ਸਿੱਖ ਖਬਰਾਂ

ਦੇਹਰਾਦੂਨ ਫਰਜ਼ੀ ਪੁਲਿਸ ਮੁਕਾਬਲੇ ਵਿੱਚ 17 ਪੁਲਿਸ ਮੁਲਾਜ਼ਮਾਂ ‘ਨੂੰ ਉਮਰ ਕੈਦ

June 10, 2014 | By

ਨਵੀਂ ਦਿੱਲੀ (9 ਜੂਨ 2014): ਅੱਜ ਦੇਹਰਾਦੂਨ ਫਰਜ਼ੀ ਮੁਕਾਬਲੇ ਵਿੱਚ ਮਾਰੇ ਗਏ ਲੜਕੇ ਰਣਬੀਰ ਸਿੰਘ ਦੇ ਪਰਿਵਾਰ ਨੂੰ ਇਨਸਾਫ ਦਿੰਦੇ ਹੋਏ ਇਸ ਮਾਮਲੇ ਵਿੱਚ   ਦਿੱਲੀ ਦੀ ਇਕ ਅਦਾਲਤ ਨੇ ਦੋਸ਼ੀ ਕਰਾਰ ਦਿੱਤੇ ਗਏ 18 ਪੁਲਿਸ ਮੁਲਾਜ਼ਮਾਂ ‘ਚੋਂ 17 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸੀ. ਬੀ. ਆਈ. ਨੇ ਇਸ ਮਾਮਲੇ ‘ਚ ਹੱਤਿਆ ਦੇ ਦੋਸ਼ੀ ਕਰਾਰ ਦਿੱਤੇ ਗਏ ਉੱਤਰਾਖੰਡ ਦੇ 7 ਪੁਲਿਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਸੀ। ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਅਦਾਲਤ ਨੇ ਸ਼ੁੱਕਰਵਾਰ ਨੂੰ 18 ਪੁਲਿਸ ਮੁਲਾਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਪੰਜਾਬੀ ਦੇ “ਅਜੀਤ” ਅਖਬਾਰ ਵਿੱਚ ਦਿੱਲੀ ਤੋਂ ਛਪੀ ਖਬਰ ਅਨੁਸਾਰ ਦੋਸ਼ੀ ਪੁਲਿਸ ਮੁਲਾਜ਼ਮਾਂ ਨੇ 3 ਜੁਲਾਈ, 2009 ਨੂੰ ਦੇਹਰਾਦੂਨ ‘ਚ ਕੰਮ ਲਈ ਗਏ ਗਾਜ਼ੀਆਬਾਦ ਦੇ ਐੱਮ. ਬੀ. ਏ. ਪਾਸ ਇਕ 22 ਸਾਲਾਂ ਦੇ ਲੜਕੇ ਰਣਬੀਰ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ। ਪੋਸਟ ਮਾਰਟਮ ਦੌਰਾਨ ਉਸ ਦੇ ਸਰੀਰ ਵਿਚੋਂ 29 ਗੋਲੀਆਂ ਬਰਾਮਦ ਕੀਤੀਆਂ ਗਈਆਂ ਸਨ। ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਦੀ ਵਿਸ਼ੇਸ਼ ਅਦਾਲਤ ਦੇ ਜੱਜ ਸ੍ਰੀ ਜੇ. ਪੀ. ਐੱਸ. ਮਲਿਕ ਨੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ।

ਇਨ੍ਹਾਂ ਵਿਚੋਂ ਤਤਕਾਲੀ 7 ਦੋਸ਼ੀਆਂ ਨੂੰ 50-50 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ ਜਿਨ੍ਹਾਂ ਵਿਚ 6 ਸਬ ਇੰਸਪੈਕਟਰ ਸੰਤੋਸ਼ ਕੁਮਾਰ ਜੈਸਵਾਲ, ਸਬ ਇੰਸਪੈਕਟਰ ਗੋਪਾਲ ਦੱਤ ਭੱਟ (ਐੱਸ. ਐੱਚ. ਓ.), ਰਾਜੇਸ਼ ਬਿਸ਼ਟ, ਨੀਰਜ ਕੁਮਾਰ, ਨਿਤਿਨ ਚੌਹਾਨ, ਚੰਦਰ ਮੋਹਨ ਸਿੰਘ ਰਾਵਤ ਅਤੇ ਕਾਂਸਟੇਬਲ ਅਜੀਤ ਸਿੰਘ ਸ਼ਾਮਿਲ ਹਨ ਅਤੇ ਇਨ੍ਹਾਂ ਨੂੰ ਹੱਤਿਆ ਦੇ ਮੁੱਖ ਦੋਸ਼ੀ ਕਰਾਰ ਦਿੰਦਿਆਂ ਬਾਕੀ ਦੇ 10 ਦੋਸ਼ੀਆਂ ਨੂੰ ਹੱਤਿਆ ਦੀ ਸਾਜ਼ਿਸ਼ ਰਚਨ ਦਾ ਦੋਸ਼ੀ ਠਹਿਰਾਇਆ ਅਤੇ ਇਨ੍ਹਾਂ ਨੂੰ 20-20 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਹੈ। ਇਕ ਪੁਲਿਸ ਮੁਲਾਜ਼ਮ ਜਸਪਾਲ ਸਿੰਘ ਗੋਸਾਈਂ ਨੂੰ ਗਲਤ ਰਿਕਾਰਡ ਤਿਆਰ ਕਰਨ ਦਾ ਦੋਸ਼ੀ ਦੱਸਿਆ ਹੈ, ਉਸ ਨੂੰ 2 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,