ਖਾਸ ਖਬਰਾਂ » ਸਿਆਸੀ ਖਬਰਾਂ

ਸਰਹੱਦੀ ਪਿੰਡ ਖਾਲੀ ਕਰਨ ਦੇ ਐਲਾਨ ਦੇ ਬਾਵਜੂਦ ਸਮਝੌਤਾ ਰੇਲ ਅਤੇ ਪਾਕਿ-ਭਾਰਤ ਕਾਰੋਬਾਰ ਆਮ ਵਾਂਗ ਚੱਲਿਆ

September 30, 2016 | By

ਚੰਡੀਗੜ੍ਹ: ਭਾਰਤੀ ਫੌਜ ਵਲੋਂ ਕੀਤੇ ਗਏ ਇਸ ਦਾਅਵੇ ਤੋਂ ਬਾਅਦ ਕਿ ਉਸਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਇਲਾਕੇ ਵਿਚ ਜਾ ਕੇ “ਸਰਜੀਕਲ ਸਟ੍ਰਾਇਕ” ਕੀਤੀ, ਅਤੇ ਸਰਹੱਦੀ ਪ੍ਰਸ਼ਾਸਨ ਵਲੋਂ 10 ਕਿਲੋਮੀਟਰ ਦਾ ਇਲਾਕਾ ਖਾਲੀ ਕਰਨ ਦੇ ਹੁਕਮਾਂ ਤੋਂ ਬਾਅਦ ਲੋਕ ਦਹਿਸ਼ਤ ਵਿਚ ਹਨ। ਪੰਜਾਬ ਨਾਲ ਲੱਗਦੀ ਕਰੀਬ 550 ਕਿਲੋਮੀਟਰ ਲੰਮੀ ਕੌਮਾਂਤਰੀ ਸਰਹੱਦ ‘ਤੇ ਵਸੇ 10 ਕਿਲੋਮੀਟਰ ਦੇ ਘੇਰੇ ਅੰਦਰਲੇ ਪਿੰਡਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਸਿਹਤ ਸੇਵਾਵਾਂ ਅਤੇ ਸੁਰੱਖਿਆ ਪੱਖ ਤੋਂ ਸਾਰੇ ਬਦਲਵੇਂ ਪ੍ਰਬੰਧ ਕੀਤੇ ਜਾ ਰਹੇ ਹਨ।

ਜ਼ਿਆਦਾਤਰ ਲੋਕ ਆਪਣਾ ਘਰ-ਬਾਰ ਛੱਡ ਕੇ ਜ਼ਰੂਰੀ ਸਮਾਨ ਲੈ ਕੇ ਸੁਰੱਖਿਅਤ ਥਾਵਾਂ ‘ਤੇ ਚਲੇ ਗਏ ਹਨ ਸਰਹੱਦੀ ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਇਕ-ਇਕ ਵਾਰਡ ਖਾਲੀ ਕਰਵਾਏ ਜਾ ਰਹੇ ਹਨ। ਡਾਕਟਰਾਂ ਅਤੇ ਨਰਸਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆ ਗਈਆਂ ਹਨ। ਬੇਸ਼ੱਕ ਸਰਹੱਦ ‘ਤੇ ਅਜੇ ਤੱਕ ਭਾਰਤੀ ਫੌਜ ਅਤੇ ਬੀ. ਐਸ. ਐਫ. ਦੀ ਕੋਈ ਵੀ ਵਿਸ਼ੇਸ਼ ਹਿਲਜੁਲ ਦੇਖਣ ਨੂੰ ਨਹੀਂ ਮਿਲੀ। ਪਰ ਇਸ ਦੇ ਬਾਵਜੂਦ ਸਰਹੱਦੀ ਪਿੰਡਾਂ ਤੋਂ ਬਾਹਰ ਭੇਜੇ ਗਏ ਲੋਕਾਂ ਅੰਦਰ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਫ਼ਾਜ਼ਿਲਕਾ ਜ਼ਿਲ੍ਹੇ ਦੇ ਕਰੀਬ 125 ਤੋਂ ਵੱਧ ਪਿੰਡਾਂ ਦੇ ਹਜ਼ਾਰਾਂ ਲੋਕ ਪ੍ਰਸ਼ਾਸਨ ਦੇ ਇਕੋ ਹੁਕਮ ਨਾਲ ਬੇਘਰ ਹੋ ਗਏ ਹਨ।

ਦੇਰ ਸ਼ਾਮ ਤੱਕ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਵੱਲੋਂ ਰਾਵੀ ਦਰਿਆ ਦੇ ਪਾਰ ਸਰਹੱਦ ਦੇ ਨਾਲ ਵਸੇ ਪਿੰਡ ਮੰਮੀ ਚੱਕਰੰਗਾ, ਤੂਰ, ਚਿੱਬ, ਲਸਿਆਣ, ਫਰਿਆਲ, ਕੁੱਕਰ ਆਦਿ ਵਿਚ ਰਹਿੰਦੇ ਲੋਕਾਂ ਨੂੰ ਕਿਸ਼ਤੀ ਰਾਹੀਂ ਬਾਹਰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਰਾਵੀ ਪਾਰਲੇ ਪਿੰਡ ਘਣੀਏ ਕੇ ਬਾਂਗਰ ਨੂੰ ਵੀ ਖਾਲੀ ਕਰਵਾਉਣ ਦੇ ਇਲਾਵਾ ਜ਼ਿਲ੍ਹਾ ਪਠਾਨਕੋਟ ਦੇ ਬਲਾਕ ਨਰੋਟ ਜੈਮਲ ਸਿੰਘ ਨੇੜੇ ਤਰਨਾਹ ਦਰਿਆ ਦੇ ਪਾਰ ਤਿੰਨ ਪਾਸਿਆਂ ਤੋਂ ਪਾਕਿਸਤਾਨ ਦੀ ਸਰਹੱਦ ਨਾਲ ਘਿਰੇ ਸਿੰਬਲ ਸਕੋਲ ਪਿੰਡ ਦੇ ਲੋਕ ਵੀ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤੇ ਹਨ।

ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦੇ ਲੋਕ ਪਿੰਡ ਛੱਡਣ ਲਈ ਮਜਬੂਰ ਤਣਾਅ ਨੂੰ ਦੇਖਦੇ ਹੋਏ

ਗੁਰਦਾਸਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕਿਆਂ ਦੇ ਲੋਕ ਪਿੰਡ ਛੱਡਣ ਲਈ ਮਜਬੂਰ

ਇਨ੍ਹਾਂ ਪਿੰਡਾਂ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਕਰੀਬ 294 ਅਤੇ ਪਠਾਨਕੋਟ ਦੇ ਕਰੀਬ 4 ਦਰਜਨ ਪਿੰਡਾਂ ਵਿਚ ਪ੍ਰਸ਼ਾਸਨ ਵੱਲੋਂ ਸਪੀਕਰਾਂ ਰਾਹੀਂ ਐਲਾਨ ਕਰਵਾਉਣ ਦੇ ਇਲਾਵਾ ਮਾਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਵੀ ਲੋਕਾਂ ਨੂੰ ਪਿੰਡ ਖਾਲੀ ਕਰਨ ਲਈ ਕਿਹਾ ਹੈਙ ਪਰ ਕੁਝ ਥਾਵਾਂ ਦੇ ਕੁਝ ਲੋਕਾਂ ਨੇ ਪਿੰਡਾਂ ਅੰਦਰ ਹੀ ਰਹਿਣ ਦਾ ਫੈਸਲਾ ਕੀਤਾ ਹੋਇਆ ਹੈ। ਕੱਲ੍ਹ ਸਾਰਾ ਦਿਨ ਪਿੰਡਾਂ ਨੂੰ ਖਾਲੀ ਕਰਵਾਉਣ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਲਈ ਦੋਵਾਂ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਪੂਰੀ ਤਰ੍ਹਾਂ ਪੱਬਾਂ ਭਾਰ ਹੋਇਆ ਰਿਹਾ।

ਫਿਰੋਜ਼ਪੁਰ ਜ਼ਿਲ੍ਹੇ ‘ਚ ਪ੍ਰਸ਼ਾਸਨ ਵੱਲੋਂ ਸਰਹੱਦੀ ਖੇਤਰ ਦੇ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ, ਪਰ ਸਟਾਫ਼ ਨੂੰ ਸਕੂਲਾਂ ‘ਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ। ਉਕਤ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਸਟੇਸ਼ਨ ਨਾ ਛੱਡਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ।

ਤਰਨਤਾਰਨ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਰਹੱਦੀ ਪਿੰਡਾਂ ‘ਚ ਪਹੁੰਚ ਕੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਲਈ ਕਿਹਾ। ਲੋਕ ਆਪੋ ਆਪਣੇ ਸਾਧਨਾਂ ਰਾਹੀਂ ਸਮਾਨ ਲੈ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ।

ਤਣਾਅ ਨੂੰ ਦੇਖਦੇ ਹੋਏ ਤਰਨਤਾਰਨ ਵਿਖੇ ਮੋਟਰਸਾਈਕਲਾਂ 'ਚ ਪੈਟਰੋਲ ਪਵਾਉਣ ਵਾਲਿਆਂ ਦੀ ਭੀੜ

ਤਣਾਅ ਨੂੰ ਦੇਖਦੇ ਹੋਏ ਤਰਨਤਾਰਨ ਵਿਖੇ ਮੋਟਰਸਾਈਕਲਾਂ ‘ਚ ਪੈਟਰੋਲ ਪਵਾਉਣ ਵਾਲਿਆਂ ਦੀ ਭੀੜ

ਖੇਮਕਰਨ ਇਲਾਕੇ ਦੇ ਕਰੀਬ 100 ਪਿੰਡ ਪ੍ਰਭਾਵਿਤ ਹੋਏ ਹਨ। ਜ਼ਿਆਦਾਤਰ ਲੋਕ ਆਪਣੇ ਰਿਸ਼ਤੇਦਾਰਾਂ ਕੋਲ ਹੀ ਜਾ ਰਹੇ ਹਨ। ਪਰ ਜੋ ਲੋਕ ਦੂਰ ਦੁਰਾਡੇ ਆਪਣੇ ਰਿਸ਼ਤੇਦਾਰਾਂ ਕੋਲ ਨਹੀਂ ਜਾ ਸਕਦੇ ਉਨ੍ਹਾਂ ਦੇ ਰਹਿਣ ਲਈ ਸਰਕਾਰ ਵੱਲੋਂ ਮੈਰਿਜ ਪੈਲੇਸਾਂ ਅਤੇ ਸਰਕਾਰੀ ਸਕੂਲਾਂ, ਕਾਲਜਾਂ ਦੇ ਕਮਰਿਆਂ ‘ਚ ਪ੍ਰਬੰਧ ਕੀਤਾ ਗਿਆ ਹੈ ਅਤੇ ਲੋਕਾਂ ਲਈ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਪ੍ਰਸ਼ਾਸਨ ਨੂੰ ਲੋਕਾਂ ਲਈ ਕੈਂਪ ਲਗਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਫਿਰੋਜ਼ਪੁਰ ‘ਚ ਸਿਵਲ ਤੇ ਪੁਲਿਸ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਐਮਰਜੈਂਸੀ ਮੀਟਿੰਗ ਬੁਲਾਈ ਗਈ।

ਖੁਰਾਕ ਸਿਵਲ ਸਪਲਾਈ ਵਿਭਾਗ ਵੱਲੋਂ ਜ਼ਿਲ੍ਹਾ ਅਧਿਕਾਰੀਆਂ ਨੂੰ ਰਾਹਤ ਕੈਂਪਾਂ ‘ਚ ਬੈਠੇ ਲੋਕਾਂ ਲਈ ਰਾਸ਼ਨ ਦੇ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਵਿਭਾਗ ਵੱਲੋਂ ਆਟਾ, ਦਾਲ, ਖੰਡ, ਚਾਹ ਪੱਤੀ ਅਤੇ ਮਸਾਲੇ ਆਦਿ ਮੁਹੱਈਆ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਤਣਾਅ ਦੇ ਬਾਵਜੂਦ ਸਮਝੌਤਾ ਐਕਸਪ੍ਰੈਸ, ਦੋਸਤੀ ਬੱਸ ਅਤੇ ਕਾਰੋਬਾਰ ਆਮ ਵਾਂਗ ਚੱਲਿਆ

ਭਾਰਤ ਪਾਕਿਸਤਾਨ ਸਰਹੱਦੀ ਫੋਰਸਾਂ ਵੱਲੋਂ ਕੀਤੀ ਜਾਂਦੀ ‘ਰੀਟਰੀਟ ਸੈਰੇਮਨੀ’ ਨੂੰ ਆਮ ਜਨਤਾ ਲਈ ਬੰਦ ਕੀਤੀ ਗਈ। ਸਮਝੌਤਾ ਐਕਸਪ੍ਰੈੱਸ ਅਤੇ ਦੋਸਤੀ ਬੱਸ ਵੀ ਆਮ ਵਾਂਗ ਹੀ ਚੱਲੀਆਂ, ਵਪਾਰ ਵੀ ਆਮ ਵਾਂਗ ਹੀ ਚੱਲਦਾ ਰਿਹਾ। ਜ਼ਿਕਰਯੋਗ ਹੈ ਕਿ ਪੈਟਰੋਲ ਪੰਪਾਂ ਅਤੇ ਕਰਿਆਨੇ ਦੀਆਂ ਦੁਕਾਨਾਂ ‘ਤੇ ਬਹੁਤ ਭੀੜ ਦੇਖਣ ਨੂੰ ਮਿਲੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,