ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਪੰਜਾਬ ਨੂੰ ਉਤਪਾਦ ਵਾਂਗ ਪੇਸ਼ ਕਰ ਰਹੇ ਨੇ ਕੇਜਰੀਵਾਲ: ਸਵਰਾਜ ਪਾਰਟੀ

July 2, 2016 | By

ਚੰਡੀਗੜ੍ਹ: ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਮੁਖੀ ਅਰਵਿੰਦ ਕੇਜਰੀਵਾਲ ਪਾਰਟੀ ਨੂੰ ਪੰਜਾਬ ਵਿੱਚ ਇੱਕ ਉਤਪਾਦ ਵਾਂਗ ਪੇਸ਼ ਕਰ ਰਹੇ ਹਨ।

ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਆਪਣਾ ਸਮਾਜਿਕ, ਆਰਥਿਕ ਤੇ ਰਾਜਨੀਤਕ ਪ੍ਰੋਗਰਾਮ ਪੇਸ਼ ਕਰਦੇ ਹੋਏ

ਸਵਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਪ੍ਰੋ. ਮਨਜੀਤ ਸਿੰਘ ਆਪਣਾ ਸਮਾਜਿਕ, ਆਰਥਿਕ ਤੇ ਰਾਜਨੀਤਕ ਪ੍ਰੋਗਰਾਮ ਪੇਸ਼ ਕਰਦੇ ਹੋਏ

ਪ੍ਰੋ. ਮਨਜੀਤ ਸਿੰਘ ਨੇ ਅੱਜ ਇੱਥੇ ਜਨਰਲ ਸਕੱਤਰ ਹਰਬੰਸ ਸਿੰਘ ਢੋਲੇਵਾਲ ਸਮੇਤ ਆਪਣੀ ਪਾਰਟੀ ਦਾ ਸਮਾਜਿਕ, ਆਰਥਿਕ ਅਤੇ ਰਾਜਨੀਤਕ ਪ੍ਰੋਗਰਾਮ ਪੇਸ਼ ਕਰਦਿਆਂ ਕਿਹਾ ਕਿ ਕੇਜਰੀਵਾਲ ਖੁਦ ਵੱਲੋਂ ਪੰਜਾਬ ਦੇ ਮਾਹੌਲ ਦਾ ਲਾਭ ਉਠਾਉਣ ਲਈ ਦਿੱਲੀ ਤੋਂ ਭੇਜੇ ਤਨਖਾਹੀਆ ਮੈਨੇਜਰਾਂ ਰਾਹੀਂ ਸੂਬੇ ਦੀ ਸਿਆਸਤ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਅਕਾਲੀਆਂ ਅਤੇ ਕਾਂਗਰਸੀਆਂ ਤੋਂ ਵੀ ਵੱਧ ਵਪਾਰਕ ਢੰਗ ਨਾਲ ਸਿਆਸਤ ਕਰ ਰਹੀ ਹੈ। ਇਥੋਂ ਤੱਕ ਕਿ ਅੱਜ ਤੱਕ ਪੰਜਾਬ ਇਕਾਈ ਦੀ ਕਾਰਜਕਾਰਨੀ ਜਾਂ ਬਾਡੀ ਦਾ ਹੀ ਗਠਨ ਨਹੀਂ ਕੀਤਾ ਗਿਆ ਅਤੇ ਦਿੱਲੀ ਤੋਂ ਇੱਥੇ ਸੂਬਾ ਅਤੇ ਜ਼ਿਲ੍ਹਾ ਆਦਿ ਪੱਧਰਾਂ ’ਤੇ ਡੇਰਾ ਜਮਾਈ ਬੈਠੇ ‘ਮੈਨੇਜਰ’ ਸਾਰੀ ਸਿਆਸਤ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਯੋਗੇਂਦਰ ਯਾਦਵ ਦਾ ਸਵਰਾਜ ਅਭਿਆਨ ਹੁਣ ਉਨ੍ਹਾਂ ਦਾ ਹਾਈਕਮਾਂਡ ਨਹੀਂ ਰਿਹਾ ਅਤੇ ਉਹ ਆਪਣੇ ਪੱਧਰ ’ਤੇ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਦਸਤਕ ਦੇਣਗੇ। ਦੱਸਣਯੋਗ ਹੈ ਕਿ ਪ੍ਰੋ. ਮਨਜੀਤ ਸਿੰਘ ਨੇ ਸਵਰਾਜ ਅਭਿਆਨ ਦੀ ਲੀਡਰਸ਼ਿਪ ਦੀ ਸਹਿਮਤੀ ਤੋਂ ਬਿਨਾਂ ਹੀ 29 ਮਈ ਨੂੰ ਸਵਰਾਜ ਪਾਰਟੀ ਬਣਾ ਕੇ ਪੰਜਾਬ ਚੋਣਾਂ ਵਿੱਚ ਨਿੱਤਰਨ ਦਾ ਐਲਾਨ ਕੀਤਾ ਸੀ।

ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਉਹ ਚੋਣਾਂ ਵਿੱਚ ਸੰਜੀਦਗੀ ਨਾਲ ਸਰਗਰਮੀ ਦਿਖਾਉਣਗੇ ਅਤੇ ਜ਼ਿੰਦਗੀ ਜਿਉਣ ਦੇ ਵਸੀਲਿਆਂ ਤੋਂ ਵਾਂਝੇ ਪਏ ਪੰਜਾਬੀਆਂ ਨੂੰ ਰਾਜਸੀ ਅਤੇ ਆਰਥਿਕ ਤੌਰ ’ਤੇ ਮਜ਼ਬੂਤ ਕਰਨ ਲਈ ਸੇਧ ਦੇਣਗੇ। ਪਾਰਟੀ ਵੱਲੋਂ ਲੜੀਆਂ ਜਾਣ ਵਾਲੀਆਂ ਸੀਟਾਂ ਦਾ ਫੈਸਲਾ ਚੋਣਾਂ ਦੇ ਨੇੜੇ ਹੀ ਕੀਤਾ ਜਾਵੇਗਾ। ਸਵਰਾਜ ਪਾਰਟੀ ਦੀ ਵਿਚਾਰਧਾਰਾ ਅਤੇ ਰਾਜਨੀਤੀ ਬਾਬਤ 20 ਹਜ਼ਾਰ ਪਰਚੇ ਛਾਪ ਕੇ ਪੰਜਾਬ ਵਿੱਚ ਵੰਡੇ ਜਾ ਰਹੇ ਹਨ। ਉਨ੍ਹਾਂ ਨੇ ਚੋਣਾਂ ਦੌਰਾਨ ਮੁੱਖ ਤੌਰ ’ਤੇ ਛੇ ਨੁਕਤਿਆਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਸ ਵਿੱਚੋਂ ਪ੍ਰਮੁੱਖ ਸਿੱਖਿਆ, ਸਿਹਤ ਸਹੂਲਤਾਂ, ਕਰਜ਼ਾਮੁਕਤੀ, ਰੁਜ਼ਗਾਰ, ਭ੍ਰਿਸ਼ਟਾਚਾਰ ਅਤੇ ਨਸ਼ਾ ਮੁਕਤੀ ਹਨ। ਉਨ੍ਹਾਂ ਦੱਸਿਆ ਕਿ ਪਾਰਟੀ ਨੂੰ ਰਜਿਸਟਰ ਕਰਵਾਉਣ ਲਈ ਭਾਰਤ ਦੇ ਚੋਣ ਕਮਿਸ਼ਨ ਕੋਲ ਪਹੁੰਚ ਕਰ ਲਈ ਹੈ ਅਤੇ ਕਮਿਸ਼ਨ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਪਾਰਟੀ ਦੀਆਂ ਸਰਗਰਮੀਆਂ ਨੂੰ ਸਿਖਰ ਦੇ ਦਿੱਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,