ਬੋਲਦੀਆਂ ਲਿਖਤਾਂ » ਲੇਖ

ਚਮਕੀਲਾ ਨਸ਼ੇ, ਭਾਰਤੀ ਸੱਤਾ ਅਤੇ ਪੂੰਜੀਵਾਦ ਦਾ ਮਾਧਿਅਮ ਕਿਵੇਂ?

April 18, 2024 | By

 

ਜਦੋਂ ਚਮਕੀਲਾ ਮਨੋਰੰਜਨ ਉਦਯੋਗ ਦਾ ਹਾਲੇ ਵੀ ਆਦਰਸ਼ ਆਈਕਨ ਹੈ ਤਾਂ ਪੰਜਾਬੀ ਸੱਭਿਆਚਾਰ ਦਾ ਪਤਨ ਹੋਣਾ ਤੈਅ ਹੈ-  ਤਸਕੀਨ

1
ਫਿਲਮ ਦੇ ਪ੍ਰਸੰਗ ਵਿੱਚ ਚਮਕੀਲੇ ਬਾਰੇ ਤਸਕੀਨ ਨੇ ਉਸਦੇ ਗੀਤਾਂ ਦੇ ਹਵਾਲੇ ਨਾਲ “ਹਰੀ ਕ੍ਰਾਂਤੀ ਦਾ ਵਿਚਾਰਧਾਰਕ ਮਸੀਹਾ- ਅਮਰ ਸਿੰਘ ਚਮਕੀਲਾ” ਲੇਖ ਲਿਖਿਆ। ਇਹ ਲੇਖ ਚਮਕੀਲੇ ਬਾਰੇ ਬਣਾਈ ਜਾ ਰਹੀ ਸਰਕਾਰੀ ਅਤੇ ਮਨੋਰੰਜਨੀ ਉਦਯੋਗ ਦੀ ਸਮਝ ਨੂੰ ਰੱਦ ਕਰਦਾ ਹੈ। ਤਸਕੀਨ ਪੰਜਾਬ ਦੇ ਲੋਕਾਂ ਦੇ ਦੋਹਰੇ ਕਿਰਦਾਰ ਨੂੰ ਉਜਾਗਰ ਕਰਦਾ ਹੈ ਜਿਹੜੇ ਇੱਕ ਪਾਸੇ ਔਰਤ ਨੂੰ ਖੁੱਲਾ ਭੋਗਣ ਦੇ ਹਾਮੀ ਹਨ ਅਤੇ ਦੂਜੇ ਪਾਸੇ ਉਸ ਨੂੰ ਪਰਦਿਆਂ ਅੰਦਰ ਬੰਨ ਕੇ ਰੱਖਣ ਦੇ ਹਾਮੀ ਹਨ ਚਮਕੀਲਾ ਕੁਝ ਇਸ ਤਰ੍ਹਾਂ ਦੇ ਹੀ ਵਰਤਾਰਿਆਂ ਦਾ ਹੀ ਸੰਦ ਸੀ ਅਤੇ ਪੰਜਾਬ ਵਿੱਚ ਹੁਣ ਉਹ ਅਜਿਹਿਆਂ ਦਾ ਹੀ ਆਈਕਨ ਹੈ। ਇਸ ਤਰ੍ਹਾਂ ਦੇ ਵਰਤਾਰਿਆਂ ਨੂੰ ਸਮਝਣ ਦਾ ਸਿਧਾਂਤਕ ਆਧਾਰ ਸੇਵਕ ਸਿੰਘ ਦੀ ਕਿਤਾਬ “ਸ਼ਬਦ ਜੰਗ” ਵਿੱਚੋਂ ਮਿਲਦਾ ਹੈ। ਇਹ ਲਿਖਤ ਮੂਲ ਰੂਪ ਵਿੱਚ ਸ਼ਬਦ ਜੰਗ ਕਿਤਾਬ ਵਿੱਚੋਂ ਮਨੋਰੰਜਨ, ਸਾਹਿਤ ਅਤੇ ਕਲਾ ਦੇ ਵਿਆਖਿਆ ਜਾਂ ਪ੍ਰਚਾਰ ਸਾਧਨ ਬਣਨ ਬਾਰੇ ਦਿੱਤੀਆਂ ਧਾਰਨਾਵਾਂ ਅਤੇ ਦੂਜੇ ਪਾਸੇ ਚਮਕੀਲੇ ਦੇ ਪ੍ਰਸੰਗ ਵਿੱਚ ਤਸਕੀਨ ਦੇ ਲੇਖ ਨੂੰ ਆਧਾਰ ਬਣਾ ਕੇ ਹੀ ਲਿਖੀ ਗਈ ਹੈ। ਵਧੇਰੇ ਗੱਲਾਂ ਸਿੱਧੇ ਰੂਪ ਵਿੱਚ ਤਸਕੀਨ ਦੀਆਂ ਟੂਕਾਂ ਵਜੋਂ ਹੀ ਦਰਜ ਹਨ।

2
ਤਸਕੀਨ ਚਮਕੀਲੇ ਨੂੰ ਲੁਧਿਆਣਾ ਮਾਰਕਾ ਗਾਇਕੀ ਦੀ ਪੈਦਾਵਾਰ ਦੱਸਦਾ ਹੈ। ਅਸਲ ਵਿੱਚ ਇਹ ਲੁਧਿਆਣਾ ਮਾਰਕਾ ਗਾਇਕੀ ਪੰਜਾਬ ਦੇ ਸੱਭਿਆਚਾਰ ਅਤੇ ਜੀਵਨ ਜਾਂਚ ਨੂੰ ਭਾਰਤੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਮੁਤਾਬਕ ਬਦਲਣ ਦਾ ਪੜਾਅ ਹੈ। ਇਸ ਲੁਧਿਆਣਾ ਮਾਰਕਾ ਗਾਇਕੀ ਨੇ ਪੰਜਾਬੀ ਬੰਦੇ ਨੂੰ ਮੰਡੀ ਦੇ ਮਾਲ ਵਜੋਂ ਵਿਕਣ ਵਾਲਾ ਅਤੇ ਮੰਡੀ ਦਾ ਉਪਭੋਗੀ ਬਣਾਇਆ ਹੈ। ਕਾਰਪੋਰੇਟ ਪੂੰਜੀਵਾਦ ਅਤੇ ਹੁਣ ਦੀਆਂ ਲੋਕਤੰਤਰੀ ਸਰਕਾਰਾਂ ਦੇ ਸਾਂਝੇ ਤੰਤਰਾਂ ਨਾਲ ਬਣੀ ਮੰਡੀ ਵਿੱਚ ਔਰਤ ਅਤੇ ਗਰੀਬ ਬਲਕਿ ਹਰੇਕ ਆਮ ਬੰਦਾ ਕੇਵਲ ਵਰਤੋਂ ਜਾਂ ਵਿਕਣ ਦੀ ਸ਼ੈ ਹਨ। ਤਸਕੀਨ ਮੁਤਾਬਕ ‘ਚਮਕੀਲੇ ਦੇ ਵਿਚਾਰਾਂ ਵਿੱਚ ਔਰਤ ਕੇਵਲ ਖਪਤਵਾਦੀ ਵਸਤੂ ਹੈ, ਜਿਸ ਦਾ ਉਪਭੋਗ ਪੰਜਾਬੀ ਬੰਦੇ ਦੀ ਮਨੋਚੇਤਨਾ ਨੂੰ ਘੇਰ ਲੈਂਦਾ ਹੈ, ਮਗਰ ਔਰਤ ਹੋਂਦ ਵਜੋਂ ਮਾਨਵੀ ਸੰਬੰਧਾਂ ਦੀ ਬਜਾਏ ਜਗੀਰੂ ਮਾਲਕੀ ਦੇ ਦਾਬੇ ਦਾ ਪ੍ਰਵਚਨ ਬਣ ਜਾਂਦੀ ਹੈ।’ ਤਸਕੀਨ ਅਨੁਸਾਰ ‘ਜਦੋਂ ਉਸ ਵੇਲੇ ਔਰਤ ਅਜੀਬ ਪੂਰੀ ਤਰ੍ਹਾਂ ਘੁੰਡ ਵਿੱਚੋਂ ਵੀ ਬਾਹਰ ਨਹੀਂ ਆਈ ਪਰ ਚਮਕੀਲੇ ਦੀ ਹਵਸ ਨਿਰੋਲ ਬਜਾਰੂ ਖਪਤ ਨਾਲ ਭਰੀ ਪਈ ਹੈ। ਜਿਸਦੀ ਪੂਰਤੀ ਜ਼ੁਰਮ ਦੀ ਦੁਨੀਆਂ ‘ਚੋਂ ਹੋ ਕੇ ਲੰਘਦੀ ਹੈ। ਚਮਕੀਲਾ ਵੈਲੀ ਦੀ ਸਖਸ਼ੀ ਦਹਿਸ਼ਤਗਰਦੀ ਦੀ ਵਡਿਆਈ ਵਿਚ ਸਾਰਾ ਸਮਾਜ ਅਤੇ ਤੰਤਰ ਦਾ ਬਾਲਣ ਝੋਕ ਦਿੰਦਾ ਹੈ, ਜਿਸ ਲਈ ਹਿੰਸਾ ਦਾ ਮਾਰਗ ਲਾਜ਼ਮੀ ਹੈ, ਜੋ ਵੈਲੀਆਂ ਦਾ ਕੰਮ ਹੈ। ਅਜਿਹੇ ਕਾਮੁਕ ਬਾਜ਼ਾਰ ਵਿਚ ਹਿੰਸਾ ਅਤੇ ਨਸ਼ਾ ਹੀ ਚਮਕੀਲੇ ਦੇ ‘ਆਦਰਸ਼ ਵਿਅਕਤੀ’ ਦੀ ਘਾੜਤ ਘੜਦੇ ਹਨ। ਸਾਰੇ ਸਮਾਜਿਕ ਸਰੋਕਾਰਾਂ ਨੂੰ ਛਿੱਕੇ ਟੰਗੀ ਚਮਕੀਲੇ ਦਾ ਵੈਲੀ ਜਸ਼ਨ ‘ਚ ਹੈ।’ ਤਸਕੀਨ ਚਮਕੀਲੇ ਦੇ ਗੀਤਾਂ ਵਿੱਚ ਹਿੰਸਾ ਅਤੇ ਨਸ਼ੇ ਨਾਲ ਔਰਤ ਨੂੰ ਭੋਗਣ ਵਾਲੇ ਸਰੋਤੇ ਪੈਦਾ ਕਰਨ ਤੇ ਚਮਕੀਲੇ ਦੀ ਗਾਇਕੀ ਤੇ ਸਵਾਲ ਖੜਾ ਕਰਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਚਮਕੀਲਾ ਇਸ ਹਿੰਸਾ ਦਾ ਬੁਲਾਰਾ ਹੈ ਤੇ ਹਿੰਸਾ ਦੀ ਪੀੜਤ ਔਰਤ ਹੈ ਜੋ ਪੰਜਾਬ ਦੇ ਆਮ ਪਿੰਡ ਦੀ ਹੀ ਕੁੜੀ ਹੈ। ਪਰ ਚਮਕੀਲੇ ਦੇ ਸਮਕਾਲ ਵਿੱਚ ਹੀ ਭਾਰਤੀ ਸੱਤਾ ਨਾਲ ਪੰਜਾਬ ਦੇ ਖਾੜਕੂਆਂ ਵੱਲੋਂ ਇੱਕ ਅਸਾਵੀਂ ਜੰਗ ਲੜੀ ਜਾ ਰਹੀ ਹੈ। ਜਿਸ ਵਿੱਚ ਲੜਾਕੂਆਂ ਨਾਲ ਪੰਜਾਬ ਦਾ ਆਵਾਮ ਖੜਾ ਹੈ ਅਤੇ ਉਹਨਾਂ ਦੀ ਠਾਹਰ ਬਣਿਆ ਹੋਇਆ ਹੈ। ਚਮਕੀਲਾ ਆਪਣੀ ਪ੍ਰਸਿੱਧੀ ਅਤੇ ਮਾਇਆ ਲਈ ਜੋ ਔਰਤ ਵਿਰੋਧੀ ਹਿੰਸਾ ਅਤੇ ਜਬਰੀ ਭੋਗ ਦਾ ਮੁਹਾਵਰਾ ਵਰਤਦਾ ਹੈ ਤਾਂ ਅਵਾਮ ਇਸ ਨੂੰ ਆਪਣੀ ਔਰਤ, ਪੰਜਾਬ ਦੇ ਮੁਹਾਵਰੇ ਵਿੱਚ ਧੀ ਭੈਣ, ਉੱਤੇ ਹਮਲਾ ਜਾਣਦਾ ਹੈ। ਉਸੇ ਸਮੇਂ ਵਿੱਚ ਚਮਕੀਲੇ ਦੀ ਗਾਇਕੀ ਵੱਡਾ ਵਿਵਾਦ ਬਣ ਜਾਂਦੀ ਹੈ ਅਤੇ ਚਮਕੀਲਾ ਕਿਸੇ ਵੀ ਉਸ ਥਾਂ ਤੋਂ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਜਿੱਥੇ ਪੰਜਾਬ ਦੇ ਆਮ ਪਿੰਡ ਦੀ ਔਰਤ ਦੀ ਹਾਜ਼ਰੀ ਹੈ। ਚਮਕੀਲੇ ਦੇ ਅਖਾੜੇ ਪਿੰਡੋਂ ਬਾਹਰਲੀਆਂ ਉਨਾਂ ਥਾਵਾਂ ਤੇ ਹੀ ਲੱਗਦੇ ਸੀ ਜਿੱਥੇ ਲੁੱਚੇ ਗੀਤ ਜਾਂ ਲੁਚੀ ਗਾਇਕੀ ਹੋ ਸਕਦੀ ਸੀ। ਪੰਜਾਬ ਦੇ ਆਮ ਬੰਦੇ ਦੀ ਸਮਝ ਵਿੱਚ ਚਮਕੀਲਾ ਆਪਣੇ ਜਿਉਂਦੇ ਜੀਅ ਗੁਨਾਹਗਾਰ ਹੋ ਗਿਆ ਸੀ। ਇਸੇ ਕਸ਼ਮਕਸ਼ ਦੇ ਚਲਦਿਆਂ ਚਮਕੀਲੇ ਦਾ ਕਤਲ ਹੋ ਜਾਂਦਾ ਹੈ। ਉਸ ਤੋਂ ਬਾਅਦ ਸੱਤਾ ਅਤੇ ਸੱਤਾ ਦੇ ਪ੍ਰਚਾਰ ਪ੍ਰਵਚਨ ਵੱਲੋਂ ਚਮਕੀਲੇ ਨੂੰ ਹਿੰਸਾ ਦਾ ‘ਪੀੜਤ ਦਲਿਤ ਗਾਇਕ’ ਪ੍ਰਭਾਸ਼ਿਤ ਕਰਨਾ ਸ਼ੁਰੂ ਹੋ ਜਾਂਦਾ ਹੈ। ਚਮਕੀਲਾ, ਜੋ ਔਰਤ ਉੱਤੇ ਧਿੰਗੋਜੋਰੀ ਕੀਤੀ ਜਾਣ ਵਾਲੀ ਹਿੰਸਾ ਦਾ ਬੁਲਾਰਾ ਸੀ, ਉਹੀ ਚਮਕੀਲਾ ਸੱਤਾ ਨਾਲ ਚਲਦੀ ਜੰਗ ਵਿੱਚ ਹਿੰਸਾ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਦਾ ਸਾਰਾ ਦੋਸ਼ ਖਾੜਕੂਆਂ ਉੱਪਰ ਲਾਇਆ ਜਾਂਦਾ ਹੈ।

3
ਸੇਵਕ ਸਿੰਘ ਦੀ ਕਿਤਾਬ ਸ਼ਬਦ ਜੰਗ ਦੇ ਮੁਹਾਵਰੇ ਵਿੱਚ ਚਮਕੀਲਾ ਸੱਤਾ ਦਾ ਮਨੋਰੰਜਨੀ ਸਾਧਨ ਬਣ ਜਾਂਦਾ ਹੈ। ਉਸ ਅਨੁਸਾਰ ‘ਹਕੂਮਤਾਂ ਕਲਾ ਸਾਧਨਾਂ ਦੀ ਵਰਤੋਂ ਬਗਾਵਤੀ ਵਿਚਾਰ ਦਾ ਉੱਤਰ ਦੇਣ ਲਈ ਵੀ ਕਰਦੀਆਂ ਹਨ ਅਤੇ ਲੋਕਾਂ ਨੂੰ ਹਿੰਸਾ ਦੇ ਬਦਲੇ ਸੁਹਜ ਅਨੰਦ ਦਾ ਖਿਆਲ ਵੀ ਵੇਚਦੀਆਂ ਹਨ। ਆਮ ਲੋਕਾਂ ਉੱਤੇ ਵਿਚਾਰ ਚਰਚਾ ਦੀ ਥਾਂ ਕਲਾ ਦਾ ਅਸਰ ਸਿੱਧਾ ਛੇਤੀ ਅਤੇ ਜਿਆਦਾ ਪੈਂਦਾ ਹੈ। ਕਲਾ ਦੀ ਹਥਿਆਰ ਵਜੋਂ ਵਰਤੋਂ ਲਈ ਸਾਰਾ ਸਮਾਜ ਜੰਗ ਦੇ ਮੈਦਾਨ ਵਜੋਂ ਖੁੱਲ ਜਾਂਦਾ ਹੈ ਜਿੱਥੇ ਕਲਾਕਾਰ ਵਜੋਂ ਮਸ਼ਹੂਰ ਜਾਂ ਮਸ਼ਹੂਰ ਹੋਣ ਦੇ ਚਾਹਵਾਨ ਲੋਕ ਹਕੂਮਤਾਂ ਦੀ ਉਤਸ਼ਾਹੀ, ਸ਼ਾਂਤਮਈ ਜਾਂ ਵਿਕਾਸ ਆਦਿ ਨੀਤੀ ਦੇ ਨਾਂ ਹੇਠ ਕਲਾ ਦਾ ਮੁਜਾਹਰਾ ਕਰਦੇ ਹਨ।’ ਇਸੇ ਤਰ੍ਹਾਂ ਬਗਾਵਤੀ ਜੰਗਾਂ ਵੇਲੇ ਜਦੋਂ ਕਲਾਕਾਰ ਸੱਤਾ ਦਾ ਸੰਦ ਬਣ ਜਾਂਦੇ ਹਨ ਤਾਂ ਸੱਤਾ ਕਲਾਕਾਰਾਂ ਨੂੰ ਸੁਰੱਖਿਆ ਮੁਹਈਆ ਕਰਦੀ ਹੈ ਜਿਵੇਂ ਚਮਕੀਲੇ ਨੂੰ ਪੁਲਿਸ ਸੁਰੱਖਿਆ ਮੁਹਈਆ ਕਰਵਾਈ ਹੋਈ ਸੀ। ਇਹ ਸੁਰੱਖਿਆ ਆਪਣੇ ਆਪ ਦੇ ਵਿੱਚ ਕਲਾਕਾਰ ਨੂੰ ਬਾਗੀਆਂ ਦੇ ਹਥਿਆਰ ਦਾ ਨਿਸ਼ਾਨਾ ਬਣਾਉਣ ਲਈ ਉਕਸਾਉਂਦੀ ਹੈ। ਜੇ ਕਲਾਕਾਰ ਬਾਗੀਆਂ ਹੱਥੋਂ ਸ਼ਿਕਾਰ ਨਹੀਂ ਹੁੰਦਾ ਤਾਂ ਸੱਤਾ ਉਸਨੂੰ ਪੂਰੇ ਜੋਰ ਨਾਲ ਆਪਣੇ ਵਿਚਾਰਧਾਰਕ ਪੈਂਤੜੇ ਲਈ ਵਰਤਦੀ ਹੈ ਅਤੇ ਜੇ ਕਲਾਕਾਰ ਬਾਗੀਆਂ ਦੇ ਹਥਿਆਰ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਉਸਨੂੰ ਮਜਲੂਮ ਬਣਾ ਕੇ ਨਵੀਂ ਵਿਆਖਿਆ ਵਿੱਚ ਪਾ ਲਿਆ ਜਾਂਦਾ ਹੈ। ਇਹ ਵਿਆਖਿਆ ਦਾ ਪ੍ਰਵਚਨ ਲੰਬੇ ਸਮੇਂ ਲਈ ਬਾਗੀਆਂ ਖਿਲਾਫ ਵਰਤਿਆ ਜਾਂਦਾ ਹੈ ਜਿਵੇਂ ਚਮਕੀਲੇ ਨੂੰ ਚਾਰ ਦਹਾਕਿਆਂ ਬਾਅਦ ਖਾੜਕੂ ਲਹਿਰ ਖਿਲਾਫ ਵਰਤਿਆ ਜਾ ਰਿਹਾ ਹੈ।

3
ਅੱਜ ਦੀ ਗਾਇਕੀ ਵਿੱਚ ਔਰਤ ਨੂੰ ਨਿਗੂਣੀ ਜਾਣਨਾ, ਨਸ਼ੇ ਦੀ ਵਡਿਆਈ, ਵੈਲੀਪਣੇ ਦਾ ਹੰਕਾਰ ਹੋਣਾ ਤਸਕੀਨ ਅਨੁਸਾਰ ਇਹ ਚਮਕੀਲੇ ਨੂੰ ਗਾਇਕੀ ਅਤੇ ਅਖਾੜਿਆਂ ਦਾ ਆਦਰਸ਼ ਮੰਨੇ ਜਾਣਾ ਹੈ। ਉਸ ਅਨੁਸਾਰ ‘ਕੋਈ ਸਵਾਲ ਨਜ਼ਰ ਨਹੀਂ ਆਉਂਦਾ ਕਿ ਨਸ਼ੇ ਨੂੰ ਆਦਰਸ਼ ਬਣਾ ਕੇ ਸਮਾਜਿਕ ਸਰੋਕਾਰਾਂ ਤੋਂ ਹੀਣੇ ਬੰਦੇ ਦੇ ਜੀਨਜ਼ ਵਿਚ ਚਮਕੀਲੇ ਦੇ ਵਿਚਾਰਾਂ ਦਾ ਡੀ ਐਨ ਏ ਹੈ। ਜਿਸ ਨੇ ਜੱਟ ਨੂੰ ਜੱਟਵਾਦੀ/ਵੈਲੀ ਬਣਨ ਦੀ ਗੁੜਤੀ ਦਿੱਤੀ ਹੈ। ਜਿਸਦਾ ਕੰਮ ਕੇਵਲ ਸੈਕਸ, ਹਿੰਸਾ ਤੇ ਨਸ਼ਾ ਹੈ। ਅੱਜ ਦੇ ਜੱਟ ਗਾਇਕਾਂ ‘ਚ ਇਹ ਤਿੰਨੋਂ ਅਲਾਮਤਾਂ ਕੁੱਟ ਕੇ ਭਰੀਆਂ ਹਨ। ਉਹ ਤਾਂ ਆਪਣੇ ਆਦਰਸ਼ ਨਾਇਕ ਨੂੰ ਚਮਕੀਲੇ ਤੋਂ ਵੀ ਉਪਰਲੀ ਸਟੇਜ ਡਰੱਗ ਲੋਰਡ ਪਾਬਲੋ ਐਸਕੋਬਾਰ ਜਿਹੇ ਸਰਵਵਿਆਪੀ ‘ਮਸੀਹਾ’ ਤੱਕ ਲੈ ਗਏ ਹਨ।’ ਹੁਣ ਸਵਾਲ ਇਹ ਹੈ ਕਿ ਭਾਰਤ ਦੀ ਕੇਂਦਰੀ ਅਤੇ ਰਾਜ ਸਰਕਾਰਾਂ ਨਸ਼ੇ ਉੱਤੇ ਪਾਬੰਦੀ ਦੇ ਦਾਅਵੇ ਕਰਦੀਆਂ ਹਨ ਅਤੇ ਦੂਜੇ ਪਾਸੇ ਨਸ਼ੇ ਦੇ ਆਦਰਸ਼ ਗਾਇਕਾਂ ਨੂੰ ਸਥਾਪਿਤ ਕਰ ਰਹੀਆਂ ਹਨ। ਇਹੀ ਹਾਲ ਮਨੋਰੰਜਨ ਉਦਯੋਗ ਦਾ ਹੈ ਜੋ ਇੱਕ ਪਾਸੇ ਸਰਕਾਰ ਦੇ ਮਸ਼ਹੂਰੀ ਪ੍ਰਚਾਰ ਦਾ ਸਾਧਨ ਬਣਦਾ ਹੈ, ਦੂਜੇ ਪਾਸੇ ਨਸ਼ੇ ਅਤੇ ਵੈਲੀਪਣੇ ਨੂੰ ਆਦਰਸ਼ ਵਜੋਂ ਸਥਾਪਿਤ ਕਰ ਰਿਹਾ ਹੈ ਅਤੇ ਤੀਜੇ ਪਾਸੇ ਉਹ ਕਾਰਪੋਰੇਟ ਪੂੰਜੀਵਾਦ ਨੂੰ ਤਾਕਤਵਰ ਕਰ ਰਿਹਾ ਹੈ। ਪੱਤਰਕਾਰ ਅਤੇ ਵਿਚਾਰਕ ਲੋਕ ਅਤੇ ਮੀਡੀਆ ਅਦਾਰੇ ਜਿਹੜੇ ਚਮਕੀਲੇ ਦੇ ਹੱਕ ਵਿੱਚ ਪ੍ਰਵਚਨ ਖੜਾ ਕਰ ਰਹੇ ਹਨ ਉਹ ਅਦਿਖ ਰੂਪ ਦੇ ਵਿੱਚ ਪੰਜਾਬ ਅੰਦਰ ਨਸ਼ੇ, ਔਰਤ ਵਿਰੋਧੀ ਹਿੰਸਾ ਅਤੇ ਵੈਲੀਪਣੇ ਨੂੰ ਉਭਾਰ ਰਹੇ ਹਨ।

ਤਸਕੀਨ ਅਨੁਸਾਰ ‘ਚਮਕੀਲੇ ਦੇ ਗੀਤ ਕਿਸੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਦੀ ਬਜਾਏ ਅਜਿਹੇ ਵਿਅਕਤੀ ਦੀ ਸਿਰਜਣਾ ਕਰਦੇ ਹਨ, ਜੋ ਇਖਲਾਕਹੀਣ, ਇਮਾਨਫਰੋਸ਼, ਜ਼ਮੀਰਫ਼ਰੋਸ਼, ਮਾਨਵੀ ਮੁੱਲਾਂ ਤੋਂ ਸੱਖਣੀ ਅਨੈਤਿਕ ‘ਮਰਦਾਨਗੀ’ ‘ਤੇ ਟਿਕਿਆ ਹੋਇਆ ਕਿਸੇ ਵੀ ਤਹਿਜੀਬ ਤੋਂ ਅਭਿੱਜ ਹੈ। ਕਾਮਨਾ ਦਾ ਹਾਬੜਾ ਉਸਨੂੰ ਕੁਦਰਤੀ ਲਿੰਗਕ ਆਨੰਦ ਵਿਚ ਢਾਲਣ ਦੀ ਬਜਾਏ ਖਪਤਵਾਦੀ ਹਵਸ ਦੇ ਭੋਖੜੇ ਦਾ ਸ਼ਿਕਾਰ ਬਣਾਉਂਦਾ ਹੈ, ਜਿਸ ਵਿਚ ਔਰਤ ਦੇਹ ਇਕ ਖਪਤਵਾਦੀ ਵਸਤੂ ਹੈ। ਜਿਸਨੂੰ ‘ਮਾਲ ਪੂੜਿਆਂ ਵਾਂਗ ਦਿਹਾੜੀ ‘ਚ ਕਈ ਵਾਰ ਹਿੰਸਕ ਸੈਕਸ ਲਈ ਝੱਫਿਆ’ ਜਾ ਸਕਦਾ ਹੈ। ਜਿਸ ਲਈ ਧਨ ਅਤੇ ਹਿੰਸਾ ਨਸ਼ੇ ਦੀ ਬੇਇੰਤਹਾ ਜ਼ਰੂਰਤ ਹੈ। ਇਹ ਇਕ ਐਸਾ ਫੈਂਟੇਸੀ ਭਰਿਆ ਜਸ਼ਨ ਹੈ ਜੋ ਕਾਮੁਕ ਪਾਗ਼ਲਪਨ ਦੇ ਰਸਤਿਉਂ ਹੋ ਕੇ ਲੰਘਦਾ ਹੈ। ਚਮਕੀਲੇ ਦੇ ਜ਼ਿਹਨੀ ਚਿੱਤਰਪੱਟ ‘ਤੇ ਸੈਕਸ ਪੂਰਤੀ ਲਈ ਜੁਰਮ ਦੀ ਦੁਨੀਆਂ ‘ਚੋਂ ਲੰਘਣਾ ਹੀ ਇਕ ਮਾਤਰ ਰਾਹ ਹੈ। ਜਿਸਦੀ ਭਰਪਾਈ ਹਿੰਸਾ ਅਤੇ ਉਸਦੇ ਸਹਾਇਕ ਨਸ਼ੇ ਨਾਲ ਨੱਕੋ ਨੱਕ ਭਰੀ ਪਈ ਹੈ। ਜਿਸ ਔਰਤ ਦੀ ਤਹਿ ਚਮਕੀਲੇ ਦਾ ਮਰਦ ਲਾਉਂਦਾ ਹੈ ਉਸ ਵਿਚ ਭੈਣ ਦੀ ਨਣਾਨ, ਪਿਉ ਦੀ ਕੁੜਮਣੀ, ਸਾਲੀ, ਭਰਜਾਈ ਸਭ ਰਿਸ਼ਤੇ ਸ਼ਾਮਿਲ ਹਨ। ਉਸਦੀਆਂ ਇਛਾਵਾਂ ਦੀ ਪਤਨੀ ਵੀ ਪਤੀ ਕੋਲੋਂ ‘ਹਿੱਕ ਉੱਤੇ ਸੋ ਜਾ ਵੇ ਸ਼ਰਾਬੀ ਬਣਕੇ’ ਦੀ ਮੰਗ ਕਰਦੀ ਹੈ। ਭਾਵ ਚਮਕੀਲੇ ਦੇ ਗੀਤਾਂ ਵਿਚ ਪਤਨੀ, ਪ੍ਰੇਮਿਕਾ, ਰਿਸ਼ਤੇ, ਵੇਸਵਾ ਸਭ ਇੱਕੋ ਹੀ ਸਥਿਤੀ ਹਵਸ ਨੂੰ ਪ੍ਰਾਪਤ ਹੁੰਦੀਆਂ ਹਨ। ਇਹਨਾਂ ਦੀਆਂ ਸਮਾਜ-ਆਰਥਿਕ ਸਥਿਤੀਆਂ ਦੀ ਭਿੰਨਤਾ ਵੀ ਗੌਣ ਹੋ ਜਾਂਦੀ ਹੈ। ਹਰ ਰਿਸ਼ਤੇ ਵਿਚ ਤੀਵੀਂ ਦੀ ਸਰੀਰਕ ‘ਤਹਿ ਲਾਉਣਾ’ ਚਮਕੀਲੇ ਦੀ ਫੈਂਟੇਸੀ ਦਾ ਕੁੱਲ ਜੋੜ ਹੈ।’

ਚਮਕੀਲਾ ਪੰਜਾਬ ਵਿੱਚ ਕਾਰਪੋਰੇਟ ਪੂੰਜੀਵਾਦ ਆਉਣ ਤੋਂ ਪਹਿਲਾਂ ਔਰਤ ਪ੍ਰਤੀ ਬਿਲਕੁਲ ਉਹੀ ਸਮਝ ਅਤੇ ਮਾਹੌਲ ਪੈਦਾ ਕਰ ਰਿਹਾ ਹੈ ਜਿਹੜਾ ਕਾਰਪੋਰੇਟ ਪੂੰਜੀਵਾਦ ਨੂੰ ਬੇਹੱਦ ਲੋੜੀਂਦਾ ਹੈ। ਪੂੰਜੀਵਾਦ ਵਿੱਚ ਔਰਤ ਮੁਨਾਫੇ ਲਈ ਵਰਤੇ ਜਾਣ ਵਾਲਾ ਇੱਕ ਸੰਦ ਹੈ ਕੋਈ ਜਿਉਂਦੀ ਜਾਗਦੀ ਮਾਨਵੀ ਸ਼ੈ ਨਹੀਂ। ਇਸ ਦੇ ਹਵਾਲੇ ਲਈ ਸ਼ੀਲਾ ਜੋਇ ਜੈਫਰੇਜ (Sheila Joy Jeffreys) ਦੀਆਂ ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ ਉਸਨੇ ਕਾਮ ਵਪਾਰ ਉੱਪਰ ਗੌਲਣਯੋਗ ਕੰਮ ਕੀਤਾ ਹੈ। ਚਮਕੀਲਾ ਪੰਜਾਬੀ ਕੁੜੀ ਨੂੰ ਮੰਡੀ ਦੀ ਇੱਕ ਕਾਮੁਕ ਚੀਜ਼ ਬਣਾਉਂਦਾ ਹੈ ਅਤੇ ਪੰਜਾਬੀ ਬੰਦੇ ਨੂੰ ਉਸ ਦਾ ਖਪਤਕਾਰ। ਚਮਕੀਲਾ ਜਦੋਂ ਪ੍ਰੇਮਕਾ, ਪਤਨੀ ਅਤੇ ਹਰ ਰਿਸ਼ਤੇ ਨੂੰ ਵੇਸ਼ਵਾ ਬਣਾ ਦਿੰਦਾ ਹੈ ਇਹ ਪੰਜਾਬੀ ਨੈਤਿਕਤਾ ਨੂੰ ਉਲਟੇ ਗੇੜ ਰੱਦ ਕਰਨਾ ਹੈ। ਤਸਕੀਨ ਮੂਜਬ ‘ਚਮਕੀਲਾ ਅਜਿਹੇ ਵਿਚਾਰਾਂ ਦਾ ਵਿਕਰੇਤਾ ਹੈ, ਜਿਸ ਵਿਚ ਮਾਨਵੀ ਸਮਾਜਿਕ ਮਰਯਾਦਾ, ਰਿਸ਼ਤੇ-ਨਾਤੇ ਉਸਦੇ ਕਾਮੁਕ ਭੋਖੜੇ ਅੱਗੇ ਬੌਣੇ ਹਨ। ਜੇ ਕੋਈ ਉਸਦੇ ਇਸ ਵਿਚਾਰ ਦਾ ਵਿਰੋਧੀ ਹੈ ਤਾਂ ਉਸਨੂੰ ਹਿੰਸਾ ਰਾਹੀਂ ਠੋਕਿਆ ਜਾਣਾ ਬਣਦਾ ਹੈ।’ ਉਸ ਅਨੁਸਾਰ ‘ਚਮਕੀਲੇ ਦੇ ਗੀਤਾਂ ਵਿਚ ਔਰਤ ਅਜਿਹੇ ਕਾਮੁਕ ਮਨੋਰੰਜਨ ਦੀ ਵਸਤੂ ਹੋ ਜਿਸਦਾ ਨਾ ਕੋਈ ਆਪਣਾ ਵਿਚਾਰ ਹੈ ਅਤੇ ਨਾ ਕੋਈ ਹੋਂਦ, ਜਿਵੇਂ ਮੱਧਕਾਲੀ ਇਸ਼ਕ ਵਿਚ ਔਰਤ ਇਕ ਪੂਰਨ ਬਰਾਬਰਤਾ ਦੀ ਇਕਾਈ ਹੈ, ਜੋ ਪੁਰਖ ਤੰਤਰੀ ਵਿਵਸਥਾ ਦੀਆਂ ਚੂਲਾਂ ਹਿਲਾਉਂਦੀ ਆਜ਼ਾਦ ਹੋਂਦ ਵਜੋਂ ਵਿਚਰਦੀ ਹੈ, ਉਦਾਹਰਨ ਲਈ ਵਾਰਿਸ ਦੀ ਹੀਰ ਅਤੇ ਬੁੱਲ੍ਹੇ ਸ਼ਾਹ ਦੀ ‘ਕੰਜਰੀ’। ਚਮਕੀਲੇ ਦੇ ਵਿਚਾਰ ਔਰਤ ਦੀ ਹੋਂਦ ਨੂੰ ਪੂਰੀ ਤਰ੍ਹਾਂ ਹਿੰਸਕ ਪੁਰਖ ਤੰਤਰੀ ਗਾਲੀ ਗਲੋਚ ਨਾਲ ਰੱਦ ਕਰਦੇ ਹਨ, “ਮੈਂ ਮਾਰੂ ਧੌਣ ਵਿਚ ਹੂਰੇ ਸਾਲੇ ਦੀ ਏ ਬੋਲੀ ਜਾਨੀ ਏਂ”। ਇਸ ਤਰ੍ਹਾਂ ਪੰਜਾਬੀ ਔਰਤ ਦੀ ਪ੍ਰਸੰਗ ਵਿੱਚ ਚਮਕੀਲਾ ‘ਤੂੜੀ ਦੀ ਪੰਡ’ ਦਰਿਆ ਵਿੱਚ ਖੋਲਦਾ ਨਹੀਂ ਖਿੰਡਿਆ ਦਿੰਦਾ ਹੈ। ਕੋਈ ਸੱਭਿਆਚਾਰ ਇਸ ਤਰ੍ਹਾਂ ਦਾ ਪ੍ਰਵਚਨ ਪ੍ਰਵਾਨ ਨਹੀਂ ਕਰਦਾ। ਇਸ ਲਈ ਚਮਕੀਲੇ ਦਾ ਕਿਸੇ ਵੀ ਪੱਧਰ ਤੱਕ ਪ੍ਰਤੀਕਰਮ ਹੋਣਾ ਸੁਭਾਵਿਕ ਸੀ। ਇਹ ਪ੍ਰਤੀਕਰਮ ਗੋਲੀ ਦੇ ਰੂਪ ਵਿੱਚ ਕਤਲ ਵਜੋਂ ਹੋਇਆ ਕਿਉਂਕਿ ਚਮਕੀਲਾ ਵੀ ਉਸਦੇ ਰਾਹ ਵਿੱਚ ਵਿਰੋਧੀ ਬਣਨ ਵਾਲੇ ਨੂੰ ਹਿੰਸਾ ਰਾਹੀਂ ਠੋਕੇ ਜਾਣ ਦਾ ਧਾਰਨੀ ਸੀ।

ਤਸਕੀਨ ਚਮਕੀਲੇ ਦੀਆਂ ਫੈਂਟਸੀਆਂ ਵਿਚਲੀ ਔਰਤ ਨੂੰ ‘ਬੇਬੀਡੌਲ’ ਆਖਦਾ ਹੈ। ‘ਬੇਬੀਡੌਲ’ ਪੂੰਜੀਵਾਦ ਦਾ ਇੱਕ ਸੰਦ ਹੈ ਜੋ ਬੱਚੇ ਨੂੰ ਜਨਮ ਤੋਂ ਹੀ ਖਪਤਕਾਰ ਬਣਾਉਂਦਾ ਹੈ। ਤਸਕੀਨ ਅਨੁਸਾਰ ਚਮਕੀਲੇ ਦੇ ਗੀਤਾਂ ਵਿੱਚ ਔਰਤ ਨੂੰ ‘ਹਿੰਸਾ ਦੇ ਮਰਦਾਵੇਂ ਦਾਬੇ ਰਾਹੀਂ ਕਾਬੂ ਵਿਚ ਰੱਖਣਾ ਜਗੀਰੂ ਸ਼ਰਤ ਹੈ। ਹਿੰਸਾ ਅਤੇ ਪੋਰਨੋਗਰਾਫ਼ੀ ਦਾ ਗਹਿਰਾ ਰਿਸ਼ਤਾ ਹੈ, ਫਾਸੀਵਾਦੀ ਕਾਸਟਿਊਮ ਅਤੇ ਪੋਰਨੋਗਰਾਫੀ ਦਾ ਗਹਿਰਾ ਰਿਸ਼ਤਾ ਹੈ, ਜਿਸ ਵਿਚ ਮਰਦ ਔਰਤ ਨਾਲ ਕਾਮੁਕਤਾ ਨੂੰ ਹਿੰਸਕ ਰੂਪ ‘ਚ ਕਸ਼ਟ ਪਹੁੰਚਾ ਕੇ ਆਨੰਦ ਪ੍ਰਾਪਤ ਕਰਦਾ ਹੈ। ਚਮਕੀਲਾ ਵੀ ਅਜਿਹੀ ਹੀ ਆਡੀਉ ਕਾਮੁਕਗ੍ਰਾਫ਼ੀ ਦੇ ਭੰਡਾਰ ਰਾਹੀਂ ਪੰਜਾਬੀ ਬੰਦੇ ਦੇ ਕਾਮੁਕ ਭੋਖੜੇ ਨੂੰ ਜਸ਼ਨ ਵਿਚ ਖਿਆਲੀ ਸੈਕਸ ਦੀ ਤ੍ਰਿਪਤੀ ਨਾਲ ਭਰ ਦਿੰਦਾ ਹੈ, ਜੋ ਕਾਮੁਕ ਹਿੰਸਾ ਰਾਹੀਂ ਔਰਤ ਦੀ ਤਸੱਲੀ ਕਰਾ ਕੇ ਮਰਦ ਦੀ ਮਰਦਾਨਗੀ ਨੂੰ ਚਮਕਾਉਂਦਾ/ਪੱਠੇ ਪਾਉਂਦਾ ਹੈ।’

4
‘ਸ਼ਬਦ ਜੰਗ’ ਵਿੱਚ ਸੇਵਕ ਸਿੰਘ ਆਖਦਾ ਹੈ ਕਿ ਸੱਤਾ ‘ਦੁਸ਼ਮਣ ਦੀ ਹਸਤੀ ਨੂੰ ਕਲਪਨਾ ਵਿੱਚ ਮੇਟਣ ਲਈ ਕਲਾ ਸਾਹਿਤ ਅਤੇ ਮਨੋਰੰਜਨ ਦੀ ਵਰਤੋਂ ਕਰਦੀ ਹੈ ਕਿਉਂਕਿ ਕਲਾ ਉਹ ਰਾਹ ਹੈ ਜਿਥੇ ਬੰਦਾ ਕਲਪਨਾ ਕਰਨ ਲਈ ਆਜ਼ਾਦ ਹੈ ਕਿਸੇ ਤੱਥ ਦਲੀਲ ਦੇ ਸਿਧਾਂਤਕ ਜਾਂ ਇਤਿਹਾਸਿਕ ਬੰਨਣ ਵਿੱਚ ਨਹੀਂ ਹੁੰਦਾ।’ ਤਸਕੀਨ ਵੀ ਕਹਿੰਦਾ ਹੈ ਕਿ ‘ਖਪਤਕਾਰ ਅਜਿਹਾ ਅਤਾਰਕਿਕ ਵਿਅਕਤੀ ਹੈ, ਜੋ ਕਾਮ ਭੋਖੜੇ ਵਿਚ ਉਸਦੇ ਵਿਚਾਰਾਂ ਉੱਪਰ ਕੋਈ ਗੌਰ ਕਰਨ ਦੀ ਬਜਾਏ ਉਸਦੀ ਫੈਂਟੇਸੀ ਦੁਆਰਾ ਉਸਾਰੇ ਕਥਾ ਦ੍ਰਿਸ਼ ਵਿਚ ਕੈਦ ਹੋ ਕੇ ਸਮਾਜਿਕ ਹਕੀਕਤ ਨੂੰ ਭੁੱਲ ਹੀ ਜਾਂਦਾ ਹੈ। ਕਥਾ ਅਜਿਹਾ ਹੀ ਕਾਰਜ ਕਰਦੀ ਹੈ। ਪੁਰਾਣਿਕ ਗ੍ਰੰਥ ਵੀ ਚਮਤਕਾਰੀ ਕਥਾ ਸੰਸਾਰ ਰਾਹੀਂ ਅਜਿਹੀ ਹੀ ਭੂਮਿਕਾ ਨਿਭਾਉਂਦੇ ਮਨੁੱਖ ਨੂੰ ਅਤਾਰਕਿਕ/ਇਤਿਹਾਸਹੀਣ ਸਥਿਤੀ ‘ਚ ਲੈ ਜਾਂਦੇ ਹਨ। ਇਤਿਹਾਸਹੀਣ ਲੋਕ ਆਪਣੇ ਹੋਣ ਦੀ ਜਦੋਜਹਿਦ ਤੋਂ ਵਿਰਵੇ ਹੋ ਜਾਂਦੇ ਹਨ।’ ਚਮਕੀਲਾ ਉਸ ਵੇਲੇ ਪੰਜਾਬੀ ਬੰਦੇ ਨੂੰ ਇਤਿਹਾਸਹੀਣ ਅਤੇ ਪੰਜਾਬ ਲਈ ਹੋਣ ਵਾਲੀ ਜੱਦੋਜਹਿਦ ਤੋਂ ਵਿਰਵਾ ਕਰ ਰਿਹਾ ਹੈ ਜਦੋਂ ਪੰਜਾਬ ਦੀ ਭਾਰਤੀ ਹਕੂਮਤ ਨਾਲ ਅਸਾਵੀਂ ਜੰਗ ਚੱਲ ਰਹੀ ਸੀ। ਚਮਕੀਲਾ ਪੰਜਾਬ ਵੱਲ ਹੋਣ ਦੀ ਥਾਂ ਬ੍ਰਾਹਮਣਵਾਦੀ ਜਾਤਵਾਦੀ ਭਾਰਤੀ ਹਕੂਮਤ ਵੱਲ ਖੜ੍ਹ ਰਿਹਾ ਹੈ।

ਤਸਕੀਨ ਪੰਜਾਬੀ ਗੀਤਕਾਰਾਂ, ਗਾਇਕਾਂ, ਪਾਪੂਲਰ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਸਵਾਲ ਹੇਠ ਲੈਂਦਾ ਕਹਿੰਦਾ ਹੈ “ਜਦੋਂ ਚਮਕੀਲਾ ਮਨੋਰੰਜਨ ਉਦਯੋਗ ਦਾ ਹਾਲੇ ਵੀ ਆਦਰਸ਼ ਆਈਕਨ ਹੈ ਤਾਂ ਪੰਜਾਬੀ ਸੱਭਿਆਚਾਰ ਦਾ ਪਤਨ ਹੋਣਾ ਤੈਅ ਹੈ।” ਤਸਕੀਨ ਪੰਜਾਬੀ ਸੱਭਿਆਚਾਰ ਦੇ ਭਵਿੱਖ ਦਾ ਇਹ ਟੇਵਾ ਪੰਜਾਬ ਦੇ ਮੀਡੀਆ ਅਤੇ ਮਨੋਰੰਜਨ ਉਦਯੋਗ ਦਾ ਵਿਸ਼ਲੇਸ਼ਣਹੀਣ ਹੋ ਜਾਣ ਕਰਕੇ ਲਾਉਂਦਾ ਹੈ। ਪੰਜਾਬ ਦਾ ਮੀਡੀਆ ਅਤੇ ਮਨੋਰੰਜਨ ਉਦਯੋਗ ਪੰਜਾਬ ਨਾਲ ਖੜਨ ਦੀ ਥਾਂ ਸੱਤਾ ਦੇ ਪ੍ਰਵਚਨ ਨਾਲ ਖੜ੍ਹਨ ਨੂੰ ਵਧੇਰੇ ਤਰਜੀਹ ਦਿੰਦਾ ਹੈ। ਉਸ ਦਾ ਮੂਲ ਕਾਰਨ ਇਹ ਹੈ ਕਿ ਮੀਡੀਆ ਅਤੇ ਮਨੋਰੰਜਨ ਉਦਯੋਗ ਵਪਾਰ ਅਤੇ ਮੁਨਾਫੇ ਲਈ ਹਨ। ਪੰਜਾਬ ਅਤੇ ਭਾਰਤ ਦੀ ਰਾਜਨੀਤਿਕ ਵਿਆਕਰਣ ਵਿੱਚ ਪੰਜਾਬ ਨਾਲ ਖੜ੍ਹਨ ਦਾ ਮਤਲਬ ਵਪਾਰ ਅਤੇ ਮੁਨਾਫੇ ਵਿੱਚ ਘਾਟਾ ਹੀ ਘਾਟਾ ਹੈ। ਇਸ ਲਈ ਉਹ ਲੋਕ ਮੁਨਾਫੇ ਵੱਲ ਖੜ੍ਹਦੇ ਹਨ। ਇੱਥੇ ਸਵਾਲ ਇਹ ਹੈ ਕਿ ਮੀਡੀਆ ਅਤੇ ਮਨੋਰੰਜਨ ਉਦਯੋਗ ਨੂੰ ਜਿਹੜਾ ਵਰਗ ਰੋਕ ਜਾਂ ਘੇਰ ਰਿਹਾ ਹੈ ਉਸ ਨੂੰ ਹੀ ਨਿਸ਼ਾਨਾ ਬਣਾਉਣ ਵਿੱਚ ਵਿਦਵਾਨ ਤਬਕਾ ਵੀ ਸੱਤਾ ਅਤੇ ਮਨੋਰੰਜਨ ਉਦਯੋਗ ਦਾ ਸਾਥ ਦੇਣ ਲੱਗ ਜਾਂਦਾ ਹੈ ਹੈ। ਇਸ ਲਈ ਪੰਜਾਬ ਦੀ ਵਿਦਵਤਾ, ਮੀਡੀਆ, ਮਨੋਰੰਜਨ ਉਦਯੋਗ, ਅਕਾਦਮਿਕਤਾ ਆਦਿ ਸਭ ਸਵਾਲ ਹੇਠ ਆ ਜਾਂਦੇ ਹਨ।

5
ਅੱਜ ਪੰਜਾਬ ਦੀ ਹਰ ਔਰਤ, ਹਰ ਜਿੰਮੇਵਾਰ ਬੰਦਾ ਪੰਜਾਬ ਵਿੱਚ ਨਸ਼ੇ ਦੇ ਕਾਰੋਬਾਰ ਅਤੇ ਵਰਤਾਰੇ ਤੋਂ ਫਿਕਰਮੰਦ ਹੈ। ਕੁਝ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਵੀ ਨਸ਼ੇ ਦੇ ਕਾਰੋਬਾਰੀਆਂ ਨੂੰ ਪੰਜਾਬ ਤੇ ਹਰਿਆਣਾ ਦੀ ਨੌਜਵਾਨੀ ਦੇ ਕਾਤਲ ਆਖਿਆ ਹੈ। ਇਹ ਤਸਕੀਨ ਅਨੁਸਾਰ ‘ਚਮਕੀਲੇ ਦੇ ਵਿਚਾਰਾਂ ਵਿਚਲੇ ਪਾਤਰ ਅਮਾਨਵੀ ਕਾਮੁਕਤਾ ਨੂੰ ਹੰਢਾਉਂਦੇ ਜੁਰਮ ਦੀ ਦੁਨੀਆ ਵਿਚ ਵਿਚਰਦੇ ਹਨ ਅਤੇ ਜਿਸ ਦਾ ਸਹਾਰਾ ਹਿੰਸਾ ਹੈ, ਜਿਸਨੂੰ ਜਾਰੀ ਰੱਖਣ ਲਈ ਅਜਿਹੇ ਨਸ਼ੇ ਦੀ ਡੋਜ ਚਾਹੀਦੀ ਹੈ ਜੋ ਬੰਦੇ ਨੂੰ ਬੰਦਾ ਨਾ ਰਹਿਣ ਦੇਵੇ।’ ਜੋ ਲੋਕ ਅਜਿਹੇ ਚਮਕੀਲੇ ਦੀ ਵਕਾਲਤ ਕਰ ਰਹੇ ਹਨ ਉਹਨਾਂ ਨੂੰ ਪੰਜਾਬ ਦੇ ਦਰਦਮੰਦ ਕਿਵੇਂ ਆਖਿਆ ਜਾ ਸਕਦਾ ਹੈ? ਕੀ ਕਿਸੇ ਨੂੰ ਕਲਾ ਰਾਹੀਂ ਅਜਿਹਾ ਕੁਝ ਅਮਾਨਵੀ ਅਤੇ ਇਖਲਾਕਹੀਣ ਪੇਸ਼ ਕਰਨ ਦੀ ਆਗਿਆ ਦਿੱਤੀ ਜਾ ਸਕਦੀ ਹੈ? ਜਦੋਂਕਿ ਦੂਜੇ ਪਾਸੇ ਸਰਕਾਰ ਦਾ ਇੱਕ ਸੈਂਸਰ ਬੋਰਡ ਸਰਕਾਰ ਤੋਂ ਖਿਲਾਫ ਇੱਕ ਬੋਲ/ਦ੍ਰਿਸ਼ ਵੀ ਨਹੀਂ ਲੰਘਣ ਦਿੰਦਾ ਪਰ ਦੂਜੇ ਪਾਸੇ ਅਧੀਨ ਸਮਾਜਾਂ ਦੇ ਖਿਲਾਫ ਸਭ ਕੁਝ ਕਲਾ ਦੇ ਰਾਹੀਂ ਲੰਘਾ ਦੇਣ ਦਾ ਯਤਨ ਜਾਰੀ ਹੈ। ਚਮਕੀਲਾ ਫਿਲਮ ਇਸੇ ਕਵਾਇਦ ਦਾ ਇੱਕ ਪੜਾਅ ਹੈ।

ਮਨੋਰੰਜਨ ਇਕ ਮਾਨਸਿਕ ਨਸ਼ਾ ਹੈ। ਸੇਵਕ ਸਿੰਘ ਅਨੁਸਾਰ ‘ਹਥਿਆਰਬੰਦ ਜੰਗ ਦੇ ਖਿਚਾਅ-ਤਣਾਅ ਵਾਲੇ ਅਸਰ ਨਾਲ ਮਨੁੱਖੀ ਮਨ ਲਈ ਮਨੋਰੰਜਨ ਦੀ ਲੋੜ ਵਧਦੀ ਹੈ ਤੇ ਦੂਜੇ ਪਾਸੇ ਵਿਆਖਿਆ ਜੰਗ ਵਿੱਚ ਕਲਾ ਦੀ ਲੋੜ ਵਧਦੀ ਹੈ।’ ਇਸੇ ਪੜਾਅ ਤੇ ਸੱਤਾ ਕਲਾ ਉਤਾਰਦੀ ਹੈ ਅਤੇ ਲੋਕਾਂ ਨੂੰ ਕਲਾ ਵਿੱਚ ਖਿੱਚਦੀ ਹੈ। ਚਮਕੀਲਾ ਇਸੇ ਤਰ੍ਹਾਂ ਦੇ ਮਾਹੌਲ ਵਿੱਚ ਕਿਵੇਂ ਸੱਤਾ ਦੀ ਪੰਜਾਬ ਵਿਰੋਧੀ ਮਨੋਰੰਜਨੀ ਵਿਆਖਿਆ ਦਾ ਹਿੱਸਾ ਬਣ ਜਾਂਦਾ ਹੈ ਉਸਨੂੰ ਤਸਕੀਨ ਪਛਾਣਦਾ ਹੈ, ‘ਉਸ (ਚਮਕੀਲੇ) ਨੇ ਕਾਮਨਾ ਨੂੰ ਪ੍ਰਤੀਕ/ਬਿੰਬ ਦੇ ਪ੍ਰੰਪਰਿਕ ਗਾਇਨ ਨਾਲੋਂ ਤੋੜ ਕੇ ਦ੍ਰਿਸ਼ ਕਥਾ ਨਾਲ ਭਰ ਦਿੱਤਾ। ਪਹਿਲਾਂ ‘ਹਿੱਕ ਤੇ ਤਵੀਤੜੀ’ ਆਦਿ ਦੇ ਸੰਕੇਤ ਰਾਹੀਂ ਇਕ ਕਾਲਪਨਿਕ ਆਨੰਦ ਨਾਲ ਸਰਾਬੋਰ ਕੀਤਾ ਜਾਂਦਾ ਸੀ। ਚਮਕੀਲੇ ਨੇ “ਹਿੱਕ ਉੱਤੇ ਸੋ ਜਾ ਵੇ ਸ਼ਰਾਬੀ ਬਣਕੇ” ਦੇ ਦ੍ਰਿਸ਼ ਰਾਹੀਂ ਸਰੋਤੇ ਨਾਲ ਨੇੜਤਾ ਗੰਢ ਲਈ। ਉਸਦੀ ਠੇਠ ਮੁਹਾਵਰਾਮਈ ਭਾਸ਼ਾ ਵਿਚ ਉਸਾਰੀ ਫੈਂਟੇਸੀ ਅਤੇ ਸੁਰ-ਤਾਲ ਸਰੋਤੇ ਨੂੰ ਕੀਲ ਲੈਂਦੇ ਹਨ, ਜਿੱਥੇ ਵਿਵੇਕ ਤੋਂ ਬਿਨ੍ਹਾ ਅਰਥ ਅਰਥਹੀਣ ਹੋ ਜਾਂਦੇ ਹਨ। ਇਹੋ ਉਸਦੇ ਸ਼ਬਦਾਂ ਦੀ ਜਾਦੂਗਰੀ ਹੈ ਕਿ ਉਸਦੀ ਦ੍ਰਿਸ਼ਕਾਰੀ ‘ਚ ਉਲਝਿਆ ਉਸਦਾ ਖਪਤਕਾਰ ਮਦਹੋਸ਼ੀ ਦੇ ਆਲਮ ‘ਚ ਹੋਸ਼ ਗੁਆ ਲੈਂਦਾ। ਇਹ ਤਲਿਸਮ ਪੰਜਾਬੀ ਬੰਦੇ ਨੂੰ ਹਕੀਕੀ ਸਮਾਜਿਕ ਘੁਟਨ ‘ਚੋਂ ਦੂਰ ਲੈ ਜਾਂਦਾ ਹੈ। ਉਹ ਆਪਣੇ ਹੋਣ ਦੀ ਜਦੋ-ਜਹਿਦ ਤੋਂ ਬੇਮੁੱਖ ਭਾਂਜ ਦੇ ਰਾਹੇ ਹੋ ਤੁਰਦਾ ਹੈ।’

ਇਸ ਲਈ ਜਦੋਂ ਪੰਜਾਬੀ ਬੰਦੇ ਨੂੰ ਸਭ ਤੋਂ ਵੱਧ ਹਾਜ਼ਰ ਰਹਿਣ ਦੀ ਲੋੜ ਸੀ ਉਸ ਵੇਲੇ ਚਮਕੀਲਾ ਬੰਦੇ ਨੂੰ ਚੱਲ ਰਹੀ ਜੱਦੋਜਹਿਦ ਤੋਂ ਭਜਾ ਕੇ ਗੈਰਹਾਜ਼ਰ ਕਰ ਦਿੰਦਾ ਹੈ। ਤਸਕੀਨ ਸਮਾਜਵਾਦੀ ਮੁਹਾਵਰੇ ਵਿੱਚ ਆਖਦਾ ਹੈ ‘ਚਮਕੀਲੇ ਦਾ ਇਸ਼ਕ ਨਵੇਂ ਮਾਲੀ ਸਾਧਨਾਂ ‘ਤੇ ਕਾਬਜ ਧਿਰ ਤੋਂ ਖ਼ੌਫ਼ ਦਾ ਰਾਹ ਅਖਤਿਆਰ ਕਰਦਾ ਹੈ। ਜਜਬਿਆਂ ਨਾਲ ਭਰਪੂਰ ਸੰਵੇਦਨਾ ਦੇ ਨਿਖੇਧ ੱਚੋਂ ਉਹ ਅਜਿਹਾ ਰਾਹ ਚੁਣਦਾ ਹੈ, ਜੋ ਹਾਕਮ ਵਿਚਾਰਾਂ ਨਾਲ ਟਕਰਾਅ ਦੀ ਬਜਾਏ ਅਜਿਹੇ ਅਹਿਸਾਸਾਂ ਨੂੰ ਮਾਰਨ ਦਾ ਰਾਹ ਬਣਦਾ ਹੈ, ਜਿਹੜੇ ਜਮਾਤੀ ਟਕਰਾਅ ਦਾ ਹਿੰਸਾ ਨਾ ਬਣ ਸਕਣ। ਸਥਾਪਤੀ ਅਜਿਹੇ ਵਿਚਾਰਾਂ ਨੂੰ ਹੱਲਾਸ਼ੇਰੀ ਦਿੰਦੀ ਹੈ।’ ਚੱਲ ਰਹੀ ਜੰਗ ਵਿੱਚ ਅਜਿਹਾ ਨਿਭਾ ਗੱਦਾਰੀ ਵਜੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਚਮਕੀਲੇ ਵਰਗੀ ਗਾਇਕੀ ਦੁਆਰਾ ਪੰਜਾਬ ਲਈ ਜੱਦੋਜਹਿਦ ਤੋਂ ਭਾਂਜਵਾਦੀ ਬਣਾਏ ਬੰਦੇ ਕਰਕੇ ਪੰਜਾਬ ਅੱਜ ਤੋਂ 40 ਸਾਲ ਪਹਿਲਾਂ ਨਾਲੋਂ ਵੱਧ ਮੁਸ਼ਕਿਲਾਂ ਵਿੱਚ ਘਿਰਿਆ ਹੋਇਆ ਹੈ।

6
ਤਸਕੀਨ ਕਹਿੰਦਾ ਹੈ ਕਿ ‘ਗੱਡੀਆਂ, ਬਰੈਂਡ ਹਿੰਸਾ ਦਾ ਮੁੱਖ ਨਿਸ਼ਾਨਾ ਬਾਜ਼ਾਰੂ ਸਿੰਗਾਰ ਨੂੰ ਪ੍ਰਾਪਤ ਹੋਈ ਔਰਤ ਦਾ ਸ਼ਿਕਾਰ ਕਰਨਾ ਹੀ ਹੈ। ਅਮਰੀਕਣ ਪੋਰਨ ਇੰਡਸਟਰੀ ਦਾ ਵਿਸ਼ਾਲ ਕਾਰੋਬਾਰ ਇਹਨਾਂ ਤਿੰਨਾਂ ਅਲਾਮਤਾਂ ਉੱਪਰ ਟਿਕਿਆ ਹੋਇਆ ਹੈ। ਚਮਕੀਲਾ ਉਸ ਕੈਲੀਬਰ ਦਾ ਗੀਤਕਾਰ/ਕਲਾਕਾਰ ਸੀ ਜੋ ਅਮਰੀਕਣ ਪੋਰਨੋਗ੍ਰਾਫੀ ਦੇ ਵਾਸਤਵਿਕ ਰੂਪ ‘ਚ ਵਿਕਸਤ ਹੋਣ ਤੋਂ ਬਹੁਤ ਪਹਿਲਾਂ ਪੰਜਾਬੀ ਗਾਇਕੀ ਦੇ ਆਡੀਉ ਕਾਮੁਕਗ੍ਰਾਫੀ ਉਦਯੋਗ ਨੂੰ ਸਿਖਰ ‘ਤੇ ਲੈ ਗਿਆ। “ਰੰਨਾਂ ਦਾ ਗਾੜੂ ਤੇ ਠਰਕੀ ਭਾਰੂ” ਰਾਹੀਂ ਹਰੀ ਕ੍ਰਾਂਤੀ ਦੀ ਹਾਈਬ੍ਰਿਡ ਪੈਦਾਵਾਰ ਦੇ ‘ਮੁਨਾਫ਼ੇ’ ਦੇ ਜਸ਼ਨ ਨੂੰ ਚਮਕੀਲੇ ਦੀ ਵਿਚਾਰਧਾਰਾ ਨੇ ਆਥਾਹ ਬਲ ਬਖਸ਼ਿਆ ਅਤੇ ਪੰਜਾਬੀ ਬੰਦੇ ਦੇ ਕਿਰਦਾਰ ਦੀ ਨਸਲਕੁਸ਼ੀ ਕਰਦਿਆਂ ਉਸ ਅੰਦਰ ਹਵਸ ਦਾ ਭੋਖੜਾ ਭਰ ਦਿੱਤਾ। … ਹਰੀ ਕ੍ਰਾਂਤੀ ਦੀ ਅਤਾਰਕਿਕ ਭਾਵ ਗ਼ੈਰ ਕੁਦਰਤੀ ਪੈਦਾਵਾਰ ਨੇ ਅਜਿਹਾ ਹੀ ਕਾਰਾ ਕੀਤਾ ਹੈ ਕਿ ਪੰਜਾਬੀ ਬੰਦੇ ਨੂੰ ਉਸਦੀਆਂ ਵਿਵੇਕੀ ਇਤਿਹਾਸਕ ਜੜ੍ਹਾਂ ਨਾਲੋਂ ਤੋੜ ਦਿੱਤਾ ਹੈ। ਜਿਸ ਹਰੀ ਕ੍ਰਾਂਤੀ ‘ਚੋਂ ਉੱਭਰੀ ਸੋਚ ਦਾ ਆਦਰਸ਼ ਆਈਕਨ ਚਮਕੀਲਾ ਹੋਵੇ ਅਤੇ ਉਸਦੇ ਖਪਤਕਾਰ ਹੋਣ ਨੂੰ ਪੰਜਾਬੀ ਬੰਦਾ ਵਡਿਆਉਂਦਾ ਹੋਵੇ, ਉਸ ਸਮਾਜ ਦਾ ਪਤਨ ਹੋਣਾ ਤੈਅ ਹੈ।’ ਤਸਕੀਨ ਨੂੰ ਚਮਕੀਲੇ ਦੇ ਪ੍ਰਸੰਗ ਵਿੱਚ ਪੰਜਾਬੀ ਸਮਾਜ ਦਾ ਪਤਨ ਤੈਅ ਹੋਣਾ ਇਸ ਕਰਕੇ ਜਾਪਦਾ ਹੈ ਕਿ ਨਸ਼ੇ, ਪੋਰਨੋਗ੍ਰਾਫੀ ਅਤੇ ਔਰਤ ਵਿਰੋਧੀ ਬ੍ਰਾਹਮਣਵਾਦੀ-ਪੂੰਜੀਵਾਦੀ ਵਰਤਾਰੇ ਜਿਨ੍ਹਾਂ ਖਿਲਾਫ ਪੰਜਾਬੀ ਬੰਦੇ ਨੇ ਜਦੋਜਹਿਦ ਕਰਨੀ ਸੀ ਚਮਕੀਲਾ ਉਸੇ ਬੰਦੇ ਨੂੰ ਪੰਜਾਬੀ ਸਮਾਜ ਵਿੱਚ ਘੁਟਣ ਮਹਿਸੂਸ ਕਰਵਾ ਕੇ ਉਸ ਨੂੰ ਕਾਮਕ ਤ੍ਰਿਪਤੀ ਰਾਹੀਂ ਨਸ਼ੀਲੇ ਆਨੰਦ ਰਾਹੀਂ ਮਦਹੋਸ਼ ਕਰਦਾ ਹੈ। ਅਜਿਹਾ ਬੰਦਾ ਮਾਨਸਿਕ ਤੌਰ ਤੇ ਕਮਜ਼ੋਰ ਅਤੇ ਪੂੰਜੀਵਾਦੀ ਖਪਤਕਾਰੀ ਵਰਤਾਰੇ ਦਾ ਚੰਗਾ ਗਾਹਕ ਬਣਦਾ ਹੈ। ਤਸਕੀਨ ਚਮਕੀਲੇ ਦੇ ਪ੍ਰਵਚਨ ਵਿੱਚ ਬੰਦੇ ਨੂੰ ਸਮੂਹਿਕ ਬਲਾਤਕਾਰੀ ਬਣਾਉਣ ਵਾਲੇ ਲੱਛਣ ਵੇਖਦਾ ਹੈ। ਉਸ ਅਨੁਸਾਰ ‘ਚਮਕੀਲਾ ਔਰਤ ਦੇਹ ਨੂੰ ਵਰਤਣ ਲਈ ਮਰਦਾਂ ਦੇ ਸਮੂਹ ਵਿਚ ਅਜਿਹੀ ਮਰਦਾਵੀ ਦਲੇਰੀ ਭਰਨ ਦੀ ਕੋਸ਼ਿਸ਼ ਕਰਦਾ ਹੈ, ਜਿਵੇਂ ‘ਬਾਘ’ ਦੇ ਸ਼ਿਕਾਰ ‘ਤੇ ਚੜ੍ਹਾਈ ਕਰ ਰਿਹਾ ਹੋਵੇ।’

7

ਉਪਰੋਕਤ ਚਰਚਾ ਤੋਂ ਸਪਸ਼ਟ ਹੈ ਕਿ ਚਮਕੀਲਾ ਨਸ਼ੇ, ਔਰਤ ਨਾਲ ਧੱਕੇਸ਼ਾਹੀ, ਮਰਦਾਵੀਂ ਕਾਮੁਕ ਹਿੰਸਾ, ਵੈਲੀਪਣੇ ਦਾ ਆਦਰਸ਼ ਹੈ। ਉਹ ਅੱਜ ਦੇ ਪੰਜਾਬ ਦੀਆਂ ਵਿਰੋਧੀ ਤਾਕਤਾਂ ਭਾਰਤ ਦੀ ਕੇਂਦਰੀ ਬ੍ਰਾਹਮਣਵਾਦੀ ਸੱਤਾ ਅਤੇ ਕਾਰਪੋਰੇਟ ਪੂੰਜੀਵਾਦ ਦੇ ਪੱਖ ਵਿੱਚ ਭੁਗਤਦਾ ਹੈ। ਉਹ ਪੰਜਾਬੀ ਬੰਦੇ ਨੂੰ ਸੱਤਾ ਦੇ ਹੱਕ ਵਿੱਚ ਭੁਗਤਾਉਂਦਾ ਹੈ ਅਤੇ ਉਸ ਨੂੰ ਪੂੰਜੀਵਾਦੀ ਮੰਡੀ ਵਿੱਚ ਖਪਤਕਾਰ ਬਣਨ ਲਈ ਤਿਆਰ ਕਰਦਾ ਹੈ। ਚਮਕੀਲੇ ਨੂੰ ਪੰਜਾਬ ਜਾਂ ਭਾਰਤ ਵਿੱਚ ਕਿਸੇ ਵੀ ਥਾਂ ਤੇ ਆਦਰਸ਼ ਬਣਾਉਣਾ ਲੋਕਾਂ ਨਾਲ ਜਬਰੋ ਜੁਲਮ ਹੈ। ਲੋਕ ਹਿਤੂ ਨੁਕਤਾ ਨਿਗਾਹ ਤੋਂ ਚਮਕੀਲਾ ਫਿਲਮਾਂ ਰਾਹੀਂ ਮਨੋਰੰਜਨ ਦਾ ਵਿਸ਼ਾ ਹੋਣ ਦੀ ਵੀ ਕਾਬਲੀਅਤ ਨਹੀਂ ਰੱਖਦਾ। ਅਸਲ ਵਿੱਚ ਚਮਕੀਲਾ ਉਨਾਂ ਤਾਕਤਾਂ ਦਾ ਸੰਦ ਬਣਦਾ ਹੈ ਜਿਨਾਂ ਖਿਲਾਫ ਪੰਜਾਬ ਅਤੇ ਭਾਰਤ ਦੇ ਹੋਰ ਦਬੇ ਕੁਚਲੇ ਲੋਕਾਂ ਨੇ ਲੰਮਾ ਸਮਾਂ ਘਾਲਣਾ ਘਾਲ ਕੇ ਕਿਸਾਨ ਮੋਰਚਾ ਲੜਿਆ। ਚਮਕੀਲੇ ਨੂੰ ਮਨੋਰੰਜਨ ਵਜੋਂ ਪ੍ਰਵਾਨ ਕਰ ਲੈਣਾ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਉੱਪਰ ਆਪਣੇ ਆਪ ਪਾਣੀ ਫੇਰਨਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: