ਸਿੱਖ ਖਬਰਾਂ

ਪੰਜਾਬ ਭਰ ਵਿੱਚ ਚੱਲ ਰਹੇ ਰੋਸ ਧਰਨੇ  ਸ਼ਹੀਦਾਂ ਦੀ ਅੰਤਮ ਅਰਦਾਸ (25 ਅਕਤੂਬਰ) ਤੱਕ ਜਾਰੀ ਰਹਿਣਗੇ: ਮਾਨ

October 21, 2015 | By

ਬਠਿੰਡਾ ( 21 ਅਕਤੂਬਰ, 2015): ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਹੋਈ ਬੇਅਦਬੀ ਅਤੇ ਸ਼ਾਂਤਮਈ ਢੰਗ ਨਾਲ ਰੋਸ ਧਰਨੇ ਦੇ ਰਹੀਆਂ ਸੰਗਤਾਂ ‘ਤੇ ਪੰਜਾਬ ਪੁਲਿਸ ਵੱਲੋਂ ਗੋਲੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਦੇ ਰੋਸ ਵਜੋਂ ਪੰਜਾਬ ਭਰ ਵਿੱਚ ਚੱਲ ਰਹੇ ਰੋਸ ਧਰਨੇ  ਸ਼ਹੀਦਾਂ ਦੀ ਅੰਤਮ ਅਰਦਾਸ (25 ਅਕਤੂਬਰ) ਤੱਕ ਪਹਿਲਾਂ ਦੀ ਤਰਾਂ ਜਾਰੀ ਰਹਿਣਗੇ ਅਤੇ ਸ਼ਹੀਦਾਂ ਦੀ ਅੰਤਮ ਅਰਦਾਸ ਸਮੇਂ ਅਗਲਾ ਪ੍ਰੋਗਰਾਨ ਤੈਅ ਕੀਤਾ ਜਾਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੀਟਿੰਗ ਵਿੱਚ ਪਾਰਟੀ ਪ੍ਰਧਾਨ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕੀਤਾ।

ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰ. ਸਿਮਰਨਜੀਤ ਸਿੰਘ ਮਾਨ

ਬਠਿੰਡਾ ਵਿੱਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸ੍ਰ. ਸਿਮਰਨਜੀਤ ਸਿੰਘ ਮਾਨ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਪਿੰਡ ਬਰਗਾੜੀ ਦੀ ਘਟਨਾ ਸਬੰਧੀ ਗ੍ਰਿਫਤਾਰ ਕੀਤੇ ਸਕੇ ਭਰਾਵਾਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ  ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਉਕਤ ਦੋਵੇਂ ਭਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਉਨ੍ਹਾਂ ਨੂੰ ਦੋਸ਼ੀ ਮੰਨਦੀ ਹੈ ਤਾਂ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਅੰਗ ਖੰਡਤ ਹੋਏ ਹਨ, ਉਹ ਪੁਲਿਸ ਉਨ੍ਹਾਂ ਕੋਲੋ ਬਰਾਮਦ ਕਰੇ ਅਤੇ ਜੋ ਪਾਵਨ ਅੰਗ ਬਰਗਾੜੀ ਦੀਆਂ ਗਲੀਆਂ ਵਿੱਚੋਂ ਮਿਲੇ ਹਨ, ਉਨ੍ਹਾਂ ਨਾਲ ਉਸ ਸਰੂਪ ਦੇ ਅੰਗ ਦੇ ਮਿਲਾਣ ਲਈ ਫੋਰੈਂਸਿਕ ਜਾਂਚ ਕਰਵਾਏ।

ਪੰਜਾਬ ਦੇ ਚਾਰ ਜਿਲਿਆਂ  ਵਿੱਚ ਬੀਐੱਸਐੱਫ ਦੀ ਕੀਤੀ ਤਾਇਨਾਤੀ ‘ਤੇ ਟਿੱਪਣੀ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਪੰਜਾਬ ਵਿੱਚ ਬੀਅੱੈਸਐੱਫ ਭਾਰਤ ਦੀ ਕੇਂਦਰੀ ਹਕੂਮਤ ਨੇ ਲਾਈ ਹੈ।ਉਨ੍ਹਾਂ ਭਾਰਤ ਸਰਕਾਰ ਦੀ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਦੀਨੇ ਨਗਰ ਥਾਣੇ ‘ਤੇ ਹਥਿਆਰਬੰਦ ਹਮਲਾਵਰਾਂ ਦੇ ਕੀਤੇ ਹਮਲੇ ਦਾ ਮੁਕਾਬਲਾ ਪੰਜਾਬ ਪੁਲਿਸ ਨੇ ਹੀ ਕੀਤਾ ਸੀ, ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਰੁੱਧ ਰੋਸ ਪ੍ਰਗਟਾ ਰਹੇ ਸਿੱਖਾਂ ‘ਤੇ ਕੇਂਦਰ ਵੱਲੋਂ ਪੰਜਾਬ ਵਿੱਚ ਬੀਐੱਸਐੱਫ ਲਾ ਦਿੱਤੀ ਗਈ।

ਸਿੱਖ ਸਿਆਸਤ ਨਾਲ ਫੋਨ ‘ਤੇ ਗੱਲ ਕਰਦਿਆਂ ਅਕਾਲੀ ਦਲ ਮਾਨ ਦੇ ਆਗੂ ਜਸਕਰਨ ਸਿੰਘ ਕਾਨਸਿੰਘ ਵਾਲਾ ਨੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਦੇ ਰੋਸ ਧਰਨੇ ਦੀ ਅਗਵਾਈ ਕਰ ਰਹੇ ਸਿੱਖ ਪ੍ਰਚਾਰਕ ਭਾਈ ਪੰਥਪ੍ਰੀਤ ਸਿੰਘ ‘ਤੇ ਇਲਜ਼ਾਮ ਲਾਉਦਿਆਂ ਕਿਹਾ ਕਿ “ਭਾਈ ਪੰਥਪ੍ਰੀਤ ਸਿੰਘ ਦੱਸੇ ਕਿ ਉਨ੍ਹਾਂ ‘ਤੇ ਦਰਜ਼ ਹੋਇਆ 307 ਦਾ ਮੁਕੱਦਮਾ ਕਿਵੇਂ ਰੱਦ ਹੋਇਆ ? ਭਾਈ ਪੰਥਪ੍ਰੀਤ ਸਿੰਘ ਦੀ ਆਈਜੀ ਪੁਲਿਸ ਪਰਮਰਾਜ ਸਿੰਘ ਉਮਰਾਨੰਗਲ ਨਾਲ ਮੀਟਿੰਗ ਹੋਣ ਤੋਂ ਬਾਅਦ ਭਾਈ ਪੰਥਪ੍ਰੀਤ ਸਿੰਘ ਨੇ ਸਿੱਖ ਸੰਗਤ ਵੱਲੋਂ ਦਿੱਤੇ ਜਾ ਰਹੇ ਧਰਨੇ ਬੰਦ ਕਰਵਾਉਣੇ ਸ਼ੁਰੂ ਕਰ ਦਿੱਤੇ। ਸਰਕਾਰ ਵੀ ਧਰਨੇ ਬੰਦ ਕਰਵਾਉਣਾ ਚਾਹੁੰਦੀ ਹੈ ਅਤੇ ਭਾਈ ਪੰਥਪ੍ਰੀਤ ਸਿੰਘ ਵੀ”।

ਇਸ ਸਮੇਂ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸ਼ੀਹਾਂ, ਅਮਰਜੀਤ ਸਿੰਘ, ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਅਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਨੁਮਾਂਇਦਾ ਵੀ ਹਾਜ਼ਰ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,