ਆਮ ਖਬਰਾਂ » ਵਿਦੇਸ਼

ਸੰਗਰੂਰ ਦੇ ਇਕ ਸਕੂਲ ਦੀ ਮੁਰੰਮਤ ਸਿੰਗਾਪੁਰ ਤੋਂ ਆਏ 20 ਨੌਜਵਾਨ ਕਰਨਗੇ

December 4, 2017 | By

ਸਿੰਗਾਪੁਰ: ਸਿੰਗਾਪੁਰ ਦੇ 20 ਨੌਜਵਾਨ ਪੰਜਾਬ ਦੇ ਇਕ ਪਿੰਡ ਵਿੱਚ ਸਕੂਲ ਦੀ ਮੁਰੰਮਤ ਕਰਨਗੇ। ਉਹ ਇਥੇ ਤਿੰਨ ਹਫ਼ਤਿਆਂ ਦੀ ਛੁੱਟੀ ਬਿਤਾਉਣਗੇ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਇਨ੍ਹਾਂ ਨੌਜਵਾਨਾਂ ਦੀ ਉਮਰ 18-21 ਸਾਲ ਵਿਚਾਲੇ ਹੈ। ਇਹ ਨੌਜਵਾਨ ਸੰਗਰੂਰ ਜ਼ਿਲ੍ਹੇ ਦੇ ਪਿੰਡ ਰੱਤੋਕੇ ਦੇ ਲੋਕਾਂ ਨਾਲ ਰਹਿਣਗੇ ਅਤੇ ਨੌਂ ਦਸੰਬਰ ਤੋਂ ਸਕੂਲ ਦੀ ਮੁਰੰਮਤ ਦੇ ਨਾਲ-ਨਾਲ ਰੰਗ ਰੋਗਨ ਦਾ ਕੰਮ ਕਰਨਗੇ।

ਯੰਗ ਸਿੱਖ ਐਸੋਸੀਏਸ਼ਨ ਦੇ ਨਿਸ਼ਕਾਮ ਨੌਜਵਾਨ ਸਕੂਲ ਦੇ ਰੰਗ ਰੋਗਨ ਦਾ ਕੰਮ ਕਰਦੇ ਹੋਏ (ਫਾਈਲ ਫੋਟੋ: ਯੰਗ ਸਿੱਖ ਐਸੋਸੀਏਸ਼ਨ, ਸਿੰਗਾਪੁਰ)

ਯੰਗ ਸਿੱਖ ਐਸੋਸੀਏਸ਼ਨ ਦੇ ਨਿਸ਼ਕਾਮ ਨੌਜਵਾਨ ਸਕੂਲ ਦੇ ਰੰਗ ਰੋਗਨ ਦਾ ਕੰਮ ਕਰਦੇ ਹੋਏ (ਫਾਈਲ ਫੋਟੋ: ਯੰਗ ਸਿੱਖ ਐਸੋਸੀਏਸ਼ਨ, ਸਿੰਗਾਪੁਰ)

ਸੰਡੇ ਟਾਈਮਜ਼ ਦੀ ਰਿਪੋਰਟ ਅਨੁਸਾਰ ਇਹ ਪ੍ਰੋਗਰਾਮ ‘ਖਾਹਿਸ਼’ ਪ੍ਰਾਜੈਕਟ ਤਹਿਤ ਕੀਤਾ ਜਾ ਰਿਹਾ ਹੈ ਜੋ ਯੰਗ ਸਿੱਖ ਐਸੋਸੀਏਸ਼ਨ (ਵਾਈਐਸਏ) ਦੀ ਪਹਿਲ ਹੈ। ਇਸ ਸੰਸਥਾ ਦੀ ਨੀਂਹ 2003 ਵਿੱਚ ਸਿੰਗਾਪੁਰ ਦੇ ਸਤਵੰਤ ਸਿੰਘ ਨੇ ਰੱਖੀ ਸੀ। ਸਤਵੰਤ ਸਿੰਘ ਨੇ ਦੱਸਿਆ ਕਿ ਇਹ ਨੌਜਵਾਨ ਇਸ ਦੌਰਾਨ ਇਥੇ ਇਕ ਲਾਇਬਰੇਰੀ ਦੀ ਉਸਾਰੀ ਵੀ ਕਰਨਗੇ ਅਤੇ ਉਸ ਵਿੱਚ 3000 ਕਿਤਾਬਾਂ ਰੱਖਣਗੇ। ਸਾਫ਼ ਪਾਣੀ ਲਈ ਸਕੂਲ ਵਿੱਚ ਫਿਲਟਰ ਮਸ਼ੀਨ ਲਾਉਣ ਦੇ ਨਾਲ-ਨਾਲ ਪਖਾਨਿਆਂ ਦੀ ਵੀ ਮੁਰੰਮਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ ਇਸ ਦੌਰਾਨ ਪਿੰਡ ਦੇ ਗਰੀਬ ਬੱਚਿਆਂ ਨੂੰ ਸਟੇਸ਼ਨਰੀ ਅਤੇ ਕੱਪੜਿਆਂ ਦੇ ਨਾਲ ਹੋਰ ਲੋੜੀਂਦੀਆਂ ਚੀਜ਼ਾਂ ਵੀ ਵੰਡਣਗੇ।

ਯੰਗ ਸਿੱਖ ਐਸੋਸੀਏਸ਼ਨ ਦੇ ਮੋਢੀ ਮੈਂਬਰ ਸਤਵੰਤ ਸਿੰਘ

ਯੰਗ ਸਿੱਖ ਐਸੋਸੀਏਸ਼ਨ ਦੇ ਮੋਢੀ ਮੈਂਬਰ ਸਤਵੰਤ ਸਿੰਘ

ਸਤਵੰਤ ਸਿੰਘ ਜੋ ਪੇਸ਼ੇ ਵਜੋਂ ਵਕੀਲ ਹਨ ਨੇ ਦੱਸਿਆ ਕਿ ਉਹ ਬੀਤੇ 14 ਸਾਲਾਂ ਤੋਂ ਇਹ ਸੇਵਾ ਦਸੰਬਰ ਮਹੀਨੇ ਵਿੱਚ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਰੱਤੋਕੇ ਸਕੂਲ 17ਵਾਂ ਸਕੂਲ ਹੈ ਜਿਸ ਦੀ ਮੁਰੰਮਤ ਸਵੈ-ਇੱਛਾ ਨਾਲ ਨੌਜਵਾਨਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਲਈ ਫੰਡ ਦਾ ਕੁਝ ਹਿੱਸਾ ਸਿੰਗਾਪੁਰ ਦੀ ਨੈਸ਼ਨਲ ਯੂਥ ਕੌਂਸਲ ਵੱਲੋਂ ਮੁਹੱਈਆ ਕਰਾਇਆ ਜਾਂਦਾ ਹੈ, ਜਦੋਂ ਕਿ ਬਾਕੀ ਹਿੱਸਾ ਸਤਵੰਤ ਸਿੰਘ ਅਤੇ ਨਿਸ਼ਕਾਮ ਸੇਵਾ ਨਿਭਾਉਣ ਵਾਲੇ ਨੌਜਵਾਨਾਂ ਵੱਲੋਂ ਇਕੱਠਾ ਕੀਤਾ ਜਾਂਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,