April 12, 2017 | By ਸਿੱਖ ਸਿਆਸਤ ਬਿਊਰੋ
ਫ਼ਤਿਹਗੜ੍ਹ ਸਾਹਿਬ: ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਕਿਸਤਾਨ ਵਿਚ ਭਾਰਤ ਦੇ ਜਾਸੂਸ ਕੁਲਭੂਸਨ ਜਾਧਵ ਨੂੰ ਹੋਏ ਫ਼ਾਂਸੀ ਦੇ ਹੁਕਮਾਂ ਉਤੇ ਅਤੇ ਭਾਰਤ ਵਲੋਂ ਵਿਰੋਧ ਕਰਨ ਦੇ ਅਮਲਾਂ ਉਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਘੱਟਗਿਣਤੀ ਕੌਮਾਂ ਦੇ ਨਾਇਕਾਂ ਸ਼ਹੀਦ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਜਿੰਦਾ, ਭਾਈ ਸੁੱਖਾ ਅਤੇ ਕਸ਼ਮੀਰ ਦੀ ਅਜ਼ਾਦੀ ਲਈ ਲੜਨ ਵਾਲੇ ਮਕਬੂਲ ਭੱਟ, ਅਫਜ਼ਲ ਗੁਰੂ ਦੀ ਫਾਂਸੀ ‘ਤੇ ਖੁਸ਼ੀ ਮਨਾਉਣ ਵਾਲੇ ਹਿੰਦੂਤਵੀ ਹੁਣ ਆਪਣੇ ਜਾਸੂਸ ਏਜੰਟ ਕੁਲਭੂਸ਼ਣ ਜਾਧਵ ਦੀ ਸਜ਼ਾ ‘ਤੇ ਕਿਉਂ ਤੜਪ ਰਹੇ ਹਨ।

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)
ਸ. ਮਾਨ ਨੇ ਇਹ ਵੀ ਕਿਹਾ ਕਿ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਵਿਧਾਨ ਸਭਾ ਵਲੋਂ 1984 ਸਿੱਖ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਮਾਨਤਾ ਦੇਣ ਨੂੰ ਭਾਰਤ ਦੀ ਹਿੰਦੂ ਮੀਡੀਏ ਨੇ ਬਰਦਾਸ਼ਤ ਨਹੀਂ ਕੀਤਾ। ਹਿੰਦੂ ਮੀਡੀਏ ਵਲੋਂ ਇਹ ਕਿਹਾ ਗਿਆ ਕਿ ਇਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਹੈ।
ਸ. ਮਾਨ ਨੇ ਕਿਹਾ ਕਿ ਜਿਵੇਂ ਜਰਮਨ ਨੇ ਹਿਟਲਰ ਵਲੋਂ ਕੀਤੇ ਗਏ ਅਣਮਨੁਖੀ ਅਮਲਾਂ ਵਿਰੁਧ ਪਾਰਲੀਮੈਂਟ ਵਿਚ ਮਤਾ ਪਾਸ ਕਰਕੇ ਦੋਸ਼ੀਆਂ ਨੂੰ ਜੰਗੀ ਅਪਰਾਧੀ ਐਲਾਨਿਆ ਸੀ। ਉਸੇ ਤਰ੍ਹਾਂ ਭਾਰਤ ਨੂੰ ਵੀ ਸਿੱਖ ਨਸਲਕੁਸ਼ੀ ਵਿਚ ਸ਼ਾਮਲ ਲੋਕਾਂ ਨੂੰ ‘ਜੰਗੀ ਅਪਰਾਧੀ’ ਐਲਾਨ ਕੇ ਸਜ਼ਾ ਦੇਣੀ ਚਾਹੀਦੀ ਹੈ।
ਸ. ਮਾਨ ਨੇ ਕਿਹਾ ਕਿ ਵੈਸੈ ਅਸੀਂ ਫਾਂਸੀ ਦੀ ਸਜ਼ਾ ਦੇ ਖਿਲਾਫ ਹਾਂ, ਕਿਉਂਕਿ ਅਸੀਂ ਮੰਨਦੇ ਹਾਂ ਕਿ ਮੌਤ ਦੇਣ ਦਾ ਅਧਿਕਾਰ ਸਿਰਫ ਅਕਾਲ ਪੁਰਖ ਨੂੰ ਹੈ ਪਰ ਫਿਰ ਵੀ ਜੇ ਫਾਂਸੀ ਦੇਣੀ ਪਵੇ ਤਾਂ ਕਾਨੂੰਨ ਇਕ ਬਰਾਬਰ ਹੋਣਾ ਚਾਹੀਦਾ ਹੈ। ਨਾ ਕਿ ਘੱਟਗਿਣਤੀ ਕੌਮਾਂ ਦੇ ਬੰਦਿਆਂ ਨੂੰ ਫਾਂਸੀ ਦੇਣ ‘ਤੇ ਖੁਸ਼ੀ ਅਤੇ ਆਪਣਿਆਂ ਦੀ ਫਾਂਸੀ ‘ਤੇ ਹਾਏ-ਤੌਬਾ ਮਚਾਉਣੀ ਚਾਹੀਦੀ।
ਸਬੰਧਤ ਖ਼ਬਰ:
ਭਾਰਤੀ ਜਾਸੂਸ ਜਾਧਵ ਨੂੰ ਪਾਕਿ ‘ਚ ਸੁਣਾਈ ਗਈ ਮੌਤ ਦੀ ਸਜ਼ਾ; ਭਾਰਤ ਨੇ ਪਾਕਿ ਕੈਦੀਆਂ ਦੀ ਰਿਹਾਈ ਰੋਕੀ …
Related Topics: Indian Media, Kulbhushan Jadhav, Pakisatan, RAW, Shiromani Akali Dal Amritsar (Mann), Simranjeet Singh Mann