ਸਿਆਸੀ ਖਬਰਾਂ » ਸਿੱਖ ਖਬਰਾਂ

‘ਸਰਬੱਤ ਖ਼ਾਲਸਾ’ ਤੋਂ ਸੂਬੇ ਦੀ ਅਮਨ ਸ਼ਾਂਤੀ ਨੂੰ ਕੋਈ ਖਤਰਾ ਨਹੀਂ : ਸਿੱਖ ਯੂਥ ਫ਼ੈਡਰੇਸ਼ਨ (ਭਿੰਡਰਾਂਵਾਲਾ)

November 9, 2016 | By

ਤਰਨਤਾਰਨ: ਪਿਛਲੇ ਸਾਲ ਪਿੰਡ ਚੱਬਾ ਵਿਖੇ ਹੋਏ ਪੰਥਕ ਇਕੱਠ ਵਿਚ ਥਾਪੇ ਗਏ ਕਾਰਜਕਾਰੀ ਜਥੇਦਾਰਾਂ ਵਲੋਂ ਇਸ ਸਾਲ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ‘ਸਰਬੱਤ ਖ਼ਾਲਸਾ’ ਸੱਦਿਅਾ ਗਿਆ ਸੀ, ਇਸ ਨੂੰ ਅਸਫ਼ਲ ਬਣਾੳੁਣ ਵਾਸਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਹੁਕਮਾਂ ਤਹਿਤ ਪੁਲਿਸ ਨੇ 1500 ਤੋਂ ਵੱਧ ਸਿੰਘਾਂ ਨੂੰ ਘਰਾਂ ‘ਚੋਂ ਤੜਕਸਾਰ ਛਾਪੇਮਾਰੀ ਕਰਕੇ ਗ੍ਰਿਫਤਾਰ ਕਰ ਲਿਆ ਹੈ।

ਸਿੱਖ ਯੂਥ ਫੈਡਰੇਸ਼ਨ (ਭਿੰਡਰਾਂਵਾਲਾ) ਦੇ ਆਗੂ ਅਤੇ ਕਾਰਜਕਰਤਾ

ਸਿੱਖ ਯੂਥ ਫੈਡਰੇਸ਼ਨ (ਭਿੰਡਰਾਂਵਾਲਾ) ਦੇ ਆਗੂ ਅਤੇ ਕਾਰਜਕਰਤਾ

ਇਕ ਲਿਖਤੀ ਬਿਆਨ ਜਾਰੀ ਕਰਕੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਸਾਬੋ ਕੀ ਤਲਵੰਡੀ ਵਿਖੇ 10 ਨਵੰਬਰ ਨੂੰ ਹੋਣ ਜਾ ਰਹੇ ‘ਸਰਬੱਤ ਖ਼ਾਲਸਾ’ ‘ਤੇ ਲਾਈ ਗਈ ਪਾਬੰਦੀ ਅਤੇ ਪੰਜਾਬ ਭਰ ਵਿਚ ਸਿੱਖ ਆਗੂਆਂ ਅਤੇ ‘ਸਰਬੱਤ ਖ਼ਾਲਸਾ’ ਦੇ ਪ੍ਰਬੰਧਕਾਂ, ਸਹਿਯੋਗੀਆਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਪੁਲਿਸ ਵਲੋਂ ਦਹਿਸ਼ਤ ਦਾ ਮਾਹੌਲ ਸਿਰਜੇ ਜਾਣ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਹਨਾਂ ਕਿਹਾ ਕਿ ਬਾਦਲ ਸਰਕਾਰ ਨੇ ਪਹਿਲਾਂ ਤਖ਼ਤਾਂ ਦੇ ਮਾਣ ਸਤਿਕਾਰ ਅਤੇ ਮਰਿਯਾਦਾ ਨੂੰ ਢਾਹ ਲਾਈ, ਹੁਕਮਨਾਮਿਆਂ ਦੀ ਪ੍ਰੰਪਰਾ ਦਾ ਘਾਣ ਕੀਤਾ ਅਤੇ ਹੁਣ ‘ਸਰਬੱਤ ਖ਼ਾਲਸਾ’ ਨੂੰ ਵੀ ਇਕ ਹਊਆ ਬਣਾ ਰਹੀ ਹੈ।

ਭਾਈ ਗੋਪਾਲਾ ਨੇ ਕਿਹਾ ਕਿ ਪੰਜਾਬ ਅੰਦਰ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹੀ ਕਿਉਂਕਿ ਪੁਲਿਸ ਪ੍ਰਸ਼ਾਸਨ ਵਲੋਂ ਸਰਕਾਰ ਦੀਆਂ ਗੈਰ-ਕਾਨੂੰਨੀ ਹਦਾਇਤਾਂ ਨੂੰ ਲਾਗੂ ਕਰਨਾ ਆਪਣੇ ਆਪ ਵਿਚ ਕਾਨੂੰਨ ਦਾ ਘਾਣ ਕਰਨਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਕੌਮੀ ਹੱਕਾਂ ਦੀ ਗੱਲ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਕੇ ਦੇਸ਼ ਧ੍ਰੋਹ ਜਿਹੇ ਕੇਸ ਬਣਾ ਕੇ ਜੇਲ੍ਹਾਂ ‘ਚ ਡੱਕਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਵਾਲੇ ਅਤੇ ਬੇਅਦਬੀਅਾਂ ਕਰਨ ਵਾਲੇ ਦੁਸ਼ਟਾਂ ਨੂੰ ਤਾਂ ਅਜੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਪਰ ਬੇਕਸੂਰ ਅਤੇ ਬੇਦੋਸ਼ੇ ਸਿੰਘਾਂ ਦੇ ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਫ਼ੈਡਰੇਸ਼ਨ ਆਗੂਆਂ ਨੇ ਕਿਹਾ ਕਿ ਸਰਬੱਤ ਖ਼ਾਲਸਾ ਤੋਂ ਸੂਬੇ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਕੋਈ ਖਤਰਾ ਨਹੀਂ ਹੈ। ਉਹਨਾਂ ਕਿਹਾ ਕਿ ਪਿਛਲਾ ਸਰਬੱਤ ਖ਼ਾਲਸਾ ਸਮਾਗਮ ਵੀ ਸ਼ਾਂਤੀਪੂਰਵਕ ਰਿਹਾ ਸੀ ਪਰ ਸਰਕਾਰ ਸਿੱਖ ਕੌਮ ਨਾਲ ਧੱਕੇਸ਼ਾਹੀ ਕਰ ਰਹੀ ਹੈ। ਇਸ ਮੌਕੇ ਜਨਰਲ ਸਕੱਤਰ ਭਾਈ ਮੇਜਰ ਸਿੰਘ ਕੰਗ ਅਤੇ ਜ਼ਿਲ੍ਹਾ ਪ੍ਰਧਾਨ ਭਾਈ ਸਿਮਰਨਜੀਤ ਸਿੰਘ, ਭਾਈ ਹਰਪ੍ਰੀਤ ਸਿੰਘ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,