August 29, 2011 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ (25 ਅਗਸਤ, 2011): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਲਈ ਦੋਹਰੇ ਹਲਕੇ ਬਸੀ ਪਠਾਣਾਂ ਤੋਂ ਪੰਥਕ ਮੋਰਚੇ ਦੇ ਉਮੀਦਵਾਰ ਭਾਈ ਹਰਪਾਲ ਸਿੰਘ ਚੀਮਾ ਅਤੇ ਸੰਤੋਖ ਸਿੰਘ ਸਲਾਣਾ ਨੇ ਹਲਕੇ ਵਿੱਚ ਵੋਟਰ ਹੋਣ ਦੀ ਯੋਗਤਾ ਦੀ ਅਣਦੇਖੀ ਕਰਕੇ ਵੱਡੇ ਪੱਧਰ ’ਤੇ ਬਣਾਈਆਂ ਜਾ ਰਹੀਆਂ ਵੋਟਾਂ ਦੀ ਗੁਰਦੁਆਰਾ ਚੋਣ ਕਮਿਸ਼ਨ ਨੂੰ ਫੈਕਸ ਭੇਜ ਕੇ ਸ਼ਿਕਾਇਤ ਕੀਤੀ ਹੈ। ਇਸ ਸ਼ਕਾਇਤ ਵਿੱਚ ਉਨ੍ਹਾਂ ਨੇ ਮੰਗ ਕੀਤੀ ਹੈ ਕਿ ਗ਼ਲਤ ਢੰਗ ਨਾਲ ਬਣਾਈਆਂ ਜਾ ਰਹੀਆਂ ਵੋਟਾਂ ਦੀ ਜਾਂਚ ਕੀਤੀ ਜਾਵੇ ਅਤੇ ਸਬੰਧਿਤ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣ ਕਿ ਉਹ ਅਪਣੀ ਜਿੰਮੇਵਾਰੀ ਸਹੀ ਤਰੀਕੇ ਨਾਲ ਨਿਭਾਉਣ। ਉਕਤ ਆਗੂਆਂ ਨੇ ਕਿਹਾ ਕਿ ਹਲਕਾ ਬਸੀ ਪਠਾਣਾਂ ਵਿੱਚ ਵੱਡੀ ਗਿਣਤੀ ਵਿੱਚ ਬਿਨਾਂ ਕੋਈ ਪੜਤਾਲ ਕੀਤੇ ਅਤੇ ਨਿਯਮਾਂ ਦੀ ਅਣਦੇਖੀ ਕਰਕੇ ਵੱਡੇ ਪੱਧਰ ’ਤੇ ਵੋਟਾਂ ਬਣਾਈਆਂ ਜਾ ਰਹੀਆਂ ਹਨ ਅਤੇ ਇਹ ਸਭ ਸੱਤਾਧਾਰੀ ਪਾਰਟੀ ਨੂੰ ਲਾਭ ਪਹੁੰਚਾਉਣ ਲਈ ਹੋ ਰਿਹਾ ਹੈ।
ਉਕਤ ਆਗੂਆਂ ਨੇ ਦੋਸ਼ ਲਗਾਇਆ ਕਿ ਮਾਲ ਅਫਸਰ ਫ਼ਤਿਹਗੜ੍ਹ ਸਾਹਿਬ ਦਾ ਸਟੈਨੋ ਨਿਯਮਾਂ ਦੀ ਅਣਦੇਖੀ ਕਰਕੇ ਸੱਤਾਧਾਰੀ ਪੱਖੀ ਵਿਅਕਤੀਆਂ ਦੀਆਂ ਵੋਟਾਂ ਲਈ ਬੰਡਲਾਂ ਦੇ ਵਿੱਚ ਪਹੁੰਚੇ ਫਾਰਮਾਂ ਨੂੰ ਮਾਰਕ ਕਰ ਰਿਹਾ ਹੈ।ਗੁਰਦੁਆਰਾ ਚੋਣਾਂ ਲਈ ਵੋਟਰ ਬਣਨ ਦੀ ਮੁਢਲੀ ਸ਼ਰਤ ਵੀ ਨਹੀਂ ਵੇਖੀ ਜਾ ਰਹੀ ਕਿ ਵੋਟ ਬਣਵਾਉਣ ਵਾਲਾ ਵਿਅਕਤੀ ਕੇਸਾਧਾਰੀ ਵੀ ਹੈ ਜਾਂ ਨਹੀਂ। ਸਟੈਨੋ ਵਲੋਂ ਮਾਰਕ ਕੀਤੇ ਗਏ ਇਨ੍ਹਾਂ ਫਾਰਮਾਂ ਨੂੰ ਡੀ.ਆਰ.ਓ. ਵੀ ਬਿਨਾਂ ਕਿਸੇ ਪੜਤਾਲ ਦੇ ਸਾਈਨ ਕਰਕੇ ਐਸ.ਡੀ.ਐਮ. ਬਸੀ ਪਠਾਣਾਂ ਨੂੰ ਭੇਜ ਰਹੇ ਹਨ ਤੇ ਉ¤ਥੇ ਵੀ ਬਿਨਾਂ ਕਿਸੇ ਪੜਤਾਲ ਦੇ ਧੜੱਲੇ ਨਾਲ ਇਹ ਵੋਟਾਂ ਬਣ ਰਹੀਆਂ ਹਨ। ਭਾਈ ਚੀਮਾ ਤੇ ਸਲਾਣਾ ਨੇ ਦੱਸਿਆ ਕਿ ਅੱਜ ਜਦੋਂ ਸਾਡੇ ਨੁਮਾਇੰਦੇ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਅਤੇ ਪੰਚਾਇਤ ਯੂਨੀਅਨ ਬਾਰੇਕੇ ਦੇ ਆਗੂ ਸ. ਸੁਰਿੰਦਰ ਸਿੰਘ ਚੀਮਾ ਇਸ ਸਬੰਧੀ ਉਕਤ ਸਟੈਨੋ ਅਤੇ ਡੀ.ਆਰ.ਓ. ਨੂੰ ਮਿਲੇ ਤਾਂ ਉਨ੍ਹਾਂ ਦੀ ਗੱਲ ਅਣਸੁਣੀ ਕਰ ਦਿੱਤੀ ਗਈ।
ਉਕਤ ਆਗੂਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਨ੍ਹਾਂ ਅਯੋਗ ਵਿਅਕਤੀਆਂ ਦੀਆਂ ਵੋਟਾਂ ਬਣਾਈਆਂ ਗਈਆਂ ਹਨ ਉਹ ਵੋਟਿੰਗ ਸਮੇਂ ਭੁਗਤਣ ਨਹੀਂ ਦਿੱਤੀਆਂ ਜਾਣਗੀਆਂ ਅਤੇ ਜਿਹੜੇ ਵੀ ਅਧਿਕਾਰੀ ਨਿਯਮਾਂ ਦੀਆਂ ਧੱਜੀਆਂ ੳਡਾ ਕੇ ਗ਼ਲਤ ਵੋਟਾਂ ਬਣਾ ਰਹੇ ਹਨ ਉਨ੍ਹਾਂ ਦੇ ਖਿਲਾਫ਼ ਹਾਈ ਕੋਰਟ ਵਿੱਚ ਰਿਟ ਪਟੀਸ਼ਨਾਂ ਦਾਇਰ ਕੀਤੀਆਂ ਜਾਣਗੀਆਂ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਬੈਲਟ ਪੇਪਰ ਤਿਆਰ ਹੋ ਜਾਣੇ ਹਨ ਇਸ ਲਈ ਵੋਟਾਂ ਬਣਾਏ ਜਾਣ ਦੀ ਤੈਅ ਕੀਤੀ ਗਈ ਆਖਰੀ ਤਰੀਕ 2 ਸਤੰਬਰ ਦੀ ਥਾਂ ਵੋਟ ਬਣਾਉਣ ਦਾ ਅਮਲ ਤੁਰੰਤ ਰੋਕਿਆ ਜਾਵੇ ਕਿਉਂਕਿ ਐਨ ਮੌਕੇ ’ਤੇ ਪਾਰਦਰਸ਼ੀ ਢੰਗ ਨਾਲ ਵੋਟਾਂ ਨਹੀਂ ਬਣ ਸਕਦੀਆਂ।
Related Topics: Akali Dal Panch Pardhani, Shiromani Gurdwara Parbandhak Committee (SGPC), ਭਾਈ ਹਰਪਾਲ ਸਿੰਘ ਚੀਮਾ