February 23, 2011 | By ਸਿੱਖ ਸਿਆਸਤ ਬਿਊਰੋ
ਹੋਂਦ ਚਿੱਲੜ, ਹਰਿਆਣਾ (23 ਫਰਵਰੀ, 2011): ਪਿੰਡ ਹੋਂਦ ਚਿੱਲੜ ਦੇ ਖੌਫ਼ਨਾਕ ਸੱਚ ਨੂੰ ਉਜਾਗਰ ਕਰਨ ਵਾਲੇ ਗੁੜਗਾਉਂ ਦੀ ਇਕ ਕੰਪਨੀ ਵਿਚ ਬਤੌਰ ਮੈਨੇਜਰ ਸੇਵਾ ਨਿਭਾ ਰਹੇ ਇੰਜੀਨੀਅਰ ਮਨਵਿੰਦਰ ਸਿਘ ਗਿਆਸਪੁਰ, ਜੋ ਅੱਜ ਪਿੰਡ ਹੋਂਦ ਚਿੱਲੜ ਵਿਚ ਹਾਜ਼ਰ ਸਨ, ਨੇ ਦੱਸਿਆ ਕਿ ਕਿਉਂਕਿ ਇਸ ਪਿੰਡ ਵਿਚ ਮਾਰੇ ਗਏ ਸਿੰਘਾਂ ਦੀਆਂ ਅੰਤਿਮ ਰਸਮਾਂ ਵੀ ਪੂਰੀਆਂ ਨਹੀਂ ਹੋ ਸਕੀਆਂ ਇਸ ਲਈ ਉਹ ਪਿੰਡ ਦੀ ਮਿੱਟੀ ਲੈ ਕੇ ਇਕ ਮਾਰਚ ਪਿੰਡ ਤੋਂ ਸ਼ੁਰੂ ਕਰਨਗੇ ਜਿਹੜਾ 27 ਫਰਵਰੀ ਨੂੰ ਕੀਰਤਪੁਰ ਸਾਹਿਬ ਪੁੱਜੇਗਾ। ਉਨ੍ਹਾਂ ਦੱਸਿਆ ਕਿ ਇਸ ਕੰਮ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਨ੍ਹਾਂ ਨੂੰ ਸਹਿਯੋਗ ਦੇਵੇਗੀ।
ਕੌਣ ਸੀ ਉਹ ਅਭਾਗਾ ਫ਼ੌਜੀ?
ਹੋਂਦ ਚਿੱਲੜ ਤੋਂ ਐੱਚ. ਐੱਸ. ਬਾਵਾ- ਹੋਂਦ ਚਿੱਲੜ ਦੇ ਵਾਸੀ ਰਹੇ ਅਤੇ ਆਪਣੇ ਪਰਿਵਾਰ ਨੂੰ ਬਚਾ ਸਕਣ ਵਿਚ ਕਾਮਯਾਬ ਰਹੇ ਸ: ਉੱਤਮ ਸਿੰਘ ਨੂੰ ਜਿਥੇ ਆਪਣੇ ਰਿਸ਼ਤੇਦਾਰ 31 ਸਿੱਖਾਂ ਦੇ ਮਾਰੇ ਜਾਣ ਦਾ ਅਫ਼ਸੋਸ ਹੈ ਉਥੇ ਉਨ੍ਹਾਂ ਦੇ ਮਨ ਵਿਚ ਇਕ ਟੀਸ ਹੋਰ ਵੀ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਉਹ ਕਿਤੇ ਉਸ ਫ਼ੌਜੀ ਨੂੰ ਆਪਣੇ ਪਿੰਡ ਆਸਰਾ ਨਾ ਦਿੰਦੇ ਤਾਂ ਸ਼ਾਇਦ ਉਹ ਬਚ ਜਾਂਦਾ। ਉਨ੍ਹਾਂ ਦੱਸਿਆ ਕਿ 1 ਨਵੰਬਰ ਨੂੰ ਹੀ ਇਕ ਫ਼ੌਜੀ ਉਨ੍ਹਾਂ ਦੇ ਪਿੰਡ ਨੇੜਿਉਂ ਲੰਘਿਆ ਅਤੇ ਉਨ੍ਹਾਂ ਨੂੰ ਸਿੱਖ ਵਜੋਂ ਵੇਖ ਕੇ ਅਤੇ ਇਹ ਵੇਖ ਕੇ ਕਿ ਇਥੇ ਸਾਰੇ ਸਿੱਖ ਰਹਿ ਰਹੇ ਹਨ ਉਨ੍ਹਾਂ ਕੋਲ ਰੁਕ ਗਿਆ। ਉਨ੍ਹਾਂ ਕਿਹਾ ਕਿ ਉਸ ਫ਼ੌਜੀ ਨੂੰ ਉਨ੍ਹਾਂ ਨੁਹਾਉਣ ਦਾ ਪ੍ਰਬੰਧ ਕੀਤਾ, ਉਸ ਨੂੰ ਰੋਟੀ ਖੁਆਈ ਅਤੇ ਗੁਰਦੁਆਰੇ ਲੈ ਗਏ, ਪਿੰਡ ਦੇ ਪੰਚਾਇਤ ਘਰ ਵਿਚ ਮੰਜਾ-ਬਿਸਤਰਾ ਦਿੱਤਾ ਅਤੇ ਉਸ ਨੂੰ ਆਖਿਆ ਕਿ ਜਿੰਨੀ ਦੇਰ ਹਾਲਾਤ ਸਾਜ਼ਗਾਰ ਨਹੀਂ ਹੁੰਦੇ ਤੂੰ ਇਥੇ ਰਹਿ ਪਰ 2 ਨਵੰਬਰ ਨੂੰ ਹਮਲਾਵਰਾਂ ਨੇ ਜਦ ਹਮਲਾ ਕੀਤਾ ਤਾਂ ਇਹ ਅਣਪਛਾਤਾ ਫ਼ੌਜੀ ਵੀ ਹਮਲਾਵਰਾਂ ਦੇ ਕਹਿਰ ਦਾ ਸ਼ਿਕਾਰ ਹੋ ਗਿਆ।
(ਧੰਨਵਾਦ ਸਹਿਤ ਸ੍ਰ. ਐਚ. ਐਸ. ਬਾਵਾ ਦੀ ਰੋਜਾਨਾ ਅਜੀਤ ਜਲੰਧਰ ਵਿਚ ਮਿਤੀ 23 ਫਰਵਰੀ, 2011 ਨੂੰ ਛਪੀ ਵਿਸ਼ੇਸ਼ ਰਿਪੋਰਟ ਵਿਚੋਂ…)
Related Topics: Hondh Massacre, ਸਿੱਖ ਨਸਲਕੁਸ਼ੀ 1984 (Sikh Genocide 1984)