ਵਿਦੇਸ਼ » ਸਿੱਖ ਖਬਰਾਂ

ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਨੂੰ ਵਿਦੇਸ਼ ਭੇਜਣ ਦੇ ਮਸਲੇ ਵਿੱਚ ਕਨੇਡਾ ਦੇ ਸਿੱਖਾਂ ਨੇ ਵੱਖ-ਵੱਖ ਮੁਲਕਾਂ ‘ਚ ਛਾਪੇਖਾਨੇ ਲਗਾ ਕੇ ਇਸ ਮਸਲੇ ਦਾ ਸਦੀਵੀ ਹੱਲ ਕੱਢਣ ਦਾ ਸੁਝਾਅ ਕੀਤਾ ਪੇਸ਼

July 9, 2014 | By

ਸਰੀ (8 ਜੁਲਾਈ 2014): ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਪਿਛਲੇ ਸਮੇਂ ਕੰਨਟੇਨਰਾਂ ਰਾਂਹੀ ਵਿਦੇਸ਼ ਭੇਜਣ ਪਿੱਛੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਜੱਥੇਦਾਰ ਅਕਾਲ ਤਖਤ ਸਾਹਿਬ ਨੇ ਸਮੁੱਚੀ ਸਿੱਖ ਕੌਮ ਪਾਸੋਂ ਪਾਵਨ ਸਰੂਪਾਂ ਨੂੰ ਵਿਦੇਸ਼ ਭੇਜਣ ਸਬੰਧੀ ਰਾਏ ਮੰਗੀ ਸੀ।

ਇਸ ਸਬੰਧੀ ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਪ੍ਰਮੁੱਖ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਅਤੇ ਸਿੱਖ ਸੁਸਾਇਟੀਆਂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਧੰਨਵਾਦ ਕੀਤਾ ਹੈ ਕਿ ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਬਾਹਰਲੇ ਸਿੱਖਾਂ ਤੱਕ ਮਰਿਯਾਦਾ ਸਹਿਤ ਪਹੁੰਚਾਉਣ ਲਈ ਸੰਗਤਾਂ ਦਾ ਸਹਿਯੋਗ ਅਤੇ ਸੁਝਾਅ ਮੰਗੇ ਹਨ।

ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਉਂਟਾਰੀਓ ਅਤੇ ਕਿਊਬੈਕ ਦੀਆਂ ਪ੍ਰਮੁੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਸਿੰਘ ਸਾਹਿਬ ਨੂੰ ਲਿਖੇ ਆਪਣੇ ਸਾਂਝੇ ਪੱਤਰ ਵਿੱਚ ਆਖਿਆ ਹੈ ਕਿ ਸਿੱਖਾਂ ਦਾ ਫੈਲਾਅ ਪੂਰੇ ਸੰਸਾਰ ‘ਚ ਵਧਣ ਕਾਰਨ ਵੱਖ-ਵੱਖ ਮੁਲਕਾਂ ‘ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਮੰਗ ‘ਚ ਬੇਅਥਾਹ ਵਾਧਾ ਹੋਇਆ ਹੈ। ਸਮੁੰਦਰੋਂ ਪਾਰ ਇੰਨੀ ਵੱਡੀ ਗਿਣਤੀ ‘ਚ ਸਰੂਪ ਭੇਜਣ ਲੱਗਿਆਂ ਪੂਰੀ ਗੁਰਮਰਿਯਾਦਾ ਨੂੰ ਕਾਇਮ ਰੱਖਣਾ ਸੰਭਵ ਨਹੀਂ ਹੈ। ਜਹਾਜ਼ ਰਾਹੀਂ ਇਹ ਸਰੂਪ ਲਿਆਉਣੇ ਇੰਨੇ ਮਹਿੰਗੇ ਪੈ ਸਕਦੇ ਹਨ ਕਿ ਇਕ ਆਮ ਮਿਹਨਤਕਸ਼ ਸਿੱਖ ਲਈ ਇਸ ਨੂੰ ਪ੍ਰਾਪਤ ਕਰਨਾ ਹੀ ਔਖਾ ਹੋ ਜਾਵੇਗਾ।

ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਇਹ ਸੁਝਾਅ ਪੇਸ਼ ਕੀਤਾ ਹੈ ਕਿ ਉੱਤਰੀ ਅਮਰੀਕਾ ਵਿਚ ਕਿਸੇ ਵੀ ਜਗ੍ਹਾ ਇਕ ਛਾਪੇਖਾਨੇ ਦਾ ਪ੍ਰਬੰਧ ਕੀਤਾ ਜਾਵੇ, ਜਿੱਥੋਂ ਸੜਕ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੂਰੇ ਸਤਿਕਾਰ ਸਹਿਤ ਉੱਤਰੀ ਅਮਰੀਕਾ ਦੇ ਕਿਸੇ ਵੀ ਸ਼ਹਿਰ ਲਿਜਾਏ ਜਾ ਸਕਦੇ ਹਨ।

 ਇਸ ਕਾਰਜ ਦੀ ਸਫਲਤਾ ਲਈ ਪੂਰਨ ਸਹਿਯੋਗ ਦੇਣ ਦਾ ਪ੍ਰਣ ਵੀ ਕੀਤਾ ਗਿਆ ਹੈ। ਯੂਰਪ, ਅਫਰੀਕਾ ਅਤੇ ਆਸਟਰੇਲੀਆ-ਨਿਊਜ਼ੀਲੈਂਡ ਵਿਖੇ ਵੀ ਅਜਿਹੇ ਹੀ ਗਿਆ ਹੈ। ਸਿੰਘ ਸਾਹਿਬ ਨੂੰ ਸੁਝਾਅ ਭੇਜਦਿਆਂ ਇਨ੍ਹਾ ਸੰਸਥਾਵਾਂ ਨੇ ਆਸ ਪ੍ਰਗਟਾਈ ਹੈ ਕਿ ਉਹ ਉਕਤ ਸੁਝਾਅ ‘ਤੇ ਗੰਭੀਰਤਾ ਨਾਲ ਵਿਚਾਰ ਕਰਦਿਆਂ ਉੱਤਰੀ ਅਮਰੀਕਾ ਦੇ ਸਿੱਖਾਂ ਦੀਆਂ ਭਾਵਨਵਾਂ ਨੂੰ ਸਮਝਣ ਦਾ ਯਤਨ ਕਰਨਗੇ।

ਜੱਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਕੈਨੇਡਾ ਦੇ ਸਿੱਖਾਂ ਵੱਲੋਂ ਉੱਤਰੀ ਅਮਰੀਕਾ ਦੇ ਕਿਸੇ ਸ਼ਹਿਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਲਈ ਭੇਜੇ ਸੁਝਾਅ ਨੂੰ ਸਹਿਮਤੀ ਦਿੰਦਿਆਂ ਅਜਿਹੀ ਪਹਿਲ ਦਾ ਸਵਾਗਤ ਕੀਤਾ ਹੈ।

ਉਨ੍ਹਾਂ ਅੱਜ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਰੀਕਾ ‘ਚ ਪਹਿਲਾਂ ਹੀ ਸਿੱਖ ਕਾਰੋਬਾਰੀ ਸ: ਦੀਦਾਰ ਸਿੰਘ ਬੈਂਸ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਜ਼ਮੀਨ ਭੇਟ ਕੀਤੀ ਗਈ ਹੈ ਅਤੇ ਸ਼੍ਰੋਮਣੀ ਕਮੇਟੀ ਇਥੇ ਪਾਵਨ ਸਰੂਪਾਂ ਲਈ ਛਾਪੇਖਾਨੇ ਦਾ ਪ੍ਰਬੰਧ ਕਰ ਸਕਦੀ ਹੈ।

ਸਿੰਘ ਸਾਹਿਬ ਨੇ ਕਿਹਾ ਕਿ ਜੇਕਰ ਕੈਨੇਡਾ ਦੇ ਸਿੱਖ ਉਥੇ ਵੀ ਅਜਿਹੀ ਵਿਵਸਥਾ ਚਾਹੁੰਦੇ ਹਨ ਤਾਂ ਸ਼੍ਰੋਮਣੀ ਕਮੇਟੀ ਨਾਲ ਰਾਬਤਾ ਕਰਕੇ ਪ੍ਰਬੰਧ ਕੀਤੇ ਜਾ ਸਕਦੇ ਹਨ। ਸਿੰਘ ਸਾਹਿਬ ਨੇ ਕਿਹਾ ਕਿ ਅਮਰੀਕਾ-ਕੈਨੇਡਾ ਦਾ ਸੜਕੀ ਸੰਪਰਕ ਹੋਣ ਕਾਰਨ ਉਥੇ ਅਜਿਹੀ ਵਿਵਸਥਾ ਹੋਂਦ ‘ਚ ਲਿਆਂਦੀ ਜਾ ਸਕਦੀ ਹੈ ਪਰ ਸਿੱਖਾਂ ਦੇ ਵਿਸ਼ਵ ਭਰ ‘ਚ ਲਗਭਗ ਹਰੇਕ ਦੇਸ਼ ‘ਚ ਵਾਸਾ ਹੋਣ ਕਾਰਨ ਹੋਰਨਾਂ ਮੁਲਕਾਂ ਲਈ ਵੀ ਯੋਗ ਪ੍ਰਬੰਧ ਕਰਨੇ ਪੈਣਗੇ।

 ਉਨ੍ਹਾਂ ਦੱਸਿਆ ਕਿ ਵਿਸ਼ਵ ਭਰ ਦੇ ਸਿੱਖਾਂ ਵੱਲੋਂ ਇਸ ਮਾਮਲੇ ਸਬੰਧੀ ਸੁਝਾਅ ਆ ਰਹੇ ਹਨ, ਜਿਨ੍ਹਾਂ ‘ਤੇ ਸਿੰਘ ਸਾਹਿਬਾਨ ਦੀ ਬੈਠਕ ‘ਚ ਚਰਚਾ ਕਰਦਿਆਂ ਸਰਵਪ੍ਰਵਾਨਿਤ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,