January 2, 2016 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (1 ਜਨਵਰੀ, 2016): ਪੰਜਾਬ ਵਿੱਚ ਖਾੜਕੂਵਾਦ ਦੌਰਾਨ ਲੋਕਾਂ ‘ਤੇ ਅਣਮਨੁੱਖੀ ਤਸ਼ੱਦਦ ਕਰਨ ਵਾਲੀ ਪੰਜਾਬ ਪੁਲਿਸ ਦੀ ਮਾਨਸਿਕਤਾ ਵਿੱਚ ਕੋਈ ਬਦਲਾਅ ਨਹੀਂ ਆਇਆ। ਹਰ ਦਿਨ ਪੁਲਿਸ ਵੱਲੋਂ ਕੀਤੇ ਅਣਮਨੁੱਖੀ ਕਾਰੇ ਮਨੁੱਖਤਾ ਨੂੰ ਸਰਮਸ਼ਾਰ ਕਰ ਰਹੇ ਹਨ।
ਸੰਗਰੂਰ ਵਿੱਚ ਨੋਜਵਾਨ ‘ਤੇ ਪੁਲਿਸ ਵੱਲੋਂ ਅਣਮਨੁੱਖੀ ਤਸ਼ੱਦਦ ਕਰਨ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਵੀ ਇੱਕ ਨੌਜਵਾਨ ‘ਤੇ ਤਸ਼ੱਦਦ ਕਰਨ ਦੀਆਂ ਖਬਰਾਂ ਮਿਲ ਰਹੀਆਂ ਹਨ।
ਮੋਟਰਸਾਈਕਲ ਚੋਰੀ ਮਾਮਲੇ ’ਚ ਇੱਕ ਪਾਰਕਿੰਗ ਕਰਿੰਦੇ ਨੂੰ ਚੁੱਕ ਕੇ ਪੁਲੀਸ ਨੇ ਉਸ ’ਤੇ ਕਥਿਤ ਤੌਰ ’ਤੇ ਇੰਨਾ ਤਸ਼ੱਦਦ ਕੀਤਾ ਕਿ ਉਸ ਨੇ ਬਾਹਰ ਆ ਕੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਉਸ ਦਾ ਕਸੂਰ ਸਿਰਫ਼ ਇੰਨ੍ਹਾ ਸੀ ਕਿ ਪਾਰਕਿੰਗ ’ਚ ਕੋਈ ਨੌਜਵਾਨ ਚੋਰੀ ਦਾ ਮੋਟਰਸਾਈਕਲ ਖੜ੍ਹਾ ਕਰ ਗਿਆ ਸੀ ਅਤੇ ਪੁਲੀਸ ਉਸ ਤੋਂ ਇਹ ਪੁੱਛ ਰਹੀ ਸੀ ਕਿ ਮੋਟਰਸਾਈਕਲ ਕਿਸ ਨੇ ਖੜ੍ਹਾ ਕੀਤਾ ਹੈ।
ਕਰਿੰਦੇ ਦਾ ਇਹੀਂ ਕਹਿਣਾ ਸੀ ਕਿ ਪਾਰਕਿੰਗ ’ਚ ਰੋਜ਼ਾਨਾ ਸੈਂਕੜੇ ਵਾਹਨ ਖੜ੍ਹੇ ਹੁੰਦੇ ਹਨ, ਉਹ ਕਿਵੇਂ ਦੱਸ ਸਕਦਾ ਹੈ ਕਿ ਕਿਹੜਾ ਵਾਹਨ ਕੌਣ ਖੜ੍ਹਾ ਕਰਕੇ ਗਿਆ ਹੈ। ਉਧਰ, ਜ਼ਹਿਰੀਲਾ ਪਦਾਰਥ ਨਿਗਲਣ ਤੋਂ ਬਾਅਦ ਨੌਜਵਾਨ ਦੀ ਜਾਨ ਤਾਂ ਬਚ ਗਈ, ਪ੍ਰੰਤੂ ਫਿਲਹਾਲ ਉਸ ਦੀ ਬੋਲਣ ਦੀ ਸਮਰੱਥਾ ’ਤੇ ਗੰਭੀਰ ਅਸਰ ਪਿਆ ਹੈ।
ਵੀਰਵਾਰ ਨੂੰ ਪਾਰਕਿੰਗ ਮੈਨੇਜਰ ਅਤੇ ਲਾਡੀ ਦੇ ਪਰਿਵਾਰ ਵਾਲੇ ਲਾਡੀ ਨੂੰ ਪੁਲੀਸ ਹਿਰਾਸਤ ’ਚੋਂ ਛੁਡਵਾ ਲਿਆਏ। ਇਸ ਤੋਂ ਬਾਅਦ ਉਸ ਨੇ ਖੁਦਕੁਸ਼ੀ ਕਰਨ ਲਈ ਜ਼ਹਿਰੀਲਾ ਪਦਾਰਥ ਨਿਗਲ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਰਿਸ਼ੀ ਨਗਰ ਵਾਸੀ ਅੰਮ੍ਰਿਤਪਾਲ ਸਿੰਘ ਉਰਫ਼ ਲਾਡੀ ਸਿਲਵਰ ਆਰਕ ਦੇ ਬਾਹਰ ਬਣੀ ਪਾਰਕਿੰਗ ’ਚ ਕਰਿੰਦਾ ਹੈ। ਉਸ ਨੂੰ ਪੰਜ ਦਿਨ ਹੋਏ ਸਨ ਕੰਮ ’ਤੇ ਲੱਗੇ। ਬੀਤੇ ਬੁੱਧਵਾਰ ਕੋਈ ਪਾਰਕਿੰਗ ’ਚ ਚੋਰੀ ਮੋਟਰਸਾਈਕਲ ਖੜ੍ਹਾ ਕਰਕੇ ਚਲਾ ਗਿਆ। ਜਿਸ ਨੌਜਵਾਨ ਦਾ ਮੋਟਰਸਾਈਕਲ ਸੀ, ਉਹ ਲੱਭਦਾ ਹੋਇਆ ਸਿਲਵਰ ਆਰਕ ਦੇ ਬਾਹਰ ਬਣੀ ਸਰਵਿਸ ਲੇਨ ਦੀ ਪਾਰਕਿੰਗ ਚੈੱਕ ਕਰਨ ਪੁੱਜਿਆ। ਉਥੇ ਉਸ ਦਾ ਮੋਟਰਸਾਈਕਲ ਪਾਰਕਿੰਗ ’ਚ ਖੜ੍ਹਾ ਸੀ। ਪਹਿਲਾਂ ਉਸ ਨੇ ਲਾਡੀ ਤੋਂ ਮੋਟਰਸਾਈਕਲ ਖੜ੍ਹੇ ਕਰਨ ਵਾਲੇ ਨੌਜਵਾਨ ਬਾਰੇ ਪੁੱਛਿਆ, ਪ੍ਰੰਤੂ ਉਸ ਨੇ ਕੁਝ ਪਤਾ ਨਾ ਹੋਣ ਬਾਰੇ ਖੁਲਾਸਾ ਕੀਤਾ। ਇਸ ਤੋਂ ਬਾਅਦ ਜਿਸ ਦਾ ਮੋਟਰਸਾਈਕਲ ਸੀ, ਉਹ ਨੌਜਵਾਨ ਥਾਣਾ ਡਵੀਜ਼ਨ ਨੰ. 5 ਦੀ ਪੁਲੀਸ ਕੋਲ ਪੁੱਜ ਗਿਆ।
Related Topics: Punjab Police, Punjab Police Atrocities