ਖਾਸ ਖਬਰਾਂ » ਸਿਆਸੀ ਖਬਰਾਂ » ਸਿੱਖ ਖਬਰਾਂ

ਗਿਆਨੀ ਗੁਰਮੁਖ ਸਿੰਘ ਦੀ ਮੁੜ-ਬਹਾਲੀ ਤੋਂ ਬਾਅਦ ਉਸਦਾ ‘ਨਿੱਜੀ ਸਹਾਇਕ’ ਹਿੰਮਤ ਸਿੰਘ ਜਸਟਿਸ ਰਣਜੀਤ ਸਿੰਘ ਨੂੰ ਦਿੱਤੇ ਬਿਆਨਾਂ ਤੋਂ ਮੁੱਕਰਿਆ

August 21, 2018 | By

ਚੰਡੀਗੜ੍ਹ: ਗਿਆਨੀ ਗੁਰਮੁਖ ਸਿੰਘ ਦੇ ਭਰਾ ਅਤੇ ‘ਨਿੱਜੀ ਸਹਾਇਕ’ (ਪਰਸਨਲ ਅਸਿਸਟੈਂਟ) ਹਿੰਮਤ ਸਿੰਘ ਨੇ ਅੱਜ ਚੰਡੀਗੜ੍ਹ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨ ਤੋਂ ਮੁੱਕਰਨ ਦਾ ਐਲਾਨ ਕਰ ਦਿੱਤਾ। ‘ਦਾ ਟ੍ਰਿਿਬਊਨ’ ਅਖਬਾਰ ਨੇ ਹਿੰਮਤ ਸਿੰਘ ਨਾਲ ਗੱਲਬਾਤ ਦਾ ਇਕ ਨਿੱਕਾ ਜਿਹਾ ਟੋਟਾ ਯੂ-ਟਿਊਬ ਨਾਮੀ ਮੱਕੜਤੰਦ (ਵੈਬਸਾਈਟ) ਉੱਤੇ ਪਾਇਆ ਹੈ। ਇਸ ਗੱਲਬਾਤ ਵਿੱਚ ਹਿੰਮਤ ਸਿੰਘ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਸਾਹਮਣੇ ਦਿੱਤੇ ਆਪਣੇ ਬਿਆਨ ਬਾਰੇ ‘ਅਣਜਾਣਤਾ’ ਪਰਗਟਾਈ ਹੈ ਅਤੇ ਦੋਸ਼ ਲਾਇਆ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਜਸਟਿਸ (ਰਿਟਾ.) ਰਣਜੀਤ ਸਿੰਘ ਨੇ ਉਸ ਤੇ ਦਬਾਅ ਪਾ ਕੇ ਉਸ ਕੋਲੋਂ ਕੁਝ ਦਸਤਾਵੇਜ਼ਾਂ ਉੱਤੇ ਦਸਤਖਤ ਕਰਵਾਏ ਸਨ।

ਜ਼ਿਕਰਯੋਗ ਹੈ ਕਿ 2015 ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਇਨ੍ਹਾਂ ਨਾਲ ਜੁੜੇ ਮਾਮਲਿਆਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਕੀਤੀ ਗਈ ਜਾਂਚ ਦਾ ਲੇਖਾ 24 ਅਗਸਤ ਤੋਂ 28 ਅਗਸਤ ਤੱਕ ਹੋਣ ਵਾਲੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿੱਚ ਪੇਸ਼ ਕੀਤਾ ਜਾਣਾ ਹੈ। ਇਸ ਤੋਂ ਪਹਿਲਾਂ ਇਸ ਜਾਂਚ ਲੇਖੇ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਲਈ ਕਈ ਤਰ੍ਹਾਂ ਦੀਆਂ ਬੁਣਤਾਂ ਬੁਣੀਆਂ ਜਾ ਰਹੀਆਂ ਹਨ। ਇਸੇ ਤਹਿਤ ਕੁਝ ਦਿਨ ਪਹਿਲਾਂ ਜਸਟਿਸ ਰਣਜੀਤ ਸਿੰਘ ਦੇ ਜਾਂਚ ਲੇਖੇ ਦਾ ਪਹਿਲਾਂ ਹਿੱਸਾ ‘ਲੀਕ’ ਹੋ ਗਿਆ ਸੀ, ਜਿਸ ਨੂੰ ‘ਹਿੰਦੋਸਤਾਨ ਟਾਈਮਜ਼’ ਨਾਮੀ ਅਖਬਾਰ ਵੱਲੋਂ ‘ਇਸੂ ਡਾਟ ਕਾਮ’ ਨਾਮੀ ਮੱਕੜਤੰਦ ਉੱਤੇ ਪਾਇਆ ਸੀ ਤੇ ਹਿੰਦੋਸਤਾਨ ਟਾਈਮਜ਼ ਦੇ ਜਿਸ ਪੱਤਰਕਾਰ ਨੇ ਇਸ ਲੇਖੇ ਦੇ ‘ਲੀਕ’ ਹੋਣ ਬਾਰੇ ਖਬਰ ਲਾਈ ਸੀ ਉਹ ਆਪਣੀਆਂ ਪਿਛਲੀਆਂ ਖਬਰਾਂ ਵਿੱਚ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀ ਪੁਲਿਸ ਵਾਲਿਆਂ ਖਿਲਾਫ ਕਾਰਵਾਈ ਨਾ ਕਰਨ ਲਈ ਪੰਜਾਬ ਪੁਲਿਸ ਦੇ ਇਕ ਧੜੇ, ਜਿਸ ਵਿੱਚ ਮੌਜੂਦਾ ਪੁਲਿਸ ਮੁਖੀ ਵੀ ਸ਼ਾਮਲ ਹੈ, ਦੇ ਪੱਖ ਨੂੰ ਉਭਾਰ ਰਿਹਾ ਸੀ। ਭਾਵੇਂ ਕਿ ਇਹ ਗੱਲ ਹਾਲੀ ਭੇਤ ਬਣੀ ਹੋਈ ਹੈ ਕਿ ਇਹ ਲੇਖਾ ਕਿਸ ਨੇ ਅਤੇ ਕਿਵੇਂ ‘ਲੀਕ’ ਕਰਵਾਇਆ ਪਰ ਇਹ ਗੱਲ ਸਾਫ ਹੈ ਕਿ ਇਹ ਲੇਖਾ ਜਸਟਿਸ ਰਣਜੀਤ ਸਿੰਘ ਦੀ ਜਾਂਚ ਦੀ ਭਰੋਸੇਯੋਗਤਾ ਨੂੰ ਢਾਹ ਲਾਉਣ ਲਈ ਹੀ ‘ਲੀਕ’ ਕੀਤਾ ਗਿਆ ਹੈ। ਹਿੰਮਤ ਸਿੰਘ ਦਾ ਆਪਣੇ ਬਿਆਨਾਂ ਤੋਂ ਮੁੱਕਰਣ ਦਾ ਐਲਾਨ ਕਰਨਾ ਵੀ ਇਸੇ ਕੜੀ ਤਹਿਤ ਵੇਖਿਆ ਜਾ ਰਿਹਾ ਹੈ।

ਹਿੰਮਤ ਸਿੰਘ (ਖੱਬੇ) ਅਤੇ ਗਿਆਨੀ ਗੁਰਮੁਖ ਸਿੰਘ (ਸੱਜੇ) ਦੀ ਤਸਵੀਰ।

ਜ਼ਿਕਰਯੋਗ ਹੈ ਕਿ ਹਿੰਮਤ ਸਿੰਘ, ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੁਲਾਜ਼ਮ ਸੀ ਅਤੇ ਆਪਣੇ ਭਰਾ ਗਿਆਨੀ ਗੁਰਮੁਖ ਸਿੰਘ ਦਾ ਦਫਤਰੀ ਤੌਰ ਤੇ ਨਿੱਜੀ ਸਜਾਇਕ (ਪੀ. ਏ.) ਸੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਕੋਲ ਦਰਜ਼ ਕਰਵਾਏ ਬਿਆਨ ਵਿੱਚ ਕਿਹਾ ਸੀ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸਤੰਬਰ 2015 ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਗੁਰਮੁਖ ਸਿੰਘ ਅਤੇ ਗਿਆਨੀ ਮੱਲ ਸਿੰਘ ਨੂੰ ਚੰਡੀਗੜ੍ਹ ਸਥਿਤ ਆਪਣੀ ਰਿਹਾਇਸ਼ ਵਿੱਚ ਬੁਲਾਇਆ ਸੀ ਜਿੱਥੇ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਤਿੰਨਾਂ ਤੇ ਸੌਦਾ ਸਾਧ ਨੂੰ ਮਾਫੀ ਦੇਣ ਲਈ ਦਬਾਅ ਬਣਾਇਆ ਸੀ।

ਹਾਲਾਕਿ ਅੱਜ ਹਿੰਮਤ ਸਿੰਘ ਨੇ ਇਸ ਬਿਆਨ ਤੋਂ ਮੁੱਕਰਣ ਦਾ ਐਲਾਨ ਕਰਦਿਆਂ ਕਿਹਾ ਹੈ ਕਿ ਉਸ ਨੇ ਕਮਿਸ਼ਨ ਅੱਗੇ ਅਜਿਹਾ ਕੋਈ ਬਿਆਨ ਦਿੱਤਾ ਹੀ ਨਹੀਂ ਸੀ, ਪਰ ਇਹ ਗੱਲ ਖਾਸ ਜ਼ਿਕਰਯੋਗ ਹੈ ਕਿ 19 ਅਪਰੈਲ, 2017 ਨੂੰ ਇਨ੍ਹਾਂ ਹੀ ਗੱਲਾਂ ਦਾ ਖਲਾਸਾ ਗਿਆਨੀ ਗੁਰਮੁਖ ਸਿੰਘ ਨੇ ਆਪ ਕੀਤੇ ਸਨ। ਚੋਣਵੇਂ ਪੱਤਰਕਾਰਾਂ ਨਾਲ ਤਕਰੀਬਨ ਪੌਣੇ ਘੰਟੇ ਦੀ ਗੱਲਬਾਤ, ਜੋ ਕਿ ਮੱਕੜਤੰਦ ਯੂ-ਟਿਊਬ ਉੱਤੇ ‘ਅਕਾਲ ਚੈਨਲ’ ’ਤੇ ਅੱਜ ਵੀ ਵੇਖੀ ਜਾ ਸਕਦੀ ਹੈ, ਵਿੱਚ ਗਿਆਨੀ ਗੁਰਮੁਖ ਸਿੰਘ ਨੇ ਆਪ ਮੰਨਿਆ ਹੈ ਕਿ ਉਹ, ਗਿਆਨੀ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ ਪਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿੱਤ ਕੋਠੀ ਵਿੱਚ ਗਏ ਸਨ ਜਿੱਥੇ ਪਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਨੂੰ ਸੌਦਾ ਸਾਧ ਵੱਲੋਂ ਭੇਜੀ ਚਿੱਠੀ ਵਿਖਾਉਂਦਿਆਂ ਇਸ ਚਿੱਠੀ ਨੂੰ ਮਨਜੂਰ ਕਰਕੇ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਦਾ ਐਲਾਨ ਕਰਨ ਲਈ ਕਿਹਾ ਸੀ। ਗਿਆਨੀ ਗੁਰਮੁਖ ਸਿੰਘ ਨੇ ਇਹ ਵੀ ਕਿਹਾ ਸੀ ਕਿ ਸੌਦਾ ਸਾਧ ਨੂੰ ਮਾਫੀ ਦਾ ਐਲਾਨ ਕਰਨ ਲਈ ਸੁਖਬੀਰ ਸਿੰਘ ਬਾਦਲ ਨੇ ਆਪ ਉਸ ’ਤੇ ਦਬਾਅ ਬਣਾਇਆ ਸੀ।

ਜ਼ਿਕਰਯੋਗ ਹੈ ਕਿ ਉਕਤ ਖੁਲਾਸਿਆਂ ਤੋਂ ਬਾਅਦ 21 ਅਪਰੈਲ, 2017 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਗੁਰਮੁਖ ਸਿੰਘ ਨੂੰ ਤਖਤ ਦਮਦਮਾਂ ਸਾਹਿਬ ਦੀ ਜਥੇਦਾਰੀ ਫਾਰਗ ਕਰਕੇ ਉਸ ਦੀ ਬਦਲੀ ਧਮਤਾਨ ਸਿੰਘ (ਹਰਿਆਣਾ) ਵਿਖੇ ਕਰ ਦਿੱਤੀ ਸੀ। ਪਰ ਗਿਆਨੀ ਗੁਰਮੁਖ ਸਿੰਘ ਨੇ ਦਮਦਮਾਂ ਸਾਹਿਬ ਦੇ ਜਥੇਦਾਰ ਵਾਲੀ ਰਿਹਾਇਸ਼ ਖਾਲੀ ਕਰਨ ਤੋਂ ਮਨ੍ਹਾਂ ਕਰ ਦਿਤਾ ਸੀ ਜਿਸ ਤੋਂ ਬਾਅਦ ਉਸ ਘਰ ਦੀ ਬਿਜਲੀ ਬੰਦ ਕਰ ਦਿੱਤੀ ਗਈ ਸੀ। ਅਜਿਹੇ ਹਾਲਾਤ ਵਿੱਚ ਗਿਆਨੀ ਗੁਰਮੁਖ ਸਿੰਘ ਨੂੰ ਅਖੀਰ ਉਹ ਰਿਹਾਇਸ਼ ਖਾਲੀ ਕਰਨੀ ਪਈ ਸੀ। ਇਸ ਸਾਰੇ ਹਾਲਾਤ ਵਿੱਚ ਹਿੰਮਤ ਸਿੰਘ ਗਿਆਨੀ ਗੁਰਮੁਖ ਸਿੰਘ ਦੇ ਨਾਲ ਸੀ ਅਤੇ ਜਾਣਕਾਰ ਹਲਕਿਆਂ ਮੁਤਾਬਕ ਗੁਰਮੁਖ ਸਿੰਘ ਦੇ ਕਹਿਣ ਉੱਤੇ ਹੀ ਹਿੰਮਤ ਸਿੰਘ ਨੇ ਸ਼੍ਰੋ.ਗੁ.ਪ੍ਰ.ਕ. ਦੀ ਨੌਕਰੀ ਤੋਂ ਅਸਤੀਫਾ ਦੇ ਕੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਆਪਣੇ ਬਿਆਨ ਦਰਜ਼ ਕਰਵਾਏ ਸਨ।

ਜਿਸ ਵੇਲੇ ਹਿੰਮਤ ਸਿੰਘ ਨੇ ਸ਼੍ਰੋ.ਗੁ.ਪ੍ਰ.ਕ. ਤੋਂ ਅਸਤੀਫਾ ਦਿੱਤਾ ਸੀ ਉਸ ਵੇਲੇ ਉਸ ਨੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਪਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੱਲੋਂ ਸੌਦਾ ਸਾਧ ਨੂੰ ਮਾਫੀ ਦਿਵਾਉਣ ਲਈ ‘ਜਥੇਦਾਰਾਂ’ ’ਤੇ ਦਾਬਅ ਬਣਾਇਆ ਗਿਆ ਸੀ ਜਿਸ ਦਾ ਖੁਲਾਸਾ ਕਰਨ ਕਰਕੇ ਹੀ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰੀ ਤੋਂ ਹਟਾਇਆ ਗਿਆ ਹੈ। ਉਸ ਨੇ ਇਹ ਵੀ ਕਿਹਾ ਸੀ ਕਿ ਸ਼੍ਰੋ.ਗੁ.ਪ੍ਰ.ਕ. ਦੇ ਅਧਿਕਾਰੀ ਉਸ ਉੱਤੇ ਗਿਆਨੀ ਗੁਰਮੁਖ ਸਿੰਘ ਖਿਲਾਫ ਬੋਲਣ ਲਈ ਦਬਾਅ ਬਣਾ ਰਹੇ ਸਨ ਜਿਸ ਕਰਕੇ ਉਸ ਨੇ ਨੌਕਰੀ ਤੋਂ ਹੀ ਅਸਤੀਫਾ ਦੇ ਦਿੱਤਾ ਹੈ।
ਹਿੰਮਤ ਸਿੰਘ ਦਾ ਅਕਤੂਬਰ 2017 ਦਾ ਬਿਆਨ ਸੁਣੋ:

https://www.youtube.com/watch?v=mVfoA0n0hYs

ਇੱਥੇ ਇਹ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ 30 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦਾ ਜਾਂਚ ਲੇਖਾ ਵਿਧਾਨ ਸਭਾ ਵਿੱਚ ਪੇਸ਼ ਕਰਨ ਦੇ ਐਲਾਨ ਤੋਂ ਬਾਅਦ ਅਚਾਨਕ 3 ਅਗਸਤ ਨੂੰ ਸ਼੍ਰੋ.ਗੁ.ਪ੍ਰ.ਕ. ਨੇ ਗਿਆਨੀ ਗੁਰਮੁਖ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਗਰੰਥੀ ਵਜੋਂ ਬਹਾਲ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਵਿੱਚ ਗਿਆਨੀ ਗੁਰਮੁਖ ਸਿੰਘ ਨੂੰ ਅਚਾਨਕ ਮੁੜ-ਬਹਾਲ ਕਰਨ ’ਤੇ ਹੈਰਾਨੀ ਜਤਾਈ ਗਈ ਸੀ ਪਰ ਹਿੰਮਤ ਸਿੰਘ ਵੱਲੋਂ ਅੱਜ ਬਿਆਨਾਂ ਤੋਂ ਮੁੱਕਰਣ ਤੋਂ ਬਾਅਦ ਇਹ ਗੱਲ ਸਾਫ ਹੋ ਗਈ ਹੈ ਕਿ ਇਹ ਮੁੜ-ਬਹਾਲੀ ਅਚਾਨਕ ਨਹੀਂ ਬਲਕਿ ਪੂਰੀ ਗਿਣੇ ਮਿੱਥੇ ਤਰੀਕੇ ਨਾਲ ਵਾਪਰੀ ਸੀ।

ਇਸ ਖਬਰ ਨੂੰ ਵਧੇਰੇ ਵਿਸਤਾਰ ਨਾਲ (ਅੰਗਰੇਜ਼ੀ ਵਿੱਚ) ਪੜ੍ਹੋ: Weeks After Giani Gurmukh Singh’s Reinstatement, His Brother-cum-PA Back Tracks from Statement Before Ranjit Singh Commission

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , , , , , ,