July 26, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: (ਜਗਤਾਰ ਸਿੰਘ ਲਾਂਬਾ) ਪੰਜਾਬ ਸਰਕਾਰ ਵੱਲੋਂ ਹਰੀਕੇ ਜਲਗਾਹ ਵਿੱਚ ਜਲ ਬੱਸ ਚਲਾਉਣ ਦੀ ਯੋਜਨਾ ਮੁੜ ਅਗਾਂਹ ਪੈ ਗਈ ਹੈ ਅਤੇ ਹੁਣ ਇਹ ਜਲ ਬੱਸ ਸਤੰਬਰ ਮਹੀਨੇ ਵਿੱਚ ਹਰੀਕੇ ਜਲਗਾਹ ਵਿੱਚ ਤੈਰੇਗੀ। ਸੈਰ ਸਪਾਟੇ ਨਾਲ ਜੁੜੇ ਮਾਹਿਰਾਂ ਦੀ ਸਲਾਹ ਹੈ ਕਿ ਜਲ ਬਸ ਚਲਾਉਣ ਤੋਂ ਪਹਿਲਾਂ ਹਰੀਕੇ ਜਲਗਾਹ ਵਿਖੇ ਸੈਰ ਸਪਾਟੇ ਸਬੰਧੀ ਮੁੱਢਲਾ ਢਾਂਚਾ ਕਾਇਮ ਕਰਨਾ ਜ਼ਰੂਰੀ ਹੈ। ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਸਰਕਾਰ ਵੱਲੋਂ ਅੰਮ੍ਰਿਤਸਰ ਤੋਂ ਹਰੀਕੇ ਜਲਗਾਹ ਤੱਕ ਜਲ ਬੱਸ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਵਿਸ਼ੇਸ਼ ਬੱਸ ਸੜਕ ’ਤੇ ਚੱਲਣ ਅਤੇ ਪਾਣੀ ਵਿੱਚ ਤੈਰਨ ਦੀ ਸਮਰੱਥਾ ਰੱਖਦੀ ਹੈ। ਉਪ ਮੁੱਖ ਮੰਤਰੀ ਨੇ ਫਰਵਰੀ ਮਹੀਨੇ ਵਿੱਚ ਐਲਾਨ ਕੀਤਾ ਸੀ ਕਿ ਇਹ ਜਲ ਬੱਸ ਜੂਨ ਮਹੀਨੇ ਵਿੱਚ ਸ਼ੁਰੂ ਹੋ ਜਾਵੇਗੀ। ਮਗਰੋਂ ਇਸ ਨੂੰ ਜੁਲਾਈ ਮਹੀਨੇ ਵਿੱਚ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਅਤੇ ਹੁਣ ਗੱਲ ਸਤੰਬਰ ’ਤੇ ਚਲੀ ਗਈ ਹੈ। ਇਹ ਜਲ ਬੱਸ ਪੰਜਾਬ ਹੈਰੀਟੇਜ ਟੂਰਜ਼ਿਮ ਪ੍ਰਮੋਸ਼ਨ ਬੋਰਡ ਦੇ ਬੈਨਰ ਹੇਠ ਚੱਲੇਗੀ।
ਬੋਰਡ ਦੇ ਡਾਇਰੈਕਟਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਜਲ ਬੱਸ ਪਹਿਲੀ 1 ਸਤੰਬਰ ਨੂੰ ਸ਼ੁਰੂ ਹੋ ਜਾਵੇਗੀ। ਇਹ ਬੱਸ ਸਵੀਡਨ ਦੀ ਇੱਕ ਕੰਪਨੀ ਸਕੇਨੀਆ ਕੋਲੋਂ ਤਿਆਰ ਕਰਾਈ ਗਈ ਹੈ। ਜਿਸ ’ਤੇ ਕਰੀਬ ਡੇਢ ਕਰੋੜ ਰੁਪਏ ਖਰਚ ਹੋਏ ਹਨ। ਇਹ ਬੱਸ ਅਗਸਤ ਮਹੀਨੇ ਵਿੱਚ ਇਥੇ ਪੁੱਜ ਜਾਵੇਗੀ ਅਤੇ ਲਗਪਗ 20 ਹੋਰ ਤਿਆਰੀ ਵਿੱਚ ਲੱਗਣਗੇ। ਬੱਸ ਵਿਚ 10 ਬੱਚਿਆਂ ਸਮੇਤ 60 ਵਿਅਕਤੀਆਂ ਦੇ ਬੈਠਣ ਦੀ ਸਮਰੱਥਾ ਹੋਵੇਗੀ।
ਹੋਟਲ ਮਾਲਕਾਂ ਦੀ ਜਥੇਬੰਦੀ ਅੰਮ੍ਰਿਤਸਰ ਹੋਟਲ ਐਂਡ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਏ.ਪੀ.ਐਸ ਚੱਠਾ ਨੇ ਸੁਝਾਅ ਦਿੱਤਾ ਕਿ ਇਹ ਜਲ ਬੱਸ ਸ਼ੁਰੂ ਕਰਨ ਤੋਂ ਪਹਿਲਾਂ ਹਰੀਕੇ ਜਲਗਾਹ ਵਿਖੇ ਯਾਤਰੂਆਂ ਵਾਸਤੇ ਲੋੜੀਂਦਾ ਮੁੱਢਲਾ ਢਾਂਚਾ ਉਸਾਰਨਾ ਜ਼ਰੂਰੀ ਹੈ, ਨਹੀਂ ਤਾਂ ਜਲ ਬੱਸ ਯੋਜਨਾ ਅਸਫਲ ਹੋ ਜਾਵੇਗੀ। ਇਸ ਵੇਲੇ ਹਰੀਕੇ ਜਲਗਾਹ ਦੀ ਮਾੜੀ ਹਾਲਤ ਹੈ, ਜਿਸ ਨੂੰ ਤਰਜੀਹੀ ਆਧਾਰ ’ਤੇ ਸੁਧਾਰਨ ਦੀ ਲੋੜ ਹੈ। ਜਲਗਾਹ ਦੇ ਆਲੇ ਦੁਆਲੇ ਪੱਕਾ ਰਾਹ ਬਣਾਉਣ ਦੀ ਲੋੜ ਹੈ, ਯਾਤਰੂਆਂ ਦੇ ਬੈਠਣ ਤੇ ਆਰਾਮ ਵਾਸਤੇ ਵਧੀਆ ਬੈਂਚ ਸਥਾਪਤ ਕੀਤੇ ਜਾਣੇ ਚਾਹੀਦੇ ਹਨ ਅਤੇ ਖਾਣ ਪੀਣ ਦੀ ਲੋੜ ਨੂੰ ਪੂਰਾ ਕਰਨ ਲਈ ਰੈਸਟੋਰੈਂਟ ਆਦਿ ਸਥਾਪਤ ਹੋਣੇ ਚਾਹੀਦੇ ਹਨ। ਹਰੀਕੇ ਜਲਗਾਹ ਤਿੰਨ ਜ਼ਿਲ੍ਹਿਆਂ ਨਾਲ ਜੁੜੀ ਹੋਈ ਹੈ ਅਤੇ 4100 ਹੈਕਟੇਅਰ ਰਕਬੇ ਵਿੱਚ ਫੈਲੀ ਹੋਈ ਹੈ। ਇਹ ਜਲਗਾਹ ਪਰਵਾਸੀ ਪੰਛੀਆਂ ਦੀ ਪਸੰਦੀਦਾ ਥਾਂ ਹੈ।
ਧੰਨਵਾਦ: ਪੰਜਾਬੀ ਟ੍ਰਿਬਿਊਨ
Related Topics: Badal Dal, Harike, sukhbir singh badal, Water Buses