April 14, 2011 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋ (14 ਅਪ੍ਰੈਲ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਖਾਲਸਾ ਪੰਥ ਦੀ ਸਾਜਨਾ ਦੇ ਦਿਹਾੜੇ ਮੌਕੇ ਅੱਜ ਤਖਤ ਸ਼੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ ਕੀ) ਦੀ ਇਤਿਹਾਸਕ ਧਰਤੀ ਉੱਤੇ ਪੰਥਕ ਕਾਨਫਰੰਸ ਕੀਤੀ ਗਈ। ਇਸ ਕਾਨਫਰੰਸ ਵਿਚ ਪੰਚ ਪ੍ਰਧਾਨੀ ਤੋਂ ਇਲਾਵਾ ਏਕ ਨੂਰ ਖਾਲਸਾ ਫੌਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ, ਮਾਤਾ ਗੁਜਰੀ ਸਹਾਰਾ ਟ੍ਰਸਟ, ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਹੋਰਨਾਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਪੰਚ ਪ੍ਰਧਾਨੀ ਦੇ ਕੌਮੀ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਨੌਜਵਾਨ ਆਗੂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦਾ ਦ੍ਰਿੜ ਨਿਸ਼ਚਾ ਹੈ ਕਿ ਸਿੱਖ ਕੌਮ ਦਾ ਰਾਜਸੀ ਨਿਸ਼ਾਨਾ ਖੁਦਮੁਖਤਿਆਰ ਸਿੱਖ ਰਾਜ ਦੀ ਕਾਇਮੀ ਹੈ ਜਿਸ ਦਾ ਪ੍ਰਗਟਾਵਾ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ 29 ਅਪ੍ਰੈਲ, 1986 ਨੂੰ ਜੁੜੇ ਸਮੂਹ ਖਾਲਸਾ ਪੰਥ ਨੇ ਖ਼ਾਲਸਤਾਨ ਦੇ ਐਲਾਨ ਦੇ ਰੂਪ ਵਿਚ ਕੀਤਾ ਸੀ। ਉਨ੍ਹਾਂ ਪੰਥ ਦੇ ਇਸ ਰਾਜਸੀ ਨਿਸ਼ਾਨੇ ਪ੍ਰਤੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਿਆਂ ਸਮੇਂ ਤੇ ਹਾਲਾਤ ਮੁਤਾਬਿਕ ਵੱਖ-ਵੱਖ ਰੂਪਾਂ-ਵੇਸਾਂ ਵਿਚ ਸੰਘਰਸ਼ ਜਾਰੀ ਰੱਖਣ ਦਾ ਅਹਿਦ ਦਹੁਰਾਇਆ। ਕਾਨਫਰੰਸ ਦੌਰਾਨ ਇਸ ਸੰਬੰਧੀ ਇਕ ਮਤਾ ਵੀ ਪ੍ਰਵਾਣ ਕੀਤਾ ਗਿਆ।
ਪੰਚ ਪ੍ਰਧਾਨੀ ਦੇ ਕੌਮੀ ਪੰਚ ਭਾਈ ਕੁਮਿੱਕਰ ਸਿੰਘ ਤੇ ਵਿਸ਼ੇਸ਼ ਸਕੱਤਰ ਭਾਈ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਸਮੁੱਚਾ ਸਿੱਖ ਜਗਤ ਇਹ ਮਹਿਸੂਸ ਕਰ ਰਿਹਾ ਹੈ ਕਿ ਅਨੇਕਾਂ ਕੁਰਬਾਨੀਆਂ ਤੇ ਲੰਮੀ ਜੱਦੋ-ਜਹਿਦ ਤੋਂ ਬਾਅਦ ਗੁਰਦੁਆਰਾ ਪ੍ਰਬੰਧ ਗੁਰਮਤਿ ਸਿਧਾਂਤਾਂ ਅਨੁਸਾਰ ਚਲਾਉਣ ਲਈ ਹੋਂਦ ਵਿਚ ਲਿਆਂਦੀ ਗਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਖੁਦ ਮਹੰਤੀ ਅਲਾਮਤਾਂ ਦਾ ਸ਼ਿਕਾਰ ਹੋ ਚੁੱਕੀ ਹੈ। ਇਸ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਵਿਲੱਖਣ ਹਸਤੀ ਨੂੰ ਵੀ ਢਾਹ ਲੱਗ ਰਹੀ ਹੈ। ਇਸ ਲਈ ਇਹ ਜਰੂਰੀ ਹੋ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਜ਼ਾਦ ਹਸਤੀ ਬਰਕਰਾਰ ਰੱਖਣ ਤੇ ਗੁਰਦੁਆਰਾ ਪ੍ਰਬੰਧ ਵਿਚ ਮੁੜ ਬੁਨਿਆਦੀ ਸੁਧਾਰ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੌਜੂਦਾ ਕਾਬਜ਼ ਧਿਰ ਤੋਂ ਮੁਕਤ ਕਰਵਾਇਆ ਜਾਵੇ। ਉਨ੍ਹਾਂ ਸਮੂਹ ਸੂਝਵਾਨ ਤੇ ਸੁਹਿਰਦ ਪੰਥਕ ਧਿਰਾਂ ਨੂੰ ਇਸ ਕਾਰਜ ਲਈ ਸਾਂਝੇ ਤੇ ਜ਼ੋਰਦਾਰ ਉਪਰਾਲੇ ਕਰਨ ਦਾ ਸੱਦਾ ਦਿੱਤਾ।
ਦਲ ਖਾਲਸਾ ਦੇ ਆਗੂ ਭਾਈ ਸਰਬਜੀਤ ਸਿੰਘ ਘੁਮਾਣ ਨੇ ਸਿੱਖ ਸਿਧਾਂਤਾਂ ਉੱਤੇ ਸਰਕਾਰ, ਡੇਰੇਦਾਰਾਂ ਤੇ ਆਰ. ਐਸ. ਐਸ. ਵਰਗੀਆਂ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਹਮਲਿਆਂ ਤੋਂ ਸੰਗਤਾਂ ਨੂੰ ਸੁਚੇਤ ਕਰਵਾਇਆ ਤੇ ਸੰਗਤਾਂ ਨੂੰ ਸਿਧਾਂਤਾਂ ਦੀ ਰਾਖੀ ਲਈ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਗਾਜ਼ੀ ਨੇ ਸੰਗਤਾਂ ਨੂੰ ਸੰਘਰਸ਼ਸ਼ੀਲ ਧਿਰਾਂ ਨੂੰ ਸਿਆਸੀ ਪਿੜ੍ਹ ਵਿਚ ਭਰਵਾਂ ਸਹਿਯੋਗ ਦੇਣ ਦਾ ਸੱਦਾ ਦਿਤਾ ਤਾਂ ਜੋ ਸੰਘਰਸ਼ ਅੱਗੇ ਵਧਾਇਆ ਜਾ ਸਕੇ। ਉਨ੍ਹਾਂ ਸਿੱਖ ਆਗੂਆਂ ਤੇ ਨੌਜਵਾਨਾਂ ਉੱਤੇ ਪਾਏ ਜਾ ਰਹੇ ਝੂਠੇ ਕੇਸਾਂ ਅਤੇ ਪੁਲਿਸ ਤਸ਼ੱਦਦ ਦਾ ਵਿਰੋਧ ਕਰਨ ਲਈ ਸਿੱਖ ਸੰਗਤਾਂ ਨੂੰ ਹੋਕਾ ਦਿੱਤਾ।
ਏਕ ਨੂਰ ਖਾਲਸਾ ਫੌਜ ਦੇ ਮੁਖੀ ਭਾਈ ਬਲਜਿੰਦਰ ਸਿੰਘ ਖਾਲਸਾ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿਆਸੀ ਮੁਫਾਦਾਂ ਕਾਰਨ ਕਾਨੂੰਨ ਦੀ ਦੁਰਵਰਤੋਂ ਕਰਕੇ ਭਾਈ ਦਲਜੀਤ ਸਿੰਘ, ਚੇਅਰਮੈਨ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ), ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਤੇ ਨੌਜਵਾਨ ਸਿੱਖ ਆਗੂ ਭਾਈ ਮਨਧੀਰ ਸਿੰਘ ਅਤੇ ਹੋਰਨਾਂ ਸਿੱਖ ਆਗੂਆਂ ਤੇ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਨਜ਼ਰਬੰਦ ਕੀਤਾ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਇਸ ਕਾਰਵਾਈ ਦੀ ਨਿਖੇਧੀ ਕਰਦਿਆਂ ਝੂਠੇ ਕੇਸਾਂ ਤਹਿਤ ਨਜ਼ਰਬੰਦ ਕੀਤੇ ਗਏ ਸਿੱਖ ਆਗੂਆਂ ਤੇ ਨੌਜਵਾਨਾਂ ਦੀ ਰਿਹਾਈ ਦਾ ਮੁੱਦਾ ਜ਼ੋਰਦਾਰ ਤਰੀਕੇ ਨਾਲ ਉਠਾਇਆ।
ਇਸ ਮੌਕੇ ਪ੍ਰਵਾਣ ਕੀਤੇ ਗਏ ਇਕ ਅਹਿਮ ਮਤੇ ਵਿਚ ਕਿਹਾ ਗਿਆ ਹੈ ਕਿ ਭਾਰਤ ਅੰਦਰ ਸਿੱਖ ਕੌਮ ਨੂੰ ਹਕੂਮਤੀ ਜ਼ਬਰ ਦਾ ਮਿੱਥ ਕੇ ਨਿਸ਼ਾਨਾ ਬਣਾਇਆ ਗਿਆ ਹੈ। ਜੂਨ ਤੇ ਨਵੰਬਰ 1984 ਦੇ ਘੱਲੂਘਾਰੇ ਤੇ ਇਸ ਤੋਂ ਬਾਅਦ ਤਕਰੀਬਨ ਦਹਾਕਾ ਭਰ ਸਿੱਖਾਂ ਉੱਪਰ ਸਰਕਾਰੀ ਫੌਜੀ, ਨੀਮ ਫੌਜੀ ਤੇ ਪੁਲਿਸ ਫੋਰਸਾਂ ਵੱਲੋਂ ਕੀਤੇ ਜੁਲਮ; ਜਿਸ ਵਿਚ ਸਿੱਖਾਂ ਨੂੰ ਝੂਠੇ ਮੁਕਾਬਲਿਆਂ, ਜ਼ਬਰੀ ਲਾਪਤਾ ਕਰਕੇ, ਗੈਰਕਾਨੂੰਨੀ ਹਿਰਾਸਤਾਂ ਤੇ ਤਸ਼ੱਦਦ ਰਾਹੀਂ ਖਤਮ ਕੀਤਾ ਗਿਆ। ਇਹ ਸਿੱਖਾਂ ਦੀ ਨਸਲਕੁਸ਼ੀ ਕਰਨ ਦੀ ਯੋਜਨਾਬੱਧ ਕਾਰਵਾਈ ਹੈ। ਭਾਈ ਸੋਹਣਜੀਤ ਸਿੰਘ ਸੁਰਸਿੰਘ ਦਾ ਪੁਲਿਸ ਤਸ਼ੱਦਦ ਦੌਰਾਨ ਕੀਤਾ ਗਿਆ ਕਤਲ ਤੇ ਅਨੇਕਾਂ ਸਿੱਖ ਨੌਜਵਾਨਾਂ ਉੱਤੇ ਪੁਲਿਸ ਹਿਰਾਸਤ ਵਿਚ ਕੀਤਾ ਜਾਂਦਾ ਤਸ਼ੱਦਦ ਇਸ ਗੱਲ ਦਾ ਸਬੂਤ ਹੈ ਕਿ ਅੱਜ ਵੀ ਸਿੱਖਾਂ ਨੂੰ ਸਰਕਾਰੀ ਜਬਰ ਦਾ ਅੰਨੇਵਾਹ ਸ਼ਿਕਾਰ ਬਣਾਇਆ ਜਾ ਰਿਹਾ ਹੈ, ਭਾਵੇਂ ਕਿ ਕੌਮਾਂਤਰੀ ਕਾਨੂੰਨ ਇਸ ਦੀ ਸਖਤ ਮਨਾਹੀ ਕਰਦਾ ਹੈ ਤੇ ਇਸ ਨੂੰ ਕੌਮਾਂਤਰੀ ਜੁਰਮ ਕਰਾਰ ਦਿੰਦਾ ਹੈ। ਇਕੱਠ ਨੇ “ਸਿੱਖਸ ਫਾਰ ਜਸਟਿਸ” ਵੱਲੋਂ ਸਿੱਖ ਨਸਲਕੁਸ਼ੀ ਨੂੰ ਕੌਮਾਂਤਰੀ ਮਾਨਤਾ ਦਿਵਾਉਣ ਤੇ ਦੋਸ਼ੀਆਂ ਖਿਲਾਫ ਕੌਮਾਂਤਰੀ ਕਾਰਵਾਈ ਕਰਨ ਦੀਆਂ ਕੋਸ਼ਿਸ਼ਾਂ ਦੀ ਹਮਾਇਤ ਕਰਦਿਆਂ ਸਮੂਹ ਸੁਹਿਰਦ ਧਿਰਾਂ ਨੂੰ ਇਸ ਸੰਬੰਧੀ ਆਪਸੀ ਤਾਲਮੇਲ ਤੇ ਸਹਿਯੋਗ ਵਧਾਉਣ ਦਾ ਹੋਕਾ ਦਿੱਤਾ ਹੈ।
ਜੇਲ੍ਹਾਂ ਵਿਚ ਨਜ਼ਰਬੰਦ ਸਿੱਖਾਂ ਸੰਬੰਧੀ ਪ੍ਰਵਾਣ ਕੀਤੇ ਗਏ ਇਕ ਹੋਰ ਮਤੇ ਵਿਚ ਕਿਹਾ ਗਿਆ ਹੈ ਕਿ “ਭਾਰਤ ਸਰਕਾਰ ਦੀ ਸੰਘਰਸ਼ਸ਼ੀਲ ਸਿੱਖ ਨੌਜਵਾਨਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿਚ ਬੰਦ ਰੱਖਣ ਦੀ ਕਾਰਵਾਈ ਇਨ੍ਹਾਂ ਨੌਜਵਾਨਾਂ ਨੂੰ ਮਾਨਸਿਕ ਤੌਰ ਉੱਤੇ ਤਸੀਹੇ ਦੇਣ ਦੀ ਹੀ ਕਾਰਵਾਈ ਹੈ। ਸੰਨ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹਾਂ ਵਿਚ ਨਜ਼ਰਬੰਦ ਤੇ ਤਕਰੀਬਨ ਦਹਾਕਾ ਭਰ ਤੋਂ ਫਾਂਸੀ ਦੀ ਸਜ਼ਾ ਸੁਣਾਏ ਜਾਣ ਕਾਰਨ ਫਾਂਸੀ ਵਾਲੀ ਚੱਕੀ ਵਿਚ ਨਜ਼ਰਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ (ਵਾਸੀ ਪਿੰਡ ਦਿਆਲਪੁਰਾ ਭਾਈਕਾ, ਜਿਲ੍ਹਾ ਬਠਿੰਡਾ) ਦੀ ਵਿਗੜ ਰਹੀ ਸਿਹਤ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਾ ਹੋਇਆ ਅੱਜ ਦਾ ਇਹ ਇਕੱਠ ਸਮੂਹ ਨਜ਼ਰਬੰਦਾਂ ਦੀ ਸਿਹਤ ਦੀ ਕਾਇਮੀ ਲਈ ਅਕਾਲ ਪੁਰਖ ਪਾਸ ਅਰਦਾਸ ਕਰਦਾ ਹੈ”।
ਇਸ ਮੌਕੇ ਉੱਤੇ ਪੰਚ ਪ੍ਰਧਾਨੀ ਦੇ ਕੌਮੀ ਜਥੇਬੰਦਕ ਸਕੱਤਰ ਭਾਈ ਦਰਸ਼ਨ ਸਿੰਘ ਜਗ੍ਹਾਰਾਮ ਤੀਰਥ, ਜਸਵੀਰ ਸਿੰਘ ਖੰਡੂਰ, ਸੰਤੋਖ ਸਿੰਘ ਸਲਾਣਾ, ਦਲਜੀਤ ਸਿੰਘ ਨਵਾਂਸ਼ਹਿਰ, ਗੁਰਮੀਤ ਸਿੰਘ ਸਮਾਣਾ, ਹਰਪ੍ਰੀਤ ਸਿੰਘ ਡਡਹੇੜੀ, ਦਲਜੀਤ ਸਿੰਘ ਡਾਂਗੋ, ਮਾਤਾ ਗੁਜਰੀ ਸਹਾਰਾ ਟ੍ਰਸਟ ਤੋਂ ਬੀਬੀ ਸੋਹਣਜੀਤ ਕੌਰ ਤੇ ਲੁਧਿਆਣਾ ਤੋਂ ਭਾਈ ਸੂਰਤ ਸਿੰਘ ਖਾਲਸਾ ਸਮਤੇ ਵੱਡੀ ਗਿਣਤੀ ਵਿਚ ਸਿੱਖ ਆਗੂ ਤੇ ਸਖਸ਼ੀਅਤਾਂ ਹਾਜ਼ਰ ਸਨ।
Related Topics: Akali Dal Panch Pardhani, Damdama Sahib, Khalistan, Sikh organisations