February 15, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਅੱਜ ਇੱਕ ਅਹਿਮ ਬੈਠਕ ਤੋਂ ਬਾਅਦ ਇਹ ਬਿਆਨ ਜਾਰੀ ਕੀਤਾ ਹੈ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਬਾਦਲ ਦਲੀਏ ਤੇ ਆਮ ਆਦਮੀ ਪਾਰਟੀ ਦੇ ਆਗੂ ਵਿਧਾਨ ਸਭਾ ਅਤੇ ਪਾਰਲੀਮੈਂਟ ਵਿੱਚ ਜੱਲ੍ਹਿਆਵਾਲੇ ਬਾਗ ਕਾਂਡ ਬਾਰੇ ਬਰਤਾਨੀਆਂ ਸਰਕਾਰ ਨੂੰ ਮੁਆਫੀ ਮੰਗਣ ਬਾਰੇ ਕਹਿ ਰਹੇ ਹਨ ਪਰ ਕੁੱਝ ਕੁ ਗਜ ਦੀ ਦੂਰੀ ਤੇ ਸ੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ ਹਜਾਰਾਂ ਨਿਰਦੋਸਾਂ ਦੇ ਕਤਲਾਂ ਬਾਰੇ ਜੁਬਾਨ ਨਹੀ ਖੋਲਦੇ ਅਤੇ ਨਾਂ ਹੀ ਪੜਤਾਲ ਦੀ ਮੰਗ ਕਰਦੇ ਹਨ।
ਜੱਥੇਬੰਦੀਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇਕੱਲੇ ਦਾਝੂਠ ਫੜਨ ਵਾਲਾ ਟੈਸਟ ਹੋ ਜਾਵੇ ਤਾਂ ਸ੍ਰੀ ਦਰਬਾਰ ਸਾਹਿਬ ਤੇ ਫੋਜੀ ਹਮਲੇ ਝੂਠੇ ਮੁਕਾਬਲੇ, ਨਸ਼ਿਆਂ ਅਤੇ ਬੇਅਦਬੀਆਂ ਦਾ ਸੱਚ ਸਾਹਮਣੇ ਆ ਜਾਵੇਗਾ। ਪੰਜਾਬ ਦੀ ਲੁੱਟ ਦਾ ਸੱਚ ਵੀ ਸਾਹਮਣੇ ਆ ਜਾਵੇਗਾ।
ਖਾਲੜਾ ਮਿਸ਼ਨ ਨੇ ਕਿ ਐਚ.ਐਸ. ਫੂਲਕਾ ਵੱਲੋਂ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਤੇ ਝੂਠੇ ਪੁਲਿਸ ਮੁਕਾਬਲੇ ਬਾਰੇ ਜੁਬਾਨ ਨਾ ਖੋਲਣ ਨੂੰ ਅੱਤ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਫੂਲਕਾ ਅਤੇ ਸੁਖਦੇਵ ਢੀਂਡਸਾ ਦਿੱਲੀ ਨਾਗਪੁਰ ਦੇ ਨਵੇਂ ਮੋਹਰੇ ਬਣ ਕੇ ਸਾਹਮਣੇ ਆ ਰਹੇ ਹਨ। ਕਿਉਂਕਿ ਪਹਿਲੇ ਮੋਹਰੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕੇ ਹਨ।
ਖਾਲੜਾ ਮਿਸ਼ਨ ਆਰਗਨਾਈਜ਼ੇਸ਼ਨ ਨੇ ਜਿੱਥੇ ਕਾਂਗਰਸੀ ਵਿਧਾਇਕ ਕੁਲਦੀਪ ਨਾਗਰਾ ਅਤੇ ਬਾਦਲ ਦਲ ਦੇ ਵਿਧਾਇਕ ਐਨ.ਕੇ. ਸ਼ਰਮਾ ਦੀਆਂ ਜਾਇਦਾਦਾਂ ਦੀ ਪੜਤਾਲ ਬਾਰੇ ਸਪੀਕਰ ਵੱਲੋਂ ਹਾਉਸ ਦੀ ਕਮੇਟੀ ਬਣਾਉਣ ਦਾ ਜਿੱਥੇ ਸਵਾਗਤ ਕੀਤਾ ਹੈ ਉੱਥੇ ਨਾਲ ਹੀ ਮੰਗ ਕੀਤੀ ਹੈ ਕਿ ਬਾਦਲ ਪਰਿਵਾਰ ਦੀਆਂ ਜਾਇਦਾਦਾਂ ਦੀ ਪੜਤਾਲ ਲਈ ਸਪੈਸ਼ਲ ਕਮਿਸ਼ਨ ਬਣਨਾ ਚਾਹੀਦਾ ਹੈ। ਕੇ.ਐਮ.ਓ. ਨੇ ਕਿਹਾ ਕਿ ਸਾਰੇ ਸਾਬਕਾ ਅਤੇ ਮੋਜੂਦਾ ਮੰਤਰੀਆਂ ਅਤੇ ਵਿਧਾਇਕਾਂ ਦੀ ਜਾਇਦਾਦਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਅਤੇ ਸਾਰਿਆਂ ਦੇ ਨਾਰਕੋ ਟੈਸਟ ਹੋਣੇ ਚਾਹੀਦੇ ਹਨ।
Related Topics: 1984 Sikh Genocide, Army Attack on Akal Takhat Sahib, Khalra Mission Organization, Parkash Singh Badal, ਜੂਨ 1984 ਫੌਜੀ ਹਮਲਾ ( Indian Army Attack on Sri Darbar Sahib)