September 3, 2015 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (3 ਸਤੰਬਰ , 2015): ਦਿੱਲੀ ਸਿੱਖ ਕਤਲੇਆਮ ਦੇ ਪੀੜਤਾਂ ਲਈ ਪੰਜਾਬ ਸਰਕਾਰ ਵੱਲੋਂ ਐਲਾਨੇ ਫੈਸਲੇ ਲਾਗੂ ਕਰਵਾਉਣ ਲਈ 1984 ਸਿੱਖ ਕਤਲੇਆਮ ਪੀੜ੍ਹਤ ਵੈਲਫੇਅਰ ਸੁਸਾਇਟੀ 10 ਸਤੰਬਰ ਤੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫਤਰ ਬਾਹਰ ਮਰਨ ਵਰਤ ਸ਼ੁਰੂ ਕਰਨ ਲਈ ਪੂਰੀ ਤਰ੍ਹਾਂ ਦਿ੍ੜ ਹੈ ।
ਇਸ ਸਬੰਧੀ ਅੱਜ ਦੁੱਗਰੀ ਵਿਖੇ ਸੁਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਦੁੱਗਰੀ ਨੇ ਦਿੱਸਆ ਕਿ ਇਸਤਰੀ ਵਿੰਗ ਪ੍ਰਧਾਨ ਬੀਬੀ ਗੁਰਦੀਪ ਕੌਰ ਦੀ ਅਗਵਾਈ ਹੇਠ ਬੀਬੀ ਗੁਰਦੇਵ ਕੌਰ ਜਗਰਾਉਂ, ਬੀਬੀ ਰਣਜੀਤ ਕੌਰ, ਬੀਬੀ ਭੁਪਿੰਦਰ ਕੌਰ, ਬੀਬੀ ਗੁਰਮੇਲ ਕੌਰ ਅਤੇ ਬੀਬੀ ਸੁਰਜੀਤ ਕੌਰ ਮਰਨ ਵਰਤ ਸ਼ੁਰੂ ਕਰਨਗੀਆਂ ।
ਇਸ ਮੌਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਖਾਲਸਾ ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਪੀਰ ਮੁਹੰਮਦ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ 84 ਪੀੜ੍ਹਤਾਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ 31 ਸਾਲਾ ਦੌਰਾਨ ਦੰਗਾਂ ਪੀੜ੍ਹਤਾਂ ਲਈ ਜੋ ਫੈਸਲੇ ਕੀਤੇ ਸਨ, ਉਨ੍ਹਾਂ ਨੂੰ ਅਫਸਰਸ਼ਾਹੀ ਲਾਗੂ ਨਹੀਂ ਕਰ ਰਹੀ ।
ਮੁੱਖ ਮੰਤਰੀ ਨੇ ਲਾਲ ਕਾਰਡ ਬਣਾਉਣ ਦੀਆਂ ਬਕਾਇਆ ਪਈਆਂ ਦਰਖਾਸਤਾਂ ‘ਤੇ ਕਾਰਵਾਈ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਲਾਲ ਕਾਰਡ ਬਣਾਉਣ ਦਾ ਭਰੋਸਾ ਦਿੱਤਾ ਸੀ, ਪਰ ਅਫਸਰਸ਼ਾਹੀ ਵੱਲੋਂ ਨਵੇਂ ਲਾਲ-ਕਾਰਡ ਬਣਾਉਣ ਦੀ ਥਾਂ 100 ਦੇ ਕਰੀਬ ਪੁਰਾਣੇ ਲਾਲ ਕਾਰਡ ਰੱਦ ਕਰ ਦਿੱਤੇ ਹਨ ।ਉਨ੍ਹਾਂ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ ਕਿ ਜੇਕਰ 9 ਸਤੰਬਰ ਤੱਕ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਫੈਸਲਿਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ 10 ਸਤੰਬਰ ਤੋਂ ਬੀਬੀਆਂ ਦਾ 6 ਮੈਂਬਰੀ ਜਥਾ ਮਰਨ ਵਰਤ ‘ਤੇ ਬੈਠੇਗਾ ।
Related Topics: Delhi Sikh massacre 1984, Punjab Government, Sajjan Kumar, Sikhs in India, ਸਿੱਖ ਨਸਲਕੁਸ਼ੀ 1984 (Sikh Genocide 1984)