May 5, 2015 | By ਸਿੱਖ ਸਿਆਸਤ ਬਿਊਰੋ
ਲੁਧਿਆਣਾ ( 4 ਮਈ 2015): ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਸਜ਼ਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਪਿੱਛਲੇ 109 ਦਿਨਾਂ ਤੋਂ ਭੁੱਖ ਹੜਤਾਲ ‘ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਅੱਜ ਮਿਲਣ ਲਈ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਯੋਗਿੰਦਰ ਯਾਦਵ ਸਾਥੀਆਂ ਸਮੇਤ ਪਹੁੰਚੇ।
ਉਨ੍ਹਾਂ ਬਾਪੂ ਸੂਰਤ ਸਿੰਘ ਅਤੇ ਪਰਿਵਾਰ ਨੂੰ ਮਿਲਕੇ ਉਨ੍ਹਾਂ ਦੀ ਸਿਹਤ ਦਾ ਹਾਲ ਚਾਲ ਪੁੱਛਿਆ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਉਨ੍ਹਾਂ ਵੱਲੋਂ ਆਰੰਭੇ ਸੰਘਰਸ਼ ਦਾ ਸਮਰਥਨ ਕੀਤਾ।
ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨਾਂ ਕਿਹਾ ਕਿ ਜੋ ਵੀ ਵਿਅਕਤੀ ਅਦਾਲਤ ਵੱਲੋਂ ਦਿੱਤੀ ਸਜ਼ਾ ਭੁਗਤ ਚੁੱਕਾ ਹੈ, ਉਹ ਰਿਹਾਈ ਦਾ ਹੱਕਦਾਰ ਹੈ।
ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਵੱਲੋਂ ਆਰੰਭਿਆ ਸੰਘਰਸ਼ ਕਿਸੇ ਇੱਕ ਇਲਾਕੇ ਜਾਂ ਇਕੱਲੇ ਸਿੱਖਾਂ ਦਾ ਨਹੀਂ, ਇਹ ਮਨੁੱਖਤਾ ਦਾ ਸੰਘਰਸ਼ ਹੈ।ਉਨ੍ਹਾਂ ਕਿਹਾ ਕਿ ਸਾਜ਼ ਪੂਰੀ ਕਰਨ ਵਾਲੇ ਕੈਦੀਆਂ ਨੂੰ ਰਿਹਾਅ ਨਾ ਕਰਨਾ ਮਨੁੱਖਤਾ ਦਾ ਘਾਣ ਹੈ, ਇਕੱਲਾ ਪੰਜਾਬ ਹੀ ਨਹੀਂ ਭਾਰਤ ਦੇ ਕਈ ਹੋਰ ਸੁਬਿਆਂ ਵਿੱਚ ਵੀ ਕਈ ਅਜਿਹੇ ਰਾਜਸੀ ਕੈਦੀ ਹਨ, ਜਿਹੜੇ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲਾਂ ਵਿੱਚ ਬੰਦ ਹਨ।
ਸ਼੍ਰੀ ਯਾਦਵ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਅੰਨੀ, ਬੋਲੀ ਅਤੇ ਹੰਕਾਰੀ ਹੈ, ਇਸਤੋਂ ਇਨਸਾਫ ਦੀ ਉਮੀਦ ਦੀ ਆਸ ਬਹੁਤ ਘੱਟ ਹੈ।
ਇਸ ਮੌਕੇ ਬਾਪੂ ਸੂਰਤ ਸਿੰਘ ਨੇ ਕਿਹਾ ਕਿ ਉਹ ਕੌਮ ਦਾ ਉਠਿਆ ਵਿਸ਼ਵਾਸ਼ ਹਰ ਹਾਲਤ ਵਿੱਚ ਬਹਾਲ ਕਰਵਾਉਣਗੇ।
Related Topics: Aam Aadmi Party, Bapu Surat Singh Khalsa, Sikh Political Prisoners, Yoginder Yadav