May 14, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਝੀਲ ਜਦੋਂ ਓਵਰਫਲੋ ਹੰਦੀ ਹੈ ਤਾਂ ਵਾਧੂ ਪਾਣੀ ਸੁਖਨਾ ਚੋਅ ਰਾਹੀਂ ਅੱਗੇ ਵੱਧਦਾ ਹੈ ਪਰ ਹੁਣ ਇਸ ਚੋਅ ਨੇ ਗੰਦੇ ਨਾਲੇ ਦਾ ਰੂਪ ਧਾਰ ਲਿਆ ਹੈ। ਇਹ ਚੋਅ ਚੰਡੀਗੜ੍ਹ ਦੇ ਵੱਖ ਵੱਖ ਖੇਤਰਾਂ, ਪੰਜਾਬ ਦੇ ਬਲਟਾਣਾ ਤੋਂ ਲੰਘਦਾ ਹੋਇਆ ਜ਼ੀਰਕਪੁਰ ਨਜ਼ਦੀਕ ਘੱਗਰ ਵਿੱਚ ਜਾ ਕੇ ਪੈਂਦਾ ਹੈ। ਸੁਖਨਾ ਝੀਲ ਵਿੱਚ ਇਸ ਸਮੇਂ ਪਾਣੀ ਘੱਟ ਹੋਣ ਕਾਰਨ ਚੋਅ ’ਚ ਪਾਣੀ ਨਹੀਂ ਆ ਰਿਹਾ ਪਰ ਥੋੜੀ ਦੂਰ ਅੱਗੇ ਕਿਸ਼ਨਗੜ੍ਹ ਦੇ ਸੀਵਰੇਜ ਦਾ ਪਾਣੀ ਚੋਅ ਵਿੱਚ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਮਗਰੋਂ ਬਾਪੂ ਧਾਮ ਕਾਲੋਨੀ ਵਾਲੇ ਪਾਸੇ ਤੋਂ ਆਉਂਦੇ ਗੰਦੇ ਪਾਣੀ ਦੀਆਂ ਪਾਇਪਾਂ ਦਾ ਮੂੰਹ ਇਸ ਚੋਅ ਵਿੱਚ ਖੋਲ੍ਹ ਦਿੱਤਾ ਗਿਆ ਹੈ। ਇਸ ਤੋਂ ਅੱਗੇ ਟਰਾਂਸਪੋਰਟ ਖੇਤਰ ’ਚੋਂ ਹੁੰਦਾ ਇਹ ਚੋਅ ਜਦੋਂ ਇੰਡਸਟਰੀਅਲ ਏਰੀਆ ’ਚ ਪਹੁੰਚਦਾ ਹੈ ਤਾਂ ਇਥੇ ਸਥਿਤ ਗਊਸ਼ਾਲਾ ਦਾ ਮਲਮੂਤਰ ਇਸ ਚੋਅ ਵਿੱਚ ਡਿੱਗਦਾ ਹੈ। ਇਸੇ ਦੌਰਾਨ ਪਿੰਡ ਦੜੂਆ, ਚਾਰ ਨੰਬਰ ਕਲੋਨੀ ਦਾ ਗੰਦਾ ਪਾਣੀ ਵੀ ਇਸ ਚੋਅ ਵਿੱਚ ਸ਼ਾਮਲ ਹੁੰਦਾ ਜਾਂਦਾ ਹੈ। ਇਹ ਗੰਦਾ ਪਾਣੀ ਅੱਗੇ ਪਿੰਡ ਮੱਖਣਮਾਜਰਾ ਕੋਲੋਂ ਪਿੰਡ ਬਲਟਾਣਾ ’ਚ ਦਾਖਲ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਸੀਵਰੇਜ ਦਾ ਪਾਣੀ ਚੋਅ ਵਿੱਚ ਪਾਉਣ ਤੋਂ ਪਹਿਲਾਂ ਉਸ ਨੂੰ ਟਰੀਟਮੈਂਟ ਪਲਾਂਟ ਰਾਹੀਂ ਲੰਘਾਉਣਾ ਜ਼ਰੂਰੀ ਹੈ। ਇਸੇ ਦੌਰਾਨ ਕੁਝ ਥਾਵਾਂ ’ਤੇ ਇਸ ਚੋਅ ਦੀ ਸਫਾਈ ਵੀ ਕੀਤੀ ਨਜ਼ਰ ਆਉਂਦੀ ਹੈ ਪਰ ਇਸ ਚੋਅ ਦੇ ਗੰਦੇ ਪਾਣੀ ਦੀ ਬਦਬੂ ਚੰਡੀਗੜ੍ਹ ਵਾਸੀਆਂ ਲਈ ਸਿਰਦਰਦੀ ਬਣੀ ਹੋਈ ਹੈ। ਇਸੇ ਦੌਰਾਨ ਨੇਡ਼ਲੇ ਇਲਾਕਿਆਂ ਦੇ ਲੋਕਾਂ ਦਾ ਵੀ ਜਿਉਣਾ ਵੀ ਦੁੱਭਰ ਹੋਇਆ ਪਿਆ ਹੈ। ਇਸ ਚੋਅ ਵਿੱਚ ਵਹਿੰਦਾ ਪਾਣੀ ਧਰਤੀ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਰਿਹਾ ਹੈ।
ਗੌਰਤਲਬ ਹੈ ਕਿ ਜਿਸ ਘੱਗਰ ਦਰਿਆ ਵਿਚ ਇਹ ਦੂਸ਼ਿਤ ਚੋਣ ਮਿਲਦਾ ਹੈ ਉਸ ਦੇ ਦੂਸ਼ਿਤ ਪਾਣੀ ਸਬੰਧੀ ਪਹਿਲਾਂ ਵੀ ਕਈ ਰਿਪੋਰਟਾਂ ਸਾਹਮਣੇ ਆ ਚੁੱਕੀਆਂ ਹਨ, ਪਰ ਸਾਰਾ ਪ੍ਰਸ਼ਾਸਨਿਕ ਢਾਂਚਾ ਅੱਖਾਂ ਬੰਦ ਕਰੀ ਬੈਠਾ ਹੈ। ਕੁਝ ਸਮਾਂ ਪਹਿਲਾਂ ਸਾਹਮਣੇ ਆਏ ਅੰਕੜਿਆਂ ਅਨੁਸਾਰ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਕਰਾਏ ਪਾਣੀ ਦੇ ਨਿਰੀਖਣ ਤੋਂ ਪਤਾ ਲੱਗਿਆ ਸੀ ਕਿ ਪਟਿਆਲਾ ਜ਼ਿਲ੍ਹੇ ਦੇ ਘੱਗਰ ਦਰਿਆ ਨੇੜਲੇ ਇਲਾਕੇ ਦੇ ਪਾਣੀ ਵਿੱਚ ਯੂਰੇਨੀਅਮ ਦੀ ਮਿਕਦਾਰ ਖ਼ਤਰਨਾਕ ਹੱਦ ਤੱਕ ਪਹੁੰਚ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੈੱਡ (ਸਿੱਕੇ) ਦੀ ਮਾਤਰਾ ਵੀ ਲੋੜ ਤੋਂ ਕਾਫ਼ੀ ਜ਼ਿਆਦਾ ਪਾਈ ਗਈ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ:
ਪਟਿਆਲਾ ਜ਼ਿਲ੍ਹੇ ਵਿਚ ਘੱਗਰ ਦਰਿਆ ਨੇੜਲੇ ਪਿੰਡਾਂ ਦੇ ਪਾਣੀ ਵਿਚ ਘੁਲਿਆ ਜ਼ਹਿਰ
Related Topics: Ghaggar River, Punjab Water Pollutions, Sukhna Lake