April 20, 2011 | By ਸਿੱਖ ਸਿਆਸਤ ਬਿਊਰੋ
ਲੁਧਿਆਣਾ (19 ਅਪ੍ਰੈਲ, 2011): ਅਮਰੀਕਾ ਦੀ ਸੰਸਾਰ ਸਿੱਖ ਕੌਂਸਿਲ ਨਾਮੀ ਜਥੇਬੰਦੀ ਨੇ ਪੰਜਾਬ ਸਰਕਾਰ ਦੇ ਉਸ ਫੈਸਲੇ ਦੀ ਜੋਰਦਾਰ ਨਿਖੇਧੀ ਕੀਤੀ ਹੈ, ਜਿਸ ਤਹਿਤ 120 ਸਾਲ ਪੁਰਾਣੇ ਇਤਿਹਾਸਕ ਖਾਲਸਾ ਕਾਲਜ, ਅੰਮ੍ਰਿਤਸਰ ਨੂੰ ਨਿਜੀ ਯੂਨੀਵਰਸਿਟੀ ਬਨਾਉਣ ਦੀ ਗੱਲ ਚੱਲ ਰਹੀ ਹੈ। ਜਥੇਬੰਦੀ ਦੇ ਨੁਮਾਇੰਦੇ ਤਰੁਨਜੀਤ ਸਿੰਘ ਵੱਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਖਾਲਸਾ ਕਾਲਜ ਦੀ ਸੰਸਥਾ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਣ ਦਾ ਮਤਾ ਪਾਸ ਕੀਤਾ ਹੈ।
ਕੌਂਸਿਲ ਵਲੋਂ ਪ੍ਰਵਾਣ ਕੀਤੇ ਗਏ ਮਤੇ ਅਨੁਸਾਰ ਖਾਲਸਾ ਕਾਲਜ ਕੋਈ ਸਧਾਰਨ ਸੰਸਥਾ ਨਹੀਂ ਹੈ ਬਲਕਿ ਇਸਦਾ ਆਪਣਾ ਵਿਲੱਖਣ ਇਤਿਹਾਸ ਅਤੇ ਵਿਰਸਾ ਹੈ ਜਿਸਨੂੰ ਹਰ ਹਾਲਤ ਵਿਚ ਸੰਭਾਲ ਕੇ ਰੱਖਣਾ ਚਾਹੀਦਾ ਹੈ। ਸਿੱਖ ਕੌਮ ਦੇ ਇਸ ਮਹਾਨ ਵਿਦਿਆ ਦੇ ਕੇਂਦਰ ਵੱਲੋਂ ਸਿਖਿਆ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੀਤੀ ਘਾਲਣਾ ਭੁਲਾਈ ਨਹੀ ਜਾ ਸਕਦੀ। ਇਸ ਕਾਲਜ ਨੇ ਸਿੱਖਾਂ ਵਿਚ ਬੋਧਿਕ ਜਾਗਰਿਤੀ ਲਿਆਂਦੀ ,ਸਿੱਖਾਂ ਨੂੰ ਆਪਣੀ ਵੱਖਰੀ ਪੰਥਕ ਹਸਤੀ ਅਤੇ ਅੱਡਰੀ ਕੌਮੀਅਤ ਦਾ ਅਹਿਸਾਸ ਕਰਵਾਇਆ। ਖਾਲਸਾ ਕਾਲਜ ਨੇ ਹੁਣ ਤੱਕ ਅਣਗਿਣਤ ਵਿਸ਼ਵ ਪੱਧਰ ਦੇ ਖਿਡਾਰੀ, ਸਾਹਿਤਕਾਰ, ਵਿਦਿਅਕ ਮਾਹਿਰ, ਵਿਦਵਾਨ ਅਤੇ ਜਰਨੈਲ ਪੈਦਾ ਕਰਕੇ ਸੰਸਾਰ ਨੂੰ ਅਵਲ ਦਰਜੇ ਦੀ ਵਿਦਿਅਕ ਸੰਸਥਾ ਹੋਣ ਦਾ ਨਿੱਗਰ ਸਬੂਤ ਦਿਤਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਕੁਝ ਕੁ ਸਮੇਂ ਤੋਂ ਖਾਲਸਾ ਕਾਲਜ ਨੂੰ ਨਿਜੀ ਯੂਨੀਵਰਸਿਟੀ ਵਿਚ ਤਬਦੀਲ ਕਰਨ ਦਾ ਮਸਲਾ ਸਾਹਮਣੇ ਆਇਆ ਹੈ ਜਿਸ ਦਾ ਸਿੱਖ ਜਗਤ ਵੱਲੋਂ ਨਿੱਗਰ ਰੂਪ ਵਿਚ ਵਿਰੋਧ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਨਿਜੀ ਯੂਨੀਵਰਸਿਟੀ ਬਣਾਉਣ ਪਿੱਛੇ ਅਸਲ ਮਨੋਰਥ ਇਸ ਇਤਿਹਾਸਕ ਨੂੰ ਇੱਕ ਸਿਆਸੀ ਪਰਿਵਾਰ ਦੇ ਕਬਜ਼ੇ ਵਾਲੀ ਵਪਾਰਕ ਸੰਸਥਾ ਦੇ ਰੂਪ ਵਿਚ ਤਬਦੀਲ ਕਰਨਾ ਹੈ।
Related Topics: Khalsa College, World Sikh Council