February 11, 2019 | By ਸਿੱਖ ਸਿਆਸਤ ਬਿਊਰੋ
ਅਨੰਦਪੁਰ ਸਾਹਿਬ ਤੋਂ ਐਲਾਨਿਆ ਉਮੀਦਵਾਰ ਜੂਨ 84 ਦਾ ਫੌਜੀ ਹਮਲਾ ਕਰਾਉਣ ਲਈ ਦੋਸ਼ੀ ਵਾਜਪਾਈ ਦਾ ਭਗਤ
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਾਕਾ ਬਹਿਬਲ ਕਲਾਂ ਦੇ ਦੋਸ਼ੀਆਂ ਨੂੰ ਸਜਾਵਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਰਗਾੜੀ ਵਿਖੇ ਇਨਸਾਫ ਮੋਰਚਾ ਲਾਉਣ ਵਾਲੀਆਂ ਕੁਝ ਧਿਰਾਂ ਵਲੋਂ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਲਈ ਐਲਾਨੇ ਗਏ ਉਮੀਦਵਾਰ ਉਪਰ ਬਿਪਰਨ ਕੀ ਰੀਤ ਤੇ ਚਲਣ ਅਤੇ ਜੂਨ 84 ਦੇ ਫੌਜੀ ਹਮਲੇ ਦੇ ਦੋਸ਼ੀਆਂ ਦੀ ਉਸਤਤ ਕਰਨ ਦੇ ਦੋਸ਼ ਆਇਦ ਹੋ ਰਹੇ ਹਨ।
ਬਰਗਾੜੀ ਇਨਸਾਫ ਮੋਰਚੇ ਨੂੰ ਅੱਧ ਵਿਚਾਲੇ ਛੱਡ ਕੇ ਲੋਕ ਸਭਾ ਚੋਣਾਂ ਵੱਲ ਮੂੰਹ ਕਰਕੇ ਕੁਝ ਸਿੱਖ ਧਿਰਾਂ ਨੇ 7 ਫਰਵਰੀ ਨੂੰ ਚਾਰ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਸੀ।
ਲੋਕ ਸਭਾ ਚੋਣਾਂ ਦਾ ਬਿਗਲ ਵਜਾਉਂਦਿਆਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਚੁਣੇ ਗਏ ਚਾਰੋਂ ਉਮੀਦਵਾਰ ਪੰਥਕ ਹਿੱਤਾਂ ਦੀ ਤਰਜਮਾਨੀ ਕਰਨ ਵਾਲੇ ਹਨ ਪਰ ਐਲਾਨ ਦੇ ਤਿੰਨ ਦਿਨ ਬਾਅਦ ਹੀ ਅਨੰਦਪੁਰ ਸਾਹਿਬ ਤੋਂ ਐਲਾਨੇ ਉਮੀਦਵਾਰ ਵਿਕਰਮਜੀਤ ਸਿੰਘ ਸੋਢੀ ਉੱਪਰ ਗੈਰ ਪੰਥਕ ਹੋਣ ਦੇ ਦੋਸ਼ ਲੱਗ ਰਹੇ ਹਨ।
ਇਹ ਦੋਸ਼ਾਂ ਦੀ ਤਸਦੀਕ ਕੋਈ ਹੋਰ ਨਹੀਂ ਬਲਕਿ ਖੁੱਦ ਵਿਕਰਮਜੀਤ ਸਿੰਘ ਸੋਢੀ ਦਾ ਫੇਸਬੱੁਕ ਖਾਤਾ “ਸੋਢੀ ਵਿਕਰਮਜੀਤ ਸਿੰਘ” ਕਰ ਰਿਹਾ ਹੈ।
ਭਾਈ ਧਿਆਨ ਸਿੰਘ ਮੰਡ ਵਲੋਂ ਐਲਾਨੇ ਗਏ ਇਸ ਉਮੀਦਵਾਰ ਵਲੋਂ ਜਨਮ ਅਸ਼ਟਮੀ, ਧਨ ਤੇਰਸ ਤੇ ਵਿਸ਼ਵਕਰਮਾ ਦਿਵਸ ਦੀ ਵਧਾਈ ਦੇਣ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਧਰਮ ਨਿਰਪੱਖ ਤੇ ਉਦਾਰਵਾਦੀ ਸ਼ਖਸ਼ੀਅਤ ਲਈ ਸ਼ਰਧਾਜਲੀਆਂ ਦਿੱਤੀਆਂ ਗਈਆਂ ਹਨ ਤੇ ਡੇਰੇਦਾਰ ਮਸਤਾਂ ਦੀ ਥਾਂ ਤੇ ਹਾਜਰੀਆਂ ਭਰੀਆਂ ਗਈਆਂ ਹਨ।
ਵਿਕਰਮਜੀਤ ਸਿੰਘ ਸੋਢੀ ਦਾ ਫੇਸਬੱੁਕ ਖਾਤਾ ਸਾਹਮਣੇ ਆਉਣ ਤੇ ਲੋਕ ਸਭਾ ਚੋਣਾਂ ਨੂੰ ਬਰਗਾੜੀ ਇਨਸਾਫ ਮੋਰਚੇ ਦਾ ਦੂਸਰਾ ਪੜਾਅ ਦੱਸਣ ਵਾਲੇ ਆਗੂਆਂ ਖਿਲਾਫ ਆਵਾਜ ਬੁਲੰਦ ਹੋ ਗਈ ਹੈ ਤੇ ਇਹ ਵਿਰੋਧ ਜਿਤਾਉਣ ਵਾਲੇ ਵੀ ਕੋਈ ਹੋਰ ਨਹੀ ਬਲਕਿ ਪੰਥਕ ਧਿਰਾਂ ਦੇ ਆਗੂ ਹੀ ਹਨ। ਉਹ ਵਾਰ-ਵਾਰ ਸਵਾਲ ਪੁੱਛਦਿਆਂ ਰੋਸ ਜਿਤਾ ਰਹੇ ਹਨ ਕਿ ਕੀ ਸਨਾਤਨ ਮੱਤ ਦੇ ਦੇਵੀ ਦੇਵਤਿਆਂ ਦੇ ਪੂਜਕ, ਬਿਪਰਨ ਕੀ ਰੀਤ ਅਪਨਾਉਣ ਵਾਲੇ ਤੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਵਾਲੇ ਪੰਥਕ ਧਿਰਾਂ ਦੇ ਉਮੀਦਵਾਰ ਹੋ ਸਕਦੇ ਹਨ? ਤੇ ਉਹ ਵੀ ਅਨੰਦਪੁਰ ਸਾਹਿਬ ਤੋਂ ਜੋ ਕਿ ਖਾਲਸਾ ਪੰਥ ਦੀ ਪਰਗਟ ਭੋਇਂ ਕਰਕੇ ਜਾਣਿਆ ਜਾਂਦਾ ਹੈ।
Related Topics: Bargari Insaaf Morcha 2018, Bhai Dhian Singh Mand, Lok Sabha Elections 2019, Narinderpal Singh, Shiromani Akali Dal (Mann), Simranjit Singh Mann, Vikramjeet Singh Sodhi