਸਲੀ ਵਿਚਾਰਧਾਰ ਦਾ ਹਮਾਇਤੀ ਹੋਣ ਦਾ ਦੋਸ਼ ਲਾ ਕੇ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ।
ਜੇਲ੍ਹ ਵਿਚ ਸਾਈਬਾਬਾ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਤੇ ਪਰਿਵਾਰ ਵਲੋਂ ਵਾਰ-ਵਾਰ ਬੇਨਤੀਆਂ ਕਰਨ ‘ਤੇ ਵੀ ਜੇਲ੍ਹ ਪ੍ਰਸ਼ਾਸਨ ਵਲੋਂ ਸਹੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ। ਸਾਈਬਾਬਾ ਨੂੰ ਸਖਤ ਨਜ਼ਰਬੰਦੀ ਵਿਚ ‘ਅੰਡਾ ਸੈਲ’ ਵਿਚ ਰੱਖਿਆ ਗਿਆ ਹੈ, ਜਿੱਥੇ ਸਹੀ ਰੋਸ਼ਨੀ ਅਤੇ ਹਵਾ ਵੀ ਕੈਦੀ ਨੂੰ ਨਹੀਂ ਮਿਲਦੀ। ਉਨ੍ਹਾਂ ਨੂੰ ਜ਼ਰੂਰੀ ਸਿਹਤ ਸਹੂਲਤਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ ਤੇ ਅਣਮਨੁੱਖੀ ਤਸ਼ੱਦਦ ਕੀਤਾ ਜਾ ਰਿਹਾ ਹੈ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਮੁਖਤਿਆਰ ਸਿੰਘ ਨੇ ਕਿਹਾ ਕਿ ਸਾਈਬਾਬਾ ਨਾਲ ਭਾਰਤੀ ਪ੍ਰਸ਼ਾਸਨ ਵਲੋਂ ਕੀਤਾ ਜਾ ਰਿਹਾ ਵਤੀਰਾ ਦਰਦਨਾਕ ਹੈ। ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA) ਵਰਗੇ ਕਾਲੇ ਕਾਨੂੰਨ ਮੂਲ ਮਨੁੱਖੀ ਹੱਕਾਂ ਦਾ ਘਾਣ ਕਰਦੇ ਹਨ। ਉਨ੍ਹਾਂ ਕਿਹਾ ਕਿ (W.S.O.) ਵਰਗੀਆਂ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਦਾ ਮੰਨਣਾ ਹੈ ਕਿ ਮਨੁੱਖੀ ਹੱਕਾਂ ਦੀ ਰਾਖੀ ਲਈ ਅਵਾਜ਼ ਚੁੱਕਣ ਕਾਰਨ ਹੀ ਸਾਈਬਾਬਾ ਨੂੰ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਭਾਰਤੀ ਸਰਕਾਰ ਨੂੰ ਕਿਹਾ ਕਿ ਸਾਈਬਾਬਾ ਨੂੰ ਜ਼ਰੂਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।
ਵਿਸਥਾਰਤ ਖ਼ਬਰ ਅੰਗਰੇਜ਼ੀ ਵਿਚ ਪੜ੍ਹੋ: Human Rights Defender Alert: G.N. Saibaba Denied Adequate Medical Treatment in Custody
Related Topics: Prof. Saibaba, UAPA, WSO