May 15, 2019 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਬਿਜਾਲ (ਇੰਟਰਨੈਟ) ਰਾਹੀਂ ਸਨੇਹੇ ਲੈਣ-ਦੇਣ ਤੇ ਗੱਲਬਾਤ ਕਰਨ ਦੇ ਇਕ ਮਕਬੂਲ ਢੰਗ ‘ਵਟਸਐਪ’ ਬਾਰੇ ਇਕ ਅਹਿਮ ਖੁਲਾਸਾ ਖਬਰਾਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕੌਮਾਂਤਰੀ ਖਬਰਖਾਨੇ ਦੇ ਕਈ ਹਿੱਸਿਆਂ ਚ ਨਸ਼ਰ ਹੋਈ ਖਬਰ ਮੁਤਾਬਕ ਵਟਸਐਪ ਦੇ ਮੰਤਰ (ਸਾਫਟਵੇਅਰ) ਵਿਚ ਅਜਿਹੀ ਖਾਮੀ ਸੀ ਜਿਸ ਨੂੰ ਵਰਤ ਕੇ ਕਈ ਜੇਬੀਆਂ (ਫੋਨਾਂ) ਵਿਚ ‘ਜਸੂਸੀ ਮੰਤਰ’ (ਸਪਾਈ ਵੇਅਰ) ਭਰ ਦਿੱਤੇ ਗਏ। ਮੰਨਿਆ ਜਾ ਰਿਹਾ ਹੈ ਕਿ ਇਹ ਕੰਮ ਸਰਕਾਰਾਂ ਲਈ ਜਸੂਸੀ ਦਾ ਕੰਮ ਕਰਨ ਵਾਲਿਆਂ ਵਲੋਂ ਕੀਤਾ ਗਿਆ ਹੈ।
ਵਟਸਐਪ ਦੀ ਮਾਲਕ ਫੇਸਬੁੱਕ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਹਮਲਾ ਕਰਨ ਵਾਲੇ ਬਹੁਤ ਹੀ ਮਾਹਿਰ (ਅਡਵਾਂਸਡ ਸਾਈਬਰ ਐਕਟਰ) ਹਨ ਤੇ ਉਨ੍ਹਾਂ ਨੇ ਚੋਣਵੇਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਹੈ। ਪਰ ਕੰਪਨੀ ਨੇ ਕਿਹਾ ਹੈ ਕਿ ਹਾਲੀ ਇਹ ਦੱਸਣ ਵਿਚ ਸਮਾਂ ਲੱਗੇਗਾ ਕਿ ਕਿੰਨੇ ਵਰਤੋਂਕਾਰ ਇਸ ਹਮਲੇ ਦੀ ਲਪੇਟ ਵਿਚ ਆਏ ਹਨ।
ਇਸ ਹਮਲੇ ਦਾ ਢੰਗ ਤਰੀਕਾ ਇਹ ਸੀ ਕਿ ਨਿਸ਼ਾਨਾ ਬਣਾਏ ਜਾ ਰਹੇ ਲੋਕਾਂ ਕੋਲੋਂ ਕਿਸੇ ਵੀ ਤਰੀਕੇ ਇਕ ਖਾਸ ਨੰਬਰ ਉੱਤੇ ਗੱਲ ਕਰਨ ਲਈ ਤੰਦ ਜੁੜਵਾਈ ਜਾਂਦੀ ਸੀ। ਅਜਿਹਾ ਉਹ ਕਿਸੇ ਅਣਜਾਣ ਸਨੇਹੇ ਦੇ ਜਵਾਬ ਵਿਚ ਜਾਂ ਕਿਸੇ ਖੁੰਝ ਗਈ ਗੱਲਬਾਤ (ਮਿਸ-ਕਾਲ) ਦੇ ਜਵਾਬ ਵਿਚ ਕਰ ਲੈਂਦੇ ਸਨ। ਇਸ ਤੋਂ ਬਾਅਦ ਭਾਵੇਂ ਅਗਲੇ ਬੰਨਿਓਂ ਗੱਲਬਾਤ ਦਾ ਕੋਈ ਵੀ ਜਵਾਬ ਨਾ ਦਿੱਤਾ ਜਾਵੇ ਤਾਂ ਵੀ ਇਕ ਖਾਸ ਤਰ੍ਹਾਂ ਦਾ ਜਸੂਸੀ ਮੰਤਰ ਤੰਦ ਜੋੜਨ ਵਾਲੇ ਦੀ ਜੇਬੀ ਵਿਚ ਭਰ ਦਿੱਤਾ ਜਾਂਦਾ ਸੀ। ਇਸ ਤੋਂ ਬਾਅਦ ਗਲੱਬਾਤ ਦੀ ਜਾਣਕਾਰੀ ਵੀ ਗੱਲਬਾਤ ਦੀ ਸੂਚੀ ਵਿਚੋਂ ਮਿਟ ਜਾਂਦੀ ਸੀ। ਇਕ ਵਾਰ ਜਸੂਸੀ ਮੰਤਰ ਭਰੇ ਜਾਣ ਤੋਂ ਬਾਅਦ ਉਸ ਜੇਬੀ ਰਾਹੀਂ ਨਿਸ਼ਾਨਾ ਬਣਾਏ ਜਾਣ ਵਾਲੇ ਦੀ ਜਸੂਸੀ ਕੀਤੀ ਜਾਂਦੀ ਸੀ।
ਕਿਸ ਵਲੋਂ ਤਿਆਰ ਕੀਤਾ ਗਿਆ ਸੀ ਜਸੂਸੀ ਮੰਤਰ?
ਵਟਸਐਪ ਰਾਹੀਂ ਇਸ ਤਰ੍ਹਾਂ ਲੋਕਾਂ ਦੀ ਜਸੂਸੀ ਕੀਤੇ ਜਾਣ ਬਾਰੇ ਖਬਰ ਸਭ ਤੋਂ ਪਹਿਲਾਂ ‘ਫਾਈਨਾਨਸ਼ੀਅਲ ਟਾਈਮਜ਼’ ਵਲੋਂ ਨਸ਼ਰ ਕੀਤੀ ਗਈ ਸੀ। ਇਸ ਅਖਬਾਰ ਨੇ ਜ਼ਾਹਰ ਕੀਤਾ ਹੈ ਕਿ ਵਟਸਐਪ ਵਿਚਲੀ ਰੱਖਿਆ ਖਾਮੀ ਦਾ ਪਤਾ ਲਾ ਕੇ ਇਹ ਜਸੂਸੀ ਮੰਤਰ ਇਜ਼ਰਾਈਲ ਦੇ ਐਨ.ਐਸ.ਓ. ਗਰੁੱਪ ਵਲੋਂ ਤਿਆਰ ਕਤਿਾ ਗਿਆ ਸੀ।
ਜ਼ਿਕਰਯੋਗ ਹੈ ਕਿ ਇਜ਼ਰਾਈਲ ਦੇ ਐਨ.ਐਸ.ਓ. ਗਰੁੱਪ ਨੂੰ ਬਿਜਾਲ ਦੇ ਹਥਿਆਰਾਂ ਦੇ ਵਪਾਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਬਿਜਾਲ ਰਾਹੀਂ ਜਸੂਸੀ ਕਰਨ ਦੇ ਤੰਤਰ ਬਣਾ ਕੇ ਸਰਕਾਰੀ ਏਜੰਸੀਆਂ ਨੂੰ ਦਿੰਦੇ ਹਨ।
ਫੇਸਬੁੱਕ ਨੇ ਹਮਲਾ ਕਰਨ ਵਾਲਿਆਂ ਬਾਰੇ ਕੀ ਕਿਹਾ?
ਫੇਸਬੁੱਕ ਨੇ ਪੱਤਰਕਾਰਾਂ ਨੂੰ ਦਿੱਤੀ ਸੰਖੇਪ ਜਾਣਕਾਰੀ ਵਿਚ ਕਿਹਾ ਹੈ ਕਿ ‘ਇਸ ਹਮਲੇ ਚ ਇਕ ਨਿੱਜੀ ਕੰਪਨੀ ਦੀ ਸ਼ਮੂਲੀਅਤ ਦੇ ਸਾਰੇ ਨਿਸ਼ਾਨ ਮਿਲੇ ਹਨ ਜਿਹੜੀ ਕਿ ਸਰਕਾਰਾਂ ਨਾਲ ਕੰਮ ਕਰਦੀ ਹੈ ਤੇ ਉਨ੍ਹਾਂ ਲਈ ਅਜਿਹੇ ਜਸੂਸੀ ਮੰਤਰ ਤਿਆਰ ਕਰਦੀ ਹੈ ਅਤੇ ਉਨ੍ਹਾਂ ਨੂੰ ਜੇਬੀਆਂ (ਫੋਨਾਂ) ਚ ਭਰ ਕੇ ਉਨ੍ਹਾਂ ਦੇ ਤੰਤਰ ਅਤੇ ਕਾਰਜਾਂ ਉੱਤੇ ਕਾਬੂ ਕਰ ਲੈਂਦੇ ਹਨ’ (ਦਾ ਅਟੈਕ ਹੈਜ਼ ਆਲ ਦਾ ਹਾਲਮਾਰਕਸ ਆਫ ਏ ਪ੍ਰਾਈਵੇਟ ਕੰਪਨੀ ਰਿਪੋਰਟਟਿਡਲੀ ਦੈਟ ਵਰਕਸ ਵਿਦ ਗਵਰਨਮੈਂਟਸ ਟੂ ਡਿਲਿਵਰ ਸਪਾਈਵੇਅਰ ਦੈਟ ਟੇਕਸ ਓਵਰ ਦਾ ਫੰਕਸ਼ਨਸ ਆਫ ਮੋਬਾਈਲ ਫੋਨਜ਼ ਅਪਰੇਟਿੰਗ ਸਿਸਟਮਜ਼)।
ਐਨ.ਐਸ.ਓ. ਦਾ ਪਿਗਾਸਸ ਕੀ ਕੁਝ ਕਰ ਸਕਦਾ ਹੈ?
ਐਨ.ਐਸ.ਓ. ਨੇ ਇਕ ਪਿਗਾਸਸ ਨਾਂ ਦਾ ਜਸੂਸੀ ਪ੍ਰਬੰਧ ਬਣਾਇਆ ਹੈ ਜਿਸ ਰਾਹੀਂ ਜਦੋਂ ਕਿਸੇ ਜੇਬੀ (ਫੋਨ) ਨੂੰ ਨਿਸ਼ਾਨਾ ਬਣਾ ਲਿਆ ਜਾਂਦਾ ਹੈ ਤਾਂ ਫਿਰ ਉਸ ਦੇ ਅੰਦਰੂਨੀ ਅੰਗਾਂ ਨੂੰ ਵਰਤ ਤੇ ਗੁਪਤ ਤਰੀਕੇ ਨਾਲ ਗਲੱਬਾਤ ਸੁਣੀ ਜਾ ਸਕਦੀ ਹੈ, ਆਵਾਜ਼ ਭਰੀ ਜਾ ਸਕਦੀ ਹੈ, ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ, ਦ੍ਰਿਸ਼ ਭਰੇ ਜਾ ਸਕਦੇ ਹਨ ਅਤੇ ਥਾਂ-ਟਿਕਾਣੇ ਦਾ ਪਤਾ ਲਾਇਆ ਜਾ ਸਕਦਾ ਹੈ।
ਆਪਣੇ ਵਲੋਂ ਬਣਾਏ ਜਸੂਸੀ ਪ੍ਰਬੰਧਾਂ ਬਾਰੇ ਐਨ.ਐਸ.ਓ. ਦਾ ਕੀ ਕਹਿਣਾ ਹੈ?
ਮਾਰੂ ਹਥਿਆਰਾਂ ਵਾਙ ਖਤਰਨਾਕ ਜਸੂਸੀ ਪ੍ਰਬੰਧ ਬਣਾਉਣ ਵਾਲੀ ਇਜ਼ਰਾਈਲੀ ਕੰਪਨੀ ਐਨ.ਐਸ.ਓ. ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪ੍ਰਬੰਧਾਂ ਦੀ ਵਰਤੋਂ ਦੇ ਹੱਕ ਸਮਝੌਤੇ ਰਾਹੀਂ ਸਰਕਾਰੀ ਏਜੰਸੀਆਂ ਨੂੰ ਸੌਂਪ ਦਿੰਦੀ ਹੈ ਜਿਸ ਦਾ ਇਕੋ ਇਕ ਮਕਸਦ ਜ਼ੁਰਮ ਦਾ ਟਾਕਰਾ ਕਰਨਾ ਹੁੰਦਾ ਹੈ ਤੇ ਇਸ ਤੋਂ ਬਾਅਦ ਇਹ ਸਰਕਾਰੀ ਏਜੰਸੀਆਂ ਉੱਤੇ ਹੁੰਦਾ ਹੈ ਕਿ ਉਨ੍ਹਾਂ ਨੇ ਇਨ੍ਹਾਂ ਪ੍ਰਬੰਧਾਂ ਨੂੰ ਦੱਸੇ ਮਕਸਦ ਲਈ ਕਿਵੇਂ ਵਰਤਣਾ ਹੈ।
ਫੇਸਬੁੱਕ ਨੇ ਖਾਮੀ ਦੂਰ ਕਰਦਾ ਵਟਸਐਪ ਦਾ ਨਵਾਂ ਰੂਪ ਜਾਰੀ ਕੀਤਾ:
ਖਬਰਾਂ ਮੁਤਾਬਕ ਵਟਸਐਪ ਨੂੰ ਕੁਝ ਸਮਾਂ ਪਹਿਲਾਂ ਇਸ ਖਾਮੀ ਬਾਰੇ ਪਤਾ ਲੱਗ ਗਿਆ ਸੀ ਤੇ ਉਨ੍ਹਾਂ ਇਸ ਬਾਰੇ ਮਨੁੱਖੀ ਹੱਕਾਂ ਦੀਆਂ ਚੋਣਵੀਆਂ ਜਥੇਬੰਦੀਆਂ, ਬਿਜਾਲ ਤੇ ਸੁਰੱਖਿਆ ਦੇਣ ਵਾਲੀਆਂ ਕੰਪਨੀਆਂ ਤੇ ਅਮਰੀਕਾ ਦੇ ਨਿਆਂ ਮਹਿਕਮੇਂ ਨੂੰ ਜਾਣਕਾਰੀ ਦੇ ਦਿੱਤੀ ਸੀ।
ਲੰਘੇ ਸੋਮਵਾਰ ਫੇਸਬੁੱਕ ਨੇ ਵਟਸਐਪ ਦਾ ਇਕ ਸੁਧਰਿਆ ਹੋਇਆ ਰੂਪ ਜਾਰੀ ਕੀਤਾ ਹੈ ਅਤੇ ਵਰਤੋਂਕਾਰਾਂ ਨੂੰ ਇਹ ਆਪਣਾ-ਆਪਣਾ ਵਟਸਐਪ ਨਵਿਆਂ (ਅਪਡੇਟ ਕਰ) ਲੈਣ ਦੀ ਸਲਾਹ ਦਿੱਤੀ ਹੈ।