ਕੌਮਾਂਤਰੀ ਖਬਰਾਂ

ਕੈਟੇਲੋਨੀਆ ‘ਚ ਰਾਏਸ਼ੁਮਾਰੀ: ਹਿੰਸਾ ਦੀਆਂ ਖ਼ਬਰਾਂ

October 1, 2017 | By

ਕੈਟੇਲੋਨੀਆ: ਸਪੇਨ ਤੋਂ ਵੱਖ ਹੋ ਕੇ ਨਵਾਂ ਦੇਸ਼ ਬਣਾਉਣ ਦੇ ਲਈ ਕੈਟੇਲੋਨੀਆ ‘ਚ ਜਾਰੀ ਰਿਫਰੈਂਡਮ (ਰਾਏਸ਼ੁਮਾਰ) ਸਮੇਂ ਹਿੰਸਾਂ ਦੀਆਂ ਖ਼ਬਰਾਂ ਆਈਆਂ ਹਨ। ਕੈਟਲਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਦੇ ਨਾਲ ਟਕਰਾਅ ‘ਚ ਘੱਟ ਤੋਂ ਘੱਟ 337 ਲੋਕ ਜ਼ਖਮੀ ਹੋਏ ਹਨ।

ਪੁਲਿਸ ਲੋਕਾਂ ਨੂੰ ਰਾਏਸ਼ੁਮਾਰੀ ‘ਚ ਵੋਟਾਂ ਪਾਉਣ ਤੋਂ ਰੋਕ ਰਹੀ ਹੈ ਅਤੇ ਲੋਕ ਵੋਟਾਂ ਪਾਉਣ ਲਈ ਦ੍ਰਿੜ੍ਹ ਇਰਾਦਾ ਹਨ। ਸਪੇਨ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ 11 ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ। ਸਪੇਨ ਦੀ ਪੁਲਿਸ ਵੋਟਿੰਗ ਕਰਨ ਤੋਂ ਲੋਕਾਂ ਨੂੰ ਰੋਕ ਰਹੀ ਹੈ ਪਰ ਕੈਟੇਲੋਨੀਆ ਦੇ ਲੋਕ ਵੱਖਰਾ ਮੁਲਕ ਬਣਾਉਣ ਲਈ ਵੋਟਿੰਗ ਕਰਨ ਲਈ ਅੜੇ ਹੋਏ ਹਨ। ਪੁਲਿਸ ਅਤੇ ਕੈਟਲੰਸ ਨਾਗਰਿਕਾਂ ‘ਚ ਝੜਪਾਂ ਹੋਣ ਦੀ ਖ਼ਬਰ ਵੀ ਆਈ ਹੈ।

Katalonia 01

ਕੈਟੇਲੋਨੀਆ ਰਾਏਸ਼ੁਮਾਰੀ ਤਸਵੀਰਾਂ ਰਾਹੀਂ (ਫੋਟੋ ਬੀਬੀਸੀ)

ਸਪੇਨ ਇਸ ਰਾਏਸ਼ੁਮਾਰੀ ਨੂੰ ਪੂਰੀ ਕੋਸ਼ਿਸ਼ ਕਰਕੇ ਰੋਕਣਾ ਚਾਹੁੰਦਾ ਹੈ। ਸਪੇਨ ਦਾ ਕਹਿਣਾ ਹੈ ਕਿ ਸੰਵਿਧਾਨਕ ਅਦਾਲਤ ਨੇ ਇਸ ਰਾਏਸ਼ੁਮਾਰੀ ਨੂੰ ਗ਼ੈਰਕਾਨੂੰਨੀ ਕਰਾਰ ਦਿੱਤਾ ਹੋਇਆ ਹੈ।

ਪੁਲਿਸ ਬੈਲੇਟ ਪੇਪਰ ਅਤੇ ਵੋਟਿੰਗ ਕੇਂਦਰਾਂ ਦੇ ਬਕਸੇ ਜ਼ਬਤ ਕਰ ਰਹੀ ਹੈ। ਕੈਟੇਲੋਨੀਆ ਦੀ ਰਾਜਧਾਨੀ ਬਾਰਸੀਲੋਨਾ ਤੋਂ ਚਸ਼ਮਦੀਦਾਂ ਦਾ ਕਹਿਣਾ ਹੈ ਕਿ ਰਾਏਸ਼ੁਮਾਰੀ ਦੇ ਹੱਕ ‘ਚ ਪ੍ਰਦਰਸ਼ਨ ਕਰ ਰਹੇ ਲੋਕਾਂ ‘ਤੇ ਪੁਲਿਸ ਨੇ ਰਬੜ ਦੀਆਂ ਗੋਲੀਆਂ ਮਾਰੀਆਂ ਹਨ। ਜਿਸ ਵਿਚ ਘੱਟ ਤੋਂ ਘੱਟ 38 ਲੋਕ ਜ਼ਖਮੀ ਹੋਏ ਹਨ।

ਕੈਟਲਨ ਦੀ ਹੰਗਾਮੀ ਸੇਵਾ ਦਾ ਕਹਿਣਾ ਹੈ ਕਿ ਬਹੁਤੇ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਕੈਟਲਨ ਆਗੂ ਕਾਰਲਸ ਪੁਜੀਮੋਂਟ ਨੇ ‘ਗ਼ੈਰ ਜ਼ਰੂਰੀ’ ਹਿੰਸਾ ਦੀ ਨਿੰਦਾ ਕੀਤੀ ਹੈ।

Katalonia 02

ਕੈਟੇਲੋਨੀਆ ਰਾਏਸ਼ੁਮਾਰੀ ਤਸਵੀਰਾਂ ਰਾਹੀਂ (ਫੋਟੋ ਬੀਬੀਸੀ)

ਬੈਲਟ ਪੇਪਰ ‘ਤੇ ਸਿਰਫ ਇਕ ਸਵਾਲ ਹੈ: ਕੀ ਤੁਸੀਂ ਚਾਹੁੰਦੇ ਹੋ ਕਿ ਕੈਟੇਲੋਨੀਆ ਇਕ ਜਮਹੂਰੀਅਤ ਦੇ ਰੂਪ ‘ਚ ਅਜ਼ਾਦ ਦੇਸ਼ ਬਣੇ? ਇਸ ਸਵਾਲ ਦੇ ਜਵਾਬ ‘ਚ ‘ਹਾਂ’ ਜਾਂ ‘ਨਾ’ ਲਈ ਦੋ ਬਕਸੇ ਰੱਖੇ ਹੋਏ ਹਨ। ਵੋਟਾਂ ਪੈਣ ਦੀ ਸ਼ੁਰੂਆਤ ਤੋਂ ਪਹਿਲਾਂ ਕੈਟਲਨ ਦੀ ਸਰਕਾਰ ਨੇ ਕਿਹਾ ਕਿ ਵੋਟਰ ਆਪਣਾ ਖੁਦ ਦਾ ਪ੍ਰਿੰਟ ਕੀਤਾ ਬੈਲੇਟ ਪੇਪਰ ਵੀ ਲਿਆ ਸਕਦੇ ਹਨ ਅਤੇ ਕਿਸੇ ਵੀ ਵੋਟਿੰਗ ਕੇਂਦਰ ‘ਚ ਪਾ ਸਕਦੇ ਹਨ।

ਜਿਰੋਨਾ ਸ਼ਹਿਰ ‘ਚ ਕੈਟਲਨ ਦੇ ਰਾਸ਼ਟਰਪਤੀ ਕਾਰਲਸ ਪੁਜੀਮੋਂਦ ਜਿਸ ਵੋਟਿੰਗ ਕੇਂਦਰ ‘ਚ ਵੋਟ ਪਾਉਣ ਜਾ ਰਹੇ ਸੀ, ਉਥੇ ਪਹੁੰਚਣ ਦੇ ਰਾਹ ਪੁਲਿਸ ਨੇ ਬੰਦ ਕਰ ਦਿੱਤੇ ਸੀ। ਟੈਲੀਵਿਜਨ ਫੁਟੇਜ ‘ਚ ਟੁੱਟੇ ਹੋਏ ਸ਼ੀਸ਼ੇ ਦਿਖ ਰਹੇ ਸੀ। ਵੋਟਿੰਗ ਕੇਂਦਰ ‘ਚ ਵੋਟਾਂ ਪਾਉਣ ਆਏ ਲੋਕਾਂ ਨੂੰ ਪੁਲਿਸ ਜ਼ਬਰਦਸਤੀ ਉਥੋਂ ਹਟਾ ਰਹੀ ਸੀ। ਹਾਲਾਂਕਿ ਕਾਰਲਸ ਪੁਜੀਮੋਂਟ ਕਿਸੇ ਵੀ ਵੋਟਿੰਗ ਕੇਂਦਰ ‘ਚ ਵੋਟ ਪਾ ਸਕਦੇ ਹਨ।

ਸ਼ੁੱਕਰਵਾਰ ਤਕ ਹਜ਼ਾਰਾਂ ਅਜ਼ਾਦੀਪਸੰਦ ਸਕੂਲਾਂ ਅਤੇ ਹੋਰ ਇਮਾਰਤਾਂ ‘ਚ ਇਕੱਠੇ ਹੋ ਗਏ ਸੀ। ਇਨ੍ਹਾਂ ਸਕੂਲਾਂ ਨੂੰ ਵੋਟਿੰਗ ਕੇਂਦਰ ਬਣਾਇਆ ਗਿਆ ਸੀ। ਇਥੇ ਮਾਪਿਆਂ ਤੋਂ ਲੈ ਕੇ ਬੱਚੇ ਤਕ ਹਨ। ਕੁਝ ਇਲਾਕਿਆਂ ‘ਚ ਵੋਟਿੰਗ ਕੇਂਦਰਾਂ ਦੇ ਬਾਹਰ ਕਿਸਾਨ ਆਪਣੇ ਟਰੈਕਟਰਾਂ ਦੇ ਨਾਲ ਪਹੁੰਚੇ ਹੋਏ ਸੀ।

Katalonia 03

ਕੈਟੇਲੋਨੀਆ ਰਾਏਸ਼ੁਮਾਰੀ ਤਸਵੀਰਾਂ ਰਾਹੀਂ (ਫੋਟੋ ਬੀਬੀਸੀ)

ਲੋਕਾਂ ਨੇ ਪੂਰਾ ਇੰਤਜ਼ਾਮ ਕੀਤਾ ਹੋਇਆ ਸੀ ਕਿ ਰਾਏਸ਼ੁਮਾਰੀ ਨੂੰ ਸਪੇਨ ਦੀ ਪੁਲਿਸ ਰੋਕ ਨਾ ਸਕੇ। ਰਾਏਸ਼ੁਮਾਰੀ ਦੇ ਪ੍ਰਬੰਧਕਾਂ ਵਲੋਂ ਅਪੀਲ ਜਾਰੀ ਕੀਤੀ ਗਈ ਸੀ ਕਿ ਪੁਲਿਸ ਦੀ ਕਾਰਵਾਈ ਦਾ ਸਾਹਮਣਾ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਵੇ।

ਬੀਬੀਸੀ ਨਿਊਜ਼ ਦੇ ਬਾਰਸੀਲੋਨਾ ਸਥਿਤ ਪੱਤਰਕਾਰ ਟਾਮ ਬਰੀਜ਼ ਦਾ ਕਹਿਣਾ ਹੈ ਕਿ ਵੋਟਿੰਗ ਦਾ ਕੰਮ ਹਨੇਰੇ ਵਿਚ ਹੀ ਸ਼ੁਰੂ ਹੋ ਗਿਆ ਸੀ। ਉਥੇ ਮੀਂਹ ਵੀ ਪੈ ਰਿਹਾ ਹੈ।

ਕੈਟੇਲੋਨੀਆ ‘ਚ ਹਜ਼ਾਰਾਂ ਦੀ ਤਾਦਾਦ ‘ਚ ਵਾਧੂ ਪੁਲਿਸ ਭੇਜੀ ਗਈ ਹੈ। ਬਾਰਸੀਲੋਨਾ ਦੇ ਕੰਢੇ ‘ਤੇ ਵੀ ਪੁਲਿਸ ਮੌਜੂਦ ਹੈ।

Katalonia 04

ਕੈਟੇਲੋਨੀਆ ਰਾਏਸ਼ੁਮਾਰੀ ਤਸਵੀਰਾਂ ਰਾਹੀਂ (ਫੋਟੋ ਬੀਬੀਸੀ)

ਲੋਕਾਂ ਨੂੰ ਵੱਡੀ ਗਿਣਤੀ ‘ਚ ਹਿਰਾਸਤ ‘ਚ ਵੀ ਲਿਆ ਗਿਆ ਹੈ ਅਤੇ ਪੁਲਿਸ ਨੇ ਸਥਾਨਕ ਸਰਕਾਰ ਦੇ ਸੰਚਾਰ ਸਾਧਨਾਂ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

ਕੈਟੇਲੋਨੀਆ ਸਪੇਨ ਦੇ ਸਭ ਤੋਂ ਵੱਧ ਖੁਸ਼ਹਾਲ ਇਲਾਕਿਆਂ ਵਿਚੋਂ ਇਕ ਹੈ। ਇਸਦਾ ਇਕ ਹਜ਼ਾਰ ਸਾਲ ਪੁਰਾਣਾ ਵੱਖਰਾ ਇਤਿਹਾਸ ਰਿਹਾ ਹੈ। ਸਪੇਨ ‘ਚ ਖਾਨਾਜੰਗੀ ਤੋਂ ਪਹਿਲਾਂ ਇਸ ਇਲਾਕੇ ਨੂੰ ਖੁਦਮੁਖਤਿਆਰੀ ਮਿਲੀ ਹੋਈ ਸੀ। 1939 ਤੋਂ 1975 ਦੇ ਵਿਚ ਜਨਰਲ ਫਰਾਂਸਿਸਕੋ ਫਰੈਂਕੋ ਦੇ ਅਗਵਾਈ ‘ਚ ਕੈਟੇਲੋਨੀਆ ਨੂੰ ਜਿਹੜੀ ਖੁਦਮੁਖਤਿਆਰੀ ਮਿਲੀ ਸੀ, ਉਸਨੂੰ ਖਤਮ ਕਰ ਦਿੱਤਾ ਗਿਆ।

ਜਦੋਂ ਫਰੈਂਕੋ ਦੀ ਮੌਤ ਹੋਈ ਤਾਂ ਕੈਟੇਲਨ ਰਾਸ਼ਟਰਵਾਦ ਫਿਰ ਤੋਂ ਉਭਰ ਕੇ ਸਾਹਮਣੇ ਆਇਆ ਅਤੇ ਅਖੀਰ ‘ਚ ਉੱਤਰੀ-ਪੂਰਬੀ ਇਲਾਕਿਆਂ ਨੂੰ ਫੇਰ ਤੋਂ ਖੁਦਮੁਖਤਿਆਰੀ ਦੇਣੀ ਪਈ। ਅਜਿਹਾ 1978 ਦੇ ਸੰਵਿਧਾਨ ਦੇ ਤਹਿਤ ਕੀਤਾ ਗਿਆ।

2006 ਦੇ ਇਕ ਕਾਨੂੰਨ ਦੇ ਤਹਿਤ ਕੈਟੇਲੋਨੀਆ ਨੂੰ ਹੋਰ ਤਾਕਤ ਦਿੱਤੀ ਗਈ। ਕੈਟੇਲੋਨੀਆ ਦਾ ਆਰਥਕ ਦਬਦਬਾ ਵਧ ਗਿਆ ਅਤੇ ਉਸਨੂੰ ਇਕ ਮੁਲਕ ਦੇ ਰੂਪ ‘ਚ ਦੇਖਿਆ ਜਾਣ ਲੱਗਾ। ਪਰ ਇਹ ਵੀ ਬਹੁਤ ਦਿਨਾਂ ਤਕ ਨਹੀਂ ਰਿਹਾ। ਸਪੇਨ ਦੀ ਸੰਵਿਧਾਨਕ ਅਦਾਲਤ ਨੇ 2010 ‘ਚ ਸਾਰੀਆਂ ਤਾਕਤਾਂ ਵਾਪਸ ਲੈ ਲਈਆਂ। ਇਸਤੋਂ ਬਾਅਦ ਕੈਟੋਲੋਨੀਆ ਦਾ ਸਥਾਨਕ ਪ੍ਰਸ਼ਾਸਨ ਸਪੇਨ ਤੋਂ ਨਰਾਜ਼ ਹੋ ਗਿਆ।

Katalonia 06

ਕੈਟੇਲੋਨੀਆ ਰਾਏਸ਼ੁਮਾਰੀ ਤਸਵੀਰਾਂ ਰਾਹੀਂ (ਫੋਟੋ ਬੀਬੀਸੀ)

ਕੈਟੇਲੰਸ ਨੇ ਨਵੰਬਰ 2014 ‘ਚ ਅਜ਼ਾਦੀ ਲਈ ਆਪਣੇ ਤੌਰ ‘ਤੇ ਇਕ ਰਾਏਸ਼ੁਮਾਰੀ ਦਾ ਪ੍ਰਬੰਧ ਕੀਤਾ। 20 ਲੱਖ ਲੋਕਾਂ ਨੇ ਇਸ ਵੋਟਿੰਗ ‘ਚ ਹਿੱਸਾ ਲਿਆ ਅਤੇ 80% ਨੇ ਅਜ਼ਾਦੀ ਦੇ ਹੱਕ ‘ਚ ਵੋਟਾਂ ਪਾਈਆਂ।

ਕੈਟੇਲੋਨੀਆ ‘ਚ 2015 ‘ਚ ਹੋਈਆਂ ਚੋਣਾਂ ‘ਚ ਅਜ਼ਾਦੀ ਪਸੰਦਾਂ ਨੂੰ ਜਿੱਤ ਮਿਲੀ ਸੀ। ਜਿਨ੍ਹਾਂ ਨੇ ਕਿ ਵੋਟਾਂ ‘ਚ ਕੈਟੇਲੋਨੀਆ ਦੇ ਲੋਕਾਂ ਨਾਲ ਰਾਏਸ਼ੁਮਾਰ ਦਾ ਵਾਅਦਾ ਕੀਤਾ ਸੀ।

ਕੈਟੇਲੋਨੀਆ ਦੇ ਰਾਸ਼ਟਰਪਤੀ ਕਾਰਲਸ ਪੁਜੀਮੋਂਟ ਨੇ ਜ਼ੋਰ ਦੇਕੇ ਕਿਹਾ ਕਿ ਹੁਣ ਕੋਈ ਦੂਜੀ ਅਦਾਲਤ ਜਾਂ ਰਾਜਨੀਤਕ ਅਦਾਰਾ ਨਹੀਂ ਜੋ ਉਨ੍ਹਾਂ ਦੀ ਸਰਕਾਰ ਦੀਆਂ ਤਾਕਤਾਂ ਖੋਹ ਲਵੇ।

(ਸਰੋਤ: ਬੀਬੀਸੀ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,