February 4, 2017 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਪੰਜਾਬ ’ਚ 117 ਵਿਧਾਨ ਸਭਾ ਹਲਕਿਆਂ ਅਤੇ ਅੰਮ੍ਰਿਤਸਰ ਸੰਸਦੀ ਸੀਟ ਦੀ ਉਪ ਚੋਣ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਪੈਣਗੀਆਂ। ਮੀਡੀਆ ਰਿਪੋਰਟਾਂ ਮੁਤਾਬਕ ਚੋਣ ਕਮਿਸ਼ਨ ਨੂੰ ਪੰਜਾਬ ‘ਚ 80 ਫ਼ੀਸਦੀ ਤੋਂ ਵੱਧ ਵੋਟਾਂ ਭੁਗਤਣ ਦੀ ਉਮੀਦ ਹੈ। ਪੰਜਾਬ ਸੂਬੇ ‘ਚ ਕੁੱਲ੍ਹ 1 ਕਰੋੜ 98 ਲੱਖ 79 ਹਜ਼ਾਰ 69 ਵੋਟਰ ਹਨ। ਇਸ ’ਚ ਔਤਰ ਵੋਟਰਾਂ ਦੀ ਗਿਣਤੀ 93 ਲੱਖ 75 ਹਜ਼ਾਰ 546 ਹੈ। ਪੰਜਾਬ ਸੂਬੇ ’ਚ ਜ਼ਿਆਦਾ ਗਿਣਤੀ ਪੇਂਡੂ ਵੋਟਰਾਂ ਦੀ ਹੈ, ਜੋ 64 ਫ਼ੀਸਦ ਬਣਦੀ ਹੈ ਜਦੋਂ ਕਿ ਸ਼ਹਿਰੀ ਵੋਟਰ 36 ਫ਼ੀਸਦ ਹਨ। ਇਸ ਵਾਰ ਦੀਆਂ ਚੋਣਾਂ ‘ਚ ਤਿਕੋਣਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ ਜਦਕਿ ਇਸਤੋਂ ਪਹਿਲਾਂ ਚੋਣਾਂ ’ਚ ਸਿਰਫ਼ ਦੋ ਧਿਰੀਂ (ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ) ਮੁਕਾਬਲਾ ਹੀ ਹੁੰਦਾ ਸੀ। ਐਤਕੀਂ ਆਮ ਆਦਮੀ ਪਾਰਟੀ ਵੱਲੋਂ ਦੋਹਾਂ ਸਿਆਸੀ ਧਿਰਾਂ ਨੂੰ ਜਬਰਦਸਤ ਟੱਕਰ ਦਿੱਤੀ ਜਾ ਰਹੀ ਹੈ।
ਚੋਣਾਂ ਲਈ ਤਕਰੀਬਨ 2 ਲੱਖ ਦੇ ਕਰੀਬ ਚੋਣ ਅਮਲਾ ਤਾਇਨਾਤ ਕੀਤਾ ਗਿਆ ਹੈ। ਨੀਮ ਸੁਰੱਖਿਆ ਬਲਾਂ ਦੀਆਂ 500 ਕੰਪਨੀਆਂ ਤੇ ਪੰਜਾਬ ਪੁਲਿਸ ਦੇ 80 ਹਜ਼ਾਰ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤਰ੍ਹਾਂ ਸਵਾ ਲੱਖ ਦੇ ਕਰੀਬ ਸੁਰੱਖਿਆ ਕਰਮਚਾਰੀ ਡਿਊਟੀ ਨਿਭਾਅ ਰਹੇ ਹਨ। ਦਿਹਾਤੀ ਦੇ ਸ਼ਹਿਰੀ ਖੇਤਰਾਂ ’ਚ 22614 ਪੋਲਿੰਗ ਬੂਥ ਕਾਇਮ ਕੀਤੇ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਚੋਣ ਕਮਿਸ਼ਨ ਵੱਲੋਂ 4300 ਪੋਲਿੰਗ ਸਟੇਸ਼ਨਾਂ ’ਤੇ ਵੈੱਬ ਕੈਮਰੇ ਫਿੱਟ ਕੀਤੇ ਗਏ ਹਨ, ਉਮੀਦਵਾਰਾਂ ਦੀ ਫੋਟੋਆਂ ਵੀ ਵੋਟਿੰਗ ਮਸ਼ੀਨਾਂ ’ਤੇ ਲਾਈਆਂ ਗਈਆਂ ਹਨ ਅਤੇ ਇੱਕ ਬਟਨ ‘ਨੋਟਾ’ ਦਾ ਵੀ ਹੋਵੇਗਾ।
ਰਾਜ ਦੇ ਮੁੱਖ ਚੋਣ ਅਧਿਕਾਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਕੋਈ ਵੀ ਵਿਅਕਤੀ 1950 ਨੰਬਰ ਡਾਇਲ ਕਰ ਕੇ ਸ਼ਿਕਾਇਤ ਦਰਜ ਕਰਾ ਸਕਦਾ ਹੈ। ਚੋਣ ਕਮਿਸ਼ਨ ਨੇ ਆਬਜ਼ਰਵਰਾਂ ਦੀ ਰਿਪੋਰਟ ’ਤੇ 786 ਪੋਲਿੰਗ ਸਟੇਸ਼ਨਾਂ ਅਤੇ 23 ਵਿਧਾਨ ਸਭਾ ਹਲਕਿਆਂ ਨੂੰ ਸੰਵੇਦਨਸ਼ੀਲ ਐਲਾਨਿਆ ਹੈ। ਚੋਣ ਕਮਿਸ਼ਨ ਮੁਤਾਬਕ ਹੁਣ ਤਕ 5573 “ਸ਼ੱਕੀ ਵਿਅਕਤੀਆਂ” ਦੀ ਸ਼ਨਾਖਤ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ 4200 ਨੂੰ ਇਹਤਿਆਤ ਵਜੋਂ ਹਿਰਾਸਤ ’ਚ ਲਿਆ ਗਿਆ ਹੈ।
ਵਧੀਕ ਡੀਜੀਪੀ ਵੀ.ਕੇ. ਭਾਵੜਾ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਬਾਅਦ ਪੁਲਿਸ ਨੇ 4 ਜਨਵਰੀ ਤੋਂ ਹੁਣ ਤਕ 417 ਗ਼ੈਰ-ਲਾਇਸੰਸੀ ਹਥਿਆਰ ਫੜੇ ਹਨ। 80 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ, ਨਕਦੀ, ਸੋਨਾ ਬਰਾਮਦ ਕੀਤਾ ਹੈ। ਪੰਜਾਬ ਵਿਧਾਨ ਸਭਾ ਲਈ ਸ਼੍ਰੋਮਣੀ ਅਕਾਲੀ ਦਲ ਦੇ 94, ਕਾਂਗਰਸ ਦੇ 117, ਭਾਜਪਾ ਦੇ 23, ‘ਆਪ’ ਦੇ 112, ਲੋਕ ਇਨਸਾਫ਼ ਪਾਰਟੀ ਦੇ 5, ਬਹੁਜਨ ਸਮਾਜ ਪਾਰਟੀ ਦੇ 111, ਆਪਣਾ ਪੰਜਾਬ ਪਾਰਟੀ ਦੇ 77, ਖੱਬੀਆਂ ਪਾਰਟੀਆਂ ਦੇ 44, ਆਜ਼ਾਦ 304 ਅਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਸਮੇਤ ਕੁੱਲ੍ਹ 1145 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਨ੍ਹਾਂ ’ਚੋਂ 1063 ਮਰਦ, 81 ਔਰਤਾਂ ਤੇ ਇਕ ਉਮੀਦਵਾਰ ਤੀਸਰੇ ਜੈਂਡਰ ਹੈ।
ਪੰਜਾਬ ਦੇ ਚੋਣ ਮੈਦਾਨ ’ਚ ਉਤਰੇ ਪ੍ਰਮੁੱਖ ਉਮੀਦਵਾਰਾਂ ’ਚ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ, ਭਗਵੰਤ ਸਿੰਘ ਮਾਨ, ਨਵਜੋਤ ਸਿੱਧੂ, ਜਨਰਲ (ਸੇਵਾਮੁਕਤ) ਜੇ.ਜੇ. ਸਿੰਘ, ਮਨਪ੍ਰੀਤ ਬਾਦਲ, ਰਾਜਿੰਦਰ ਕੌਰ ਭੱਠਲ, ਬਿਕਰਮ ਮਜੀਠੀਆ, ਰਵਨੀਤ ਬਿੱਟੂ, ਗੁਰਪ੍ਰੀਤ ਘੁੱਗੀ, ਹਿੰਮਤ ਸਿੰਘ ਸ਼ੇਰਗਿੱਲ, ਅਮਰਿੰਦਰ ਸਿੰਘ ਰਾਜਾ ਵੜਿੰਗ, ਮੁਹੰਮਦ ਸਦੀਕ ਤੇ ਜਰਨੈਲ ਸਿੰਘ ਆਦਿ ਸ਼ਾਮਲ ਹਨ।
ਵਿਧਾਨ ਸਭਾ ਚੋਣਾਂ ਦੇ ਨਾਲ ਹੀ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਵੀ ਅੱਜ ਹੀ ਪੈ ਰਹੀਆਂ ਹਨ। ਇਸ ਹਲਕੇ ਤੋਂ 9 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਅਤੇ 13,79,830 ਵੋਟਰ ਹਨ। ਇਸ ਹਲਕੇ ਤੋਂ ਭਾਜਪਾ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਵਿਚਾਲੇ ਹੀ ਟੱਕਰ ਹੈ। ਭਾਜਪਾ ਦੇ ਰਾਜਿੰਦਰ ਮੋਹਨ ਸਿੰਘ ਛੀਨਾ, ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਅਤੇ ‘ਆਪ’ ਦੇ ਉਪਕਾਰ ਸਿੰਘ ਸੰਧੂ ਚੋਣ ਮੈਦਾਨ ਵਿੱਚ ਹਨ।
Related Topics: Punjab Elections 2017 (ਪੰਜਾਬ ਚੋਣਾਂ 2017), Punjab Polls 2017