June 16, 2023 | By ਸਿੱਖ ਸਿਆਸਤ ਬਿਊਰੋ
ਬਠਿੰਡਾ (16 ਮਈ): ਪੰਥ ਸੇਵਕ ਸਖਸ਼ੀਅਤਾਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਅੱਜ ਬਠਿੰਡਾ ਵਿਖੇ ਇਕ ਪੱਤਰਕਾਰ ਵਾਰਤਾ ਦੌਰਾਨ ਮੀਰੀ ਪੀਰੀ ਦਿਵਸ ਮੌਕੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਬਾਰੇ ਜਾਣਕਾਰੀ ਸਾਂਝੀ ਕੀਤੀ।
ਸਰਕਟ ਹਾਊਸ ਬਠਿੰਡਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਖਾਲਸਾ ਪੰਥ ਵਿਚ ਸਾਂਝੇ ਫੈਸਲਿਆਂ ਅਤੇ ਸਾਂਝੀ ਅਗਵਾਈ ਦੀ ਪਰੰਪਰਾ ਰਹੀ ਹੈ ਪਰ ਬੀਤੀ ਸਦੀ ਦੌਰਾਨ ਪੱਛਮੀ ਤਰਜ਼ ਦੇ ਜਥੇਬੰਦਕ ਢਾਂਚਿਆਂ ਤੇ ਅਮਲਾਂ ਕਾਰਨ ਇਹ ਪਰੰਪਰਾ ਵਿਚ ਖੜੋਤ ਆਈ ਹੈ। ਜਿਸ ਕਾਰਨ ਖਾਲਸਾ ਪੰਥ ਦੀ ਕੇਂਦਰੀ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਨਜ਼ਾਮ ਗੈਰ-ਪੰਥਕ ਲੀਹਾਂ ਉੱਤੇ ਚਲਾ ਗਿਆ ਹੈ ਅਤੇ ਇਸ ਵਿਚ ਪੰਚ ਪ੍ਰਧਾਨੀ ਸਾਂਝੀ ਅਗਵਾਈ ਅਤੇ ਗੁਰਮਤੇ ਦੀ ਪ੍ਰਧਾਨਤਾ ਨਹੀਂ ਰਹੀ। ਇਹੀ ਕਾਰਨ ਹੈ ਕਿ ਵੋਟਾਂ ਦੇ ਮੁਫਾਦਾਂ ਵਾਲੀਆਂ ਧਿਰਾਂ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਆਪਣੀ ਮਨਮਰਜੀ ਨਾਲ ਲਗਾ ਅਤੇ ਲਾਹ ਦਿੰਦੇ ਹਨ। ਇਸ ਦਾ ਪ੍ਰਤੱਖ ਪ੍ਰਮਾਣ ਅੱਜ ਦਾ ਘਟਨਾਕ੍ਰਮ ਹੈ ਜਿਸ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਗਿਆਨ ਰਘਬੀਰ ਸਿੰਘ ਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਐਲਾਨਿਆ ਗਿਆ ਹੈ।
ਉਹਨਾ ਕਿਹਾ ਕਿ ਇਸੇ ਖੜੋਤ ਨੂੰ ਦੂਰ ਕਰਨ ਦੀ ਕੋਸ਼ਿਸ਼ ਪੰਥ ਸੇਵਕ ਸਖਸ਼ੀਅਤਾਂ ਵੱਲੋਂ ਵੱਖ-ਵੱਖ ਸਿੱਖ ਤੇ ਪੰਥਕ ਹਿੱਸਿਆਂ ਵਿਚ ਸਾਂਝੀ ਰਾਏ ਬਣਾਉਣ ਦੇ ਯਤਨ ਕੀਤੇ ਜਾ ਰਹੇ ਹੈ। ਇਹਨਾ ਯਤਨਾਂ ਅਧੀਨ ਜਿੱਥੇ ਬੀਤੇ ਵਰ੍ਹੇ ਤੋਂ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਵੱਖ-ਵੱਖ ਹਿੱਸਿਆਂ ਜਿਵੇਂ ਕਿ ਸਿੱਖ ਸੰਪਰਦਾਵਾਂ, ਪੰਥਕ ਜਥਿਆਂ, ਸੰਸਥਾਵਾਂ, ਵਿਚਾਰਵਾਨਾਂ, ਸਖਸ਼ੀਅਤਾਂ ਆਦਿ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਗਈਆਂ ਹਨ ਓਥੇ ਹੁਣ ਇਹਨਾ ਗੋਸ਼ਟੀਆਂ ਰਾਹੀਂ ਬਣੀ ਸਮਝ ਤੇ ਰਾਏ ਅਨੁਸਾਰ ਆਉਂਦੀ 28 ਜੂਨ ਨੂੰ ਮੀਰੀ ਪੀਰੀ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਵ ਸਿੱਖ ਇਕੱਤਰਤਾ ਕੀਤੀ ਜਾ ਰਹੀ ਹੈ। ਇਹ ਇਕੱਤਰਤਾ ਇੱਕ ਨੁਮਾਇੰਦਾ ਇਕੱਠ ਹੋਵੇਗਾ ਜਿਸ ਵਿਚ ਸੰਸਾਰ ਭਰ ਵਿਚ ਖਾਲਸਾ ਪੰਥ ਅਤੇ ਗੁਰ-ਸੰਗਤਿ ਦੀ ਸੇਵਾ ਵਿਚ ਵਿਚਰ ਰਹੇ ਕਾਰਜਸ਼ੀਲ ਜਥਿਆਂ ਦੇ ਨੁਮਾਇੰਦੇ ਹਿੱਸਾ ਲੈਣਗੇ।
ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਵਿਸ਼ਵ ਸਿੱਖ ਇਕੱਤਰਤਾ ਲਈ ਸੱਦੇ ਅਤੇ ਤਾਲਮੇਲ ਕਰਨ ਦਾ ਕਾਰਜ ਆਖਰੀ ਪੜਾਅ ਉੱਤੇ ਹੈ। ਉਹਨਾ ਕਿਹਾ ਕਿ ਵਿਸ਼ਵ ਸਿੱਖ ਇਕੱਤਰਤਾ ਦਾ ਮਨੋਰਥ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਪੰਥਕ ਲੀਹਾਂ ਅਨੁਸਾਰੀ ਕਰਨ ਵਾਸਤੇ ਗੁਰਮਤਿ ਆਸ਼ੇ ਤੇ ਪੰਥਕ ਪਰੰਪਰਾ ਅਨੁਸਾਰ ਸਾਂਝਾ ਫੈਸਲਾ ਲੈਣਾ ਸੁਹਿਰਦ ਯਤਨ ਕਰਨਾ ਹੈ। ਉਹਨਾ ਕਿਹਾ ਕਿ ਇੱਕਤਰਤਾ ਦੇ ਸੱਦੇ ਨੂੰ ਸੁਹਿਰਦ ਹਿੱਸਿਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਪੰਥ ਸੇਵਕ ਸਖਸ਼ੀਅਤਾਂ ਨੇ ਆਸ ਪ੍ਰਗਟਾਈ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਨੁਮਾਇੰਦਾ ਇਕੱਤਰਤਾ ਗੁਰਮਤਿ ਆਸ਼ੇ ਤੇ ਪੰਥਕ ਪਰੰਪਰਾ ਅਨੁਸਾਰ ਮਿੱਥੇ ਮਨੋਰਥ ਸਰ ਕਰਨ ਵਿਚ ਕਾਮਯਾਬ ਹੋਵੇਗੀ।
Related Topics: Akal Takhat Sahib, Baba Hardeep Singh Mehraj, Bhai Daljit Singh Bittu