Site icon Sikh Siyasat News

ਵੀਹਵੀਂ ਸਦੀ ਦੀ ਸਿੱਖ ਰਾਜਨੀਤੀ (ਕਿਸ਼ਤ 7)

ਹਮ ਹਿੰਦੂ ਨਹੀਂ

(ਧਿਆਨ ਦਿਓ: ਇਸ ਲਿਖਤ ਵਿੱਚ ਜਿਹੜੇ ਅੰਕ () ਵਿੱਚ ਪਾਏ ਗਏ ਹਨ, ਉਹ ਹਵਾਲਾ/ਟਿੱਪਣੀ ਸੂਚਕ ਹਨ। ਸਾਰੇ ਹਵਾਲੇ ਅਤੇ ਟਿੱਪਣੀਆਂ ਇਸ ਲਿਖਤ ਦੇ ਅਖੀਰ ਵਿੱਚ ਦਰਜ ਕੀਤੇ ਗਏ ਹਨ: ਸੰਪਾਦਕ)

ਸਮੱਸਿਆ ਕਿੰਨੀ ਵਿਆਪਕ ਤੇ ਦੁਰਗਮ ਸੀ, ਇਸ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਸਿਰਫ ਹਿੰਦੂ ਹੀ ਨਹੀਂ ਸਨ ਜੋ ਸਿੱਖ ਧਰਮ ਦੀ ਹਿੰਦੂ ਮੱਤ ਨਾਲੋਂ ਅੱਡਰੀ ਪਛਾਣ ਤੋਂ ਮੁਨਕਰ ਹੋ ਰਹੇ ਸਨ। ਖੁਦ ਸਿੱਖ ਜਗਤ ਅੰਦਰ ਬਹੁਤ ਸਾਰੇ ਲੋਕ ਸਨ ਜੋ ਇਸ ਤਰ੍ਹਾਂ ਹੀ ਸੋਚਣ ਤੇ ਮੰਨਣ ਲੱਗ ਪਏ ਸਨ। ਭਾਈ ਜਗਤ ਸਿੰਘ ਵਰਗੇ ਆਰੀਆ ਸਮਾਜੀ ਸਿੱਖ ਸ਼ਰ੍ਹੇਆਮ ਇਹ ਗੱਲ ਮੰਨ ਅਤੇ ਪ੍ਰਚਾਰ ਰਹੇ ਸਨ ਕਿ “ਸਿੱਖ ਧਰਮ ਹੋਰ ਕੁਝ ਨਹੀਂ, ਇਹ ਆਰੀਆ ਸਮਾਜ ਦਾ ਹੀ ਅਗੇਤਰਾ ਸੰਸਕਰਣ ਹੈ।”(21) ਭਾਈ ਬਸੰਤ ਸਿੰਘ ਨਾਂ ਦਾ ਇਕ ਹੋਰ ਆਰੀਆ ਸਮਾਜੀ ਸਿੱਖ 4 ਸਤੰਬਰ 1887 ਨੂੰ ਗੁਜਰਾਂਵਾਲਾ ਵਿਖੇ ਇੱਕ ਸਿੱਖ ਇਕੱਠ ਨੂੰ ਸੰਬੋਧਨ ਕਰਦਾ ਹੋਇਆ ਖੁੱਲ੍ਹੇਆਮ ਇਹ ਗੱਲ ਕਹਿਣ ਦੀ ਹਮਾਕਤ ਕਰ ਰਿਹਾ ਸੀ ਕਿ “ਗੁਰੂ ਨਾਨਕ ਦਾ ਮਿਸ਼ਨ ਕੇਵਲ ਪੁਰਾਤਨ ਰਿਸ਼ੀਆਂ ਦੇ ਵੈਦਿਕ ਧਰਮ ਨੂੰ ਹੀ ਪੁਨਰ ਜੀਵਤ ਕਰਨਾ ਸੀ” ਅਤੇ ਗੁਰੂ ਸਾਹਿਬਾਨ ਨੇ ਜੋ ਲੜਾਈ ਲੜੀ ਉਹ “ਸਮੁੱਚੇ ਆਰੀਆ ਵਰਤ ਤੇ ਸਮੁੱਚੀ ਹਿੰਦੂ ਕੌਮ ਦੀ ਤਰਫੋਂ ਲੜੀ।”(22) ਜੇਕਰ ਅਜਿਹੀਆਂ ਗੱਲਾਂ ਸਿੱਖਾਂ ਦੇ ਭਰਵੇਂ ਇਕੱਠਾਂ ’ਚ ਕਹੀਆਂ ਅਤੇ ਚੁੱਪ ਕਰਕੇ ਸੁਣੀਆਂ ਤੇ ਸਹਿਣ ਕੀਤੀਆਂ ਜਾ ਰਹੀਆਂ ਸਨ ਤਾਂ ਸਮੱਸਿਆ ਦੀ ਗੰਭੀਰਤਾ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ। ਇਸੇ ਸੋਚ ਧਾਰਾ ਨੂੰ ਜਾਰੀ ਰਖਦਿਆਂ ਹੋਇਆਂ 1899 ਵਿਚ ਬਾਵਾ ਨਰੈਣ ਸਿੰਘ ਤੇ ਲਾਲਾ ਠਾਕਰ ਦਾਸ ਨੇ “ਸਿੱਖ ਹਿੰਦੂ ਹੈਂ” ਦੇ ਭੜਕਾਊ ਅਨੁਵਾਨ ਹੇਠ ਇਕ ਕਿਤਾਬਚਾ ਜਾਰੀ ਕਰ ਮਾਰਿਆ ਜਿਸ ਵਿਚ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਤੇ ਪਰੰਪਰਾਵਾਂ ਦੀ ਹਿੰਦੂਵਾਦੀ ਨਜ਼ਰੀਏ ਤੋਂ ਏਨੀ ਖੁੱਲ੍ਹਮਖੁੱਲ੍ਹੀ ਤੋੜ-ਮਰੋੜ ਕੀਤੀ ਗਈ ਕਿ ਇਸ ਨੇ ਭਾਈ ਕਾਨ੍ਹ ਸਿੰਘ ਨਾਭਾ ਵਰਗੇ ਗਹਿਰ-ਗੰਭੀਰ ਤੇ ਤਹੱਮਲ ਮਿਜ਼ਾਜ ਸਿੱਖ ਵਿਦਵਾਨ ਨੂੰ ਇਸ ਦਾ ਤੁਰਤਪੈਰਾ ਅਤੇ ਕਰਾਰਾ ਜੁਆਬ ਲਿਖਣ ਲਈ ਉਤੇਜਤ ਕਰ ਦਿੱਤਾ। ਭਾਈ ਸਾਹਿਬ ਹੁਰਾਂ ਨੇ ਵਜ਼ਨਦਾਰ ਤੇ ਤੇਜ਼-ਧਾਰ ਦਲੀਲਾਂ ਨਾਲ ‘ਹਮ ਹਿੰਦੂ ਹੈਂ’’ ਦੀ ਧਾਰਨਾ ਦਾ ਥੋਥ ਅਤੇ ਕੂੜ ਉਜਾਗਰ ਕਰਦਿਆਂ ਹੋਇਆਂ ਸਿਧਾਂਤਕ ਦਲੀਲਾਂ ਦੇ ਡੰਕੇ ਦੀ ਚੋਟ ਨਾਲ ਇਹ ਨਾਹਰਾ ਬੁਲੰਦ ਕੀਤਾ ਕਿ ‘‘ਹਮ ਹਿੰਦੂ ਨਹੀਂ’’! ਸੰਨ 1899 ਵਿਚ ਇਸੇ ਅਨੁਵਾਨ ਹੇਠ ਛਪਿਆ ਭਾਈ ਸਾਹਿਬ ਹੁਰਾਂ ਦਾ ਇਹ ਕਿਤਾਬਚਾ ਨਾ ਸਿਰਫ ਆਰੀਆ ਸਮਾਜ ਵਿਰੁੱਧ ਸਿੱਖ ਕੌਮ ਦੀ ਤਤਕਾਲੀ ਸਿਧਾਂਤਕ ਜਦੋਜਹਿਦ ਅੰਦਰ ਇਕ ਸ਼ਕਤੀਸ਼ਾਲੀ ਵਿਚਾਰਧਾਰਕ ਹਥਿਆਰ ਸਾਬਤ ਹੋਇਆ ਸਗੋਂ ਬਾਅਦ ਵਿਚ ਵੀ ਇਹ ਲਗਾਤਾਰ ਸਿੱਖ ਦੁਸ਼ਮਣ ਤਾਕਤਾਂ ਲਈ ਇਕ ਵੱਡੀ ‘ਸਿਰਦਰਦੀ’ ਬਣਿਆ ਰਿਹਾ। ਭਾਈ ਕਾਨ੍ਹ ਸਿੰਘ ਹੁਰਾਂ ਦੀ ਇਹ ਇਤਿਹਾਸਕ ਰਚਨਾ ਪੂਰੀ ਇਕ ਸਦੀ ਦੀ ਆਯੂ ਭੋਗ ਲੈਣ ਦੇ ਬਾਵਜੂਦ ਅੱਜ ਵੀ ਓਨੀ ਹੀ ਸਾਰਥਕ ਤੇ ਤਰੋ-ਤਾਜ਼ਾ ਹੈ ਜਿੰਨੀ ਇਹ ਸੌ ਸਾਲ ਪਹਿਲਾਂ ਸੀ। ਇਤਿਹਾਸ ਅੰਦਰ ਅਜਿਹਾ ਮਾਣ ਬਹੁਤ ਹੀ ਵਿਰਲੀਆਂ ਰਚਨਾਵਾਂ ਦੇ ਹਿੱਸੇ ਆਉਂਦਾ ਹੈ।

ਸਿੱਖ ਪਛਾਣ ਦਾ ਮਸਲਾ ਸਿੱਖੀ ਤੇ ਸਿੱਖ ਸਮਾਜ ਦੇ ‘‘ਹਿੰਦੂਕਰਨ’’ ਦੀ ਸਮੱਸਿਆ ’ਚੋਂ ਪੈਦਾ ਹੋਇਆ ਸੀ। ਮੂਲ ਰੂਪ ’ਚ ਇਹ ਮਸਲਾ ਧਾਰਮਿਕ ਤੇ ਸਭਿਆਚਾਰਕ ਸੀ ਜਿਸ ਦਾ ਰਾਜਨੀਤੀ ਨਾਲ ਆਪਣੇ ਆਪ ’ਚ ਕੋਈ ਸਿੱਧਾ ਸਬੰਧ ਨਹੀਂ ਸੀ। ਇਹ ਮਸਲਾ ਰਾਜਸੀ ਉਦੋਂ ਬਣਿਆ ਜਦ ਅੰਗਰੇਜ਼ ਹੁਕਮਰਾਨਾਂ ਵੱਲੋਂ ਲਾਗੂ ਕੀਤੇ ਪ੍ਰਸ਼ਾਸਨੀ ਸੁਧਾਰਾਂ ਨਾਲ, ਅੱਡ-ਅੱਡ ਧਾਰਮਿਕ ਵਰਗਾਂ ਅੰਦਰ ਆਪੋ ਆਪਣੀ ਉਚਿਤ ਨੁਮਾਇੰਦਗੀ ਹਾਸਲ ਕਰਨ ਦੀ ਸ਼ਰੀਕਾ ਦੌੜ ਸ਼ੁਰੂ ਹੋ ਗਈ। ਇਹ ਮਸਲਾ ਛਿੜਿਆ ਭਾਵੇਂ ਪੰਥ ਤੋਂ ਬਾਹਰਲੀਆਂ ਹਿੰਦੂ ਤਾਕਤਾਂ ਨਾਲ ਵਿਵਾਦ ਦੇ ਰੂਪ ਵਿਚ ਸੀ ਪਰ ਇਹ ਸਮੱਸਿਆ ਨਿਰੀ ਬੈਰੂਨੀ ਨਹੀਂ ਸੀ ਸਗੋਂ ਆਂਤਰਿਕ ਵੀ ਸੀ। ਉਦਾਸੀ, ਨਿਰਮਲੇ, ਸੇਵਾਪੰਥੀਏ ਅਤੇ ਅਜਿਹੀਆਂ ਹੋਰ ਸੰਪਰਦਾਵਾਂ ਆਪਣੀਆਂ ਸਿਧਾਂਤਕ ਟੇਕਾਂ ਤੇ ਰਹੁ-ਰੀਤਾਂ ਦੀ ਦ੍ਰਿਸ਼ਟੀ ਤੋਂ, ਸਿੱਖ ਪੰਥ ਅੰਦਰ ਫੈਲਰੀਆਂ ਹਿੰਦੂਵਾਦ ਦੀਆਂ ਹੀ ਸ਼ਾਖਾਵਾਂ ਸਨ। ਇਸ ਕਰਕੇ ਸਿੱਖ ਪਛਾਣ ਦੀ ਸੁਤੰਤਰ ਹਸਤੀ ਨੂੰ ਪਰਿਭਾਸ਼ਤ ਤੇ ਸਥਾਪਤ ਕਰਨ ਲਈ ਅਜਿਹੀਆਂ ਸ਼ਾਖਾਵਾਂ ਦੀ ਸਿਧਾਂਤਕ ਛਾਂਗ-ਛੰਗਾਈ ਜ਼ਰੂਰੀ ਸੀ। ਅਜਿਹਾ ਕੀਤੇ ਬਿਨਾਂ ਹਿੰਦੂਵਾਦ ਦੇ ਸਿੱਖ ਧਰਮ ਉਤੇ ਪੈ ਚੁੱਕੇ (ਅਤੇ ਜਾਰੀ ਰਹਿ ਰਹੇ) ਦੁਰਪ੍ਰਭਾਵਾਂ ਵਿਰੁੱਧ ਸਫਲ ਲੜਾਈ ਦੇ ਸਕਣੀ ਅਤੇ ਸਿੱਖੀ ਦੀ ਮੌਲਿਕ ਠੁੱਕ ਤੇ ਪਰੰਪਰਾ ਦੀ ਰਾਖੀ ਕਰ ਸਕਣੀ ਉੱਕਾ ਹੀ ਸੰਭਵ ਨਹੀਂ ਸੀ। ਇਤਿਹਾਸ ਦੇ ਵਿਕਾਸ ਦਾ ਇਹ ਆਮ ਨਿਯਮ ਹੈ ਕਿ ਜਦ ਵੀ ਕੋਈ ਸਮਾਜੀ ਸੰਗਠਨ (ਭਾਈਚਾਰਾ) ਆਪਣੀ ਵੱਖਰੀ ਪਛਾਣ ਸਥਾਪਤ ਕਰਨ ਵੱਲ ਵਧਦਾ ਹੈ ਤਾਂ ਉਹ ਲਾਜ਼ਮੀ ਤੌਰ ’ਤੇ ਆਪਣੇ ਅੰਦਰੂਨੀ ਵਰਗ-ਵਖਰੇਵਿਆਂ ਨੂੰ ਖਾਰਜ ਕਰਨ ਦੀ ਦਿਸ਼ਾ ਅਤੇ ਧੁੱਸ ਅਖਤਿਆਰ ਕਰਦਾ ਹੈ। ਵੱਖਰੀ ਪਛਾਣ ਸਥਾਪਤ ਕਰਨ ਦਾ ਮਤਲਬ ਆਪਣੀ ਅੰਦਰੂਨੀ ਇਕਮੁੱਠਤਾ ਮਜ਼ਬੂਤ ਕਰਨਾ ਹੈ। ਠੋਸ ਤੱਥਾਂ ਤੋਂ ਅਜਿਹੇ ਸਿੱਕੇਬੰਦ ਪ੍ਰਮਾਣ ਮਿਲਦੇ ਹਨ ਕਿ ਸਿੰਘ ਸਭਾ ਲਹਿਰ ਨੇ, ਸਿੱਖ ਪੰਥ ਅੰਦਰ ਅੰਦਰੂਨੀ ਇਕਮੁੱਠਤਾ ਦੀ ਭਾਵਨਾ ਨੂੰ ਪ੍ਰਫੁੱਲਤ ਕਰਨ ਦੇ ਮਾਮਲੇ ’ਚ ਕਾਫੀ ਨਿਗਰ ਸਫਲਤਾ ਹਾਸਲ ਕੀਤੀ। 1881 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ ਪੰਜਾਬ ਦੇ ਪੰਜ ਕੇਂਦਰੀ ਜ਼ਿਲ੍ਹਿਆਂ ਅੰਦਰ ਦਸਾਂ ਸਾਲਾਂ ਦੌਰਾਨ ਕੇਸਧਾਰੀ ਸਿੱਖਾਂ ਦੀ ਗਿਣਤੀ ਵਿਚ ਚਾਰ ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਦ ਕਿ ਇਸੇ ਅਰਸੇ ਦੌਰਾਨ ਇਨ੍ਹਾਂ ਜ਼ਿਲ੍ਹਿਆਂ ਅੰਦਰ ਕੁਲ ਵਸੋਂ ਵਿਚ ਸਾਢੇ ਚਾਰ ਫੀ ਸਦੀ ਦਾ ਵਾਧਾ ਹੋਇਆ। ਪ੍ਰਤੱਖ ਹੈ ਕਿ ਸਿੱਖਾਂ ਅੰਦਰ ਪਤਿਤਪੁਣੇ ਦਾ ਅਤੇ ਗੁਰਮਤਿ ਮਾਰਗ ਤੋਂ ਹਟ ਕੇ ਨੀਮ-ਹਿੰਦੂ ਸੰਪਰਦਾਵਾਂ ਵੱਲ ਝੁਕਣ ਦਾ ਰੁਝਾਨ ਜ਼ੋਰ ਫੜ ਚੁੱਕਾ ਸੀ। ਪਰ ਇਸ ਦੇ ਮੁਕਾਬਲੇ 1911 ਤੇ 1921 ਦੀਆਂ ਰਿਪੋਰਟਾਂ ਦਰਸਾਉਂਦੀਆਂ ਹਨ ਕਿ ਏਸ ਅਰਸੇ ਦੌਰਾਨ ਇਕ ਤਾਂ ਕੁੱਲ ਸਿੱਖ ਵਸੋਂ ਵਿਚ ਗਿਣਨਯੋਗ ਇਜ਼ਾਫਾ ਹੋਇਆ। ਦੂਜਾ, ਕੇਸਧਾਰੀ ਸਿੱਖਾਂ ਦੀ ਗਿਣਤੀ ਵਧੀ ਜਦ ਕਿ ਸਹਿਜਧਾਰੀ ਸਿੱਖਾਂ ਦੀ ਗਿਣਤੀ ਅੰਦਰ ਗਿਰਾਵਟ ਦਾ ਰੁਝਾਨ ਪ੍ਰਗਟ ਹੋਇਆ। ਤੀਜਾ, ਤੱਤ ਖਾਲਸੇ ਦੇ ਮੁਕਾਬਲੇ ਪੰਥ ਅੰਦਰਲੀਆਂ ਹੋਰਨਾਂ ਸੰਪਰਦਾਵਾਂ (ਉਦਾਸੀ, ਨਿਰਮਲੇ, ਨਾਨਕ ਪੰਥੀਏ ਆਦਿ ਆਦਿ) ਦੇ ਪੈਰੋਕਾਰਾਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਆਈ। 1901 ਤੋਂ ਲੈ ਕੇ 1911 ਤੱਕ ਪੰਜਾਬ ਅੰਦਰ ਸਿੱਖਾਂ ਦੀ ਗਿਣਤੀ 21 ਲੱਖ ਤੋਂ ਵਧ ਕੇ 29 ਲੱਖ ਤੱਕ ਜਾ ਅੱਪੜੀ ਜਦ ਕਿ ਏਸ ਅਰਸੇ ਦੌਰਾਨ ਪਲੇਗ ਦੀ ਵਜ੍ਹਾ ਕਰਕੇ ਪੰਜਾਬ ਦੀ ਕੁਲ ਵਸੋਂ ਵਿਚ 2.2 ਫੀ ਸਦੀ ਦੀ ਗਿਰਾਵਟ ਦਰਜ ਕੀਤੀ ਗਈ। 1911 ਤੋਂ ਲੈ ਕੇ 1921 ਤੱਕ, ਦਸਾਂ ਸਾਲਾਂ ਅੰਦਰ, ਹਿੰਦੂ ਤੇ ਮੁਸਲਿਮ ਦਲਿਤਾਂ ਦੀ ਗਿਣਤੀ ਵਿਚ ਕਰਮਵਾਰ 81229 ਅਤੇ 18773 ਦੀ ਗਿਰਾਵਟ ਆਈ ਜਦ ਕਿ ਇਸੇ ਅਰਸੇ ਦੌਰਾਨ ਸਿੱਖ ਦਲਿਤ ਵਰਗ ਦੀ ਗਿਣਤੀ ਵਿਚ 33549 ਦਾ ਵਾਧਾ ਹੋਇਆ।(23) ਮਤਲਬ ਇਹ ਕਿ ਜਿੱਥੇ ਈਸਾਈ ਧਰਮ ਨੇ ਹਿੰਦੂ ਤੇ ਮੁਸਲਿਮ ਦਲਿਤਾਂ ਨੂੰ ਵੱਡੀ ਗਿਣਤੀ ’ਚ ਆਪਣੇ ਵੱਲੇ ਖਿੱਚਿਆ, ਉਥੇ ਸਿੰਘ ਸਭਾ ਲਹਿਰ ਵੱਲੋਂ ਪੈਦਾ ਕੀਤੀ ਧਾਰਮਿਕ ਚੇਤਨਾ ਸਦਕਾ ਸਿੱਖ ਪੰਥ ਨਾ ਸਿਰਫ ਆਪਣੇ ਘਰ ਨੂੰ ਈਸਾਈ ਧਰਮ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ’ਚ ਕਾਮਯਾਬ ਹੋਇਆ ਸਗੋਂ ਇਹ ਹਿੰਦੂ ਤੇ ਮੁਸਲਿਮ ਦਲਿਤ ਵਰਗਾਂ ਦੇ ਕਾਫੀ ਹਿੱਸਿਆਂ ਨੂੰ ਆਪਣੇ ਵੱਲ ਪ੍ਰੇਰਿਤ ਕਰਨ ਵਿਚ ਵੀ ਸਫਲ ਹੋਇਆ। ਸਿੰਘ ਸਭਾ ਲਹਿਰ ਦੀ ਇਸ ਪ੍ਰਾਪਤੀ ਨੂੰ ਨਿਰਾ ਅੰਕਾਂ ਦੇ ਵਾਧੇ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ। ਇਸ ਦੀ ਅਸਲੀ ਮਹੱਤਤਾ ਇਸ ਦੇ ਵਿਚਾਰਧਾਰਕ ਤੱਤ ਵਿਚ ਹੈ। ਇਹ ਪ੍ਰਾਪਤੀ ਸਿੰਘ ਸਭਾ ਲਹਿਰ ਵੱਲੋਂ, ਸਿੱਖੀ ਅਤੇ ਸਿੱਖ ਸਮਾਜ ਉਤੇ ਪਏ ਹਿੰਦੂਵਾਦੀ ਪ੍ਰਭਾਵਾਂ ਵਿਰੁੱਧ ਉਸ ਦੀ ਸਿਧਾਂਤਕ ਜਦੋਜਹਿਦ ਦਾ ਫਲ ਸੀ। ਹਿੰਦੂਵਾਦ ਨਾਲੋਂ ਨਿਖੇੜੇ ਦੀ ਇਹ ਵਿਚਾਰਧਾਰਕ ਸੇਧ ਹੀ ਸੀ ਜਿਸ ਨੇ ਹੋਰ ਕੁਝ ਸਾਲਾਂ ਬਾਅਦ ਇਕ ਬਹੁਤ ਹੀ ਵੱਡੇ ਤੇ ਤੇਜੱਸਵੀ ਸਿੱਖ ਉਭਾਰ ਦੀ ਉਠਾਣ ਬੰਨ੍ਹੀ। ਜਿਸ ਨੂੰ ਇਤਿਹਾਸ ਅੰਦਰ ‘ਗੁਰਦੁਆਰਾ ਸੁਧਾਰ ਲਹਿਰ’ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਬਾਰੇ ਚਰਚਾ ਅੱਗੇ ਵਧਾਉਣ ਤੋਂ ਪਹਿਲਾਂ ਉਸ ਰਾਜਸੀ ਪੱਖ ਦਾ ਵਰਨਣ ਜ਼ਰੂਰੀ ਹੈ ਜਿਸ ਨੇ ਸਿੱਖ ਪੰਥ ਅੰਦਰ ਸਵੈ-ਪਛਾਣ ਦੀ ਚੇਤਨਾ ਨੂੰ ਹੋਰ ਸਾਣ ’ਤੇ ਲਾਉਣ ਅਤੇ ਉਸ ਅੰਦਰ ਇਕ ਕੌਮ ਦੀ ਹੈਸੀਅਤ ਤੇ ਚੇਤਨਤਾ ਪੈਦਾ ਕਰਨ ਵਿਚ ਅਹਿਮ ਰੋਲ ਨਿਭਾਇਆ। ਇਹ ਬਰਤਾਨਵੀ ਹਾਕਮਾਂ ਵੱਲੋਂ ਭਾਰਤ ਅੰਦਰ ਛੋਹਿਆ ਪ੍ਰਸ਼ਾਸਨੀ ਸੁਧਾਰਾਂ ਦਾ ਅਮਲ ਸੀ ਜਿਸ ਨੇ ਭਾਰਤ ਦੇ ਸਭਨਾਂ ਵਰਗਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਆਪਸੀ ਰਿਸ਼ਤਿਆਂ ਦੇ ਤਾਣੇ ਪੇਟੇ ਨੂੰ ਉਲੱਦ-ਪੁਲੱਦ ਕੇ ਰੱਖ ਦਿੱਤਾ।

ਹਵਾਲੇ ਅਤੇ ਟਿੱਪਣੀਆਂ

21. Sangat Singh, The Sikhs in History, p. 150

22. ਆਰੀਆ ਪੱਤਰਕਾ, 13 ਸਤੰਬਰ 1870

23. Rajiv A. Kapur, op. cit., pp. 23-24

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version