December 23, 2017 | By ਸਿੱਖ ਸਿਆਸਤ ਬਿਊਰੋ
ਗਾਂਧੀਨਗਰ: ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਦੇ ਭਰੋਸੇਮੰਦ ਵਿਜੈ ਰੁਪਾਨੀ ਨੂੰ ਗੁਜਰਾਤ ‘ਚ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ ਹੈ ਤੇ ਉਹ ਦੂਸਰੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਸੰਭਾਲਣਗੇ। ਇਸ ਸਬੰਧੀ ਜਾਣਕਾਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਦਿੱਤੀ। ਭਾਜਪਾ ਵਲੋਂ ਗੁਜਰਾਤ ਲਈ ਥਾਪੇ ਗਏ ਅਬਜ਼ਰਵਰ ਅਰੁਣ ਜੇਤਲੀ ਵਲੋਂ ਭਾਜਪਾ ਵਿਧਾਇਕ ਦਲ ਦੀ ਇਕੱਤਰਤਾ ਦੌਰਾਨ ਨਿਤਿਨ ਪਟੇਲ ਨੂੰ ਭਾਜਪਾ ਵਿਧਾਇਕ ਦਲ ਦਾ ਮੀਤ ਆਗੂ ਚੁਣਨ ਤੋਂ ਬਾਅਦ ਐਲਾਨ ਕੀਤਾ ਗਿਆ ਕਿ ਉੱਪ-ਮੁੱਖ ਮੰਤਰੀ ਨਿਤਿਨ ਪਟੇਲ ਵੀ ਆਪਣੇ ਅਹੁਦੇ ‘ਤੇ ਬਣੇ ਰੱਖਣਗੇ।
ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰੁਣ ਜੇਤਲੀ ਨੇ ਕਿਹਾ ਕਿ ਵਿਜੈ ਰੁਪਾਨੀ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਤੇ ਨਿਤਿਨ ਪਟੇਲ ਨੂੰ ਪਾਰਟੀ ਵਿਧਾਇਕ ਦਲ ਦਾ ਮੀਤ ਆਗੂ ਚੁਣਨ ਦੇ ਸੁਝਾਅ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰਨ ਤੋਂ ਬਾਅਦ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਰੁਪਾਨੀ ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਵਜੋਂ ਜਦਕਿ ਨਿਤਿਨ ਪਟੇਲ ਉੱਪ-ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣਗੇ। ਕਾਂਗਰਸ ਵਲੋਂ ਸਖਤ ਟੱਕਰ ਦੇਣ ਤੋਂ ਬਾਅਦ ਗੁਜਰਾਤ ‘ਚ ਛੇਵੀਂ ਵਾਰ ਸੱਤਾ ਸੰਭਾਲਣ ਵਾਲੀ ਭਾਜਪਾ ‘ਚ ਮੁੱਖ ਮੰਤਰੀ ਦੇ ਅਹੁਦੇ ‘ਤੇ ਵਿਜੈ ਰੁਪਾਨੀ ਨੂੰ ਜਾਰੀ ਰੱਖਣ ‘ਤੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸਨ। ਜ਼ਿਕਰਯੋਗ ਹੈ ਕਿ ਭਾਜਪਾ ਨੇ ਆਪਣੇ ਨਵੇਂ ਚੁਣੇ ਵਿਧਾਇਕਾਂ ਦੀ ਗਾਂਧੀਨਗਰ ‘ਚ ਬੈਠਕ ਬੁਲਾਈ ਸੀ, ਜਿਸ ਦੌਰਾਨ ਪ੍ਰਦੇਸ਼ ਭਾਜਪਾ ਪ੍ਰਧਾਨ ਭੁਪਿੰਦਰ ਯਾਦਵ ਵੀ ਮੌਜੂਦ ਰਹੇ।
ਸਬੰਧਤ ਖ਼ਬਰ:
ਗੁਜਰਾਤ ਵਿੱਚ ਭਾਜਪਾ ਦੇ ਮੁੜ ਸੱਤਾ ‘ਤੇ ਕਾਬਜ਼ ਹੋਣ ਨਾਲ ਕੱਛ ਦੇ ਪੰਜਾਬੀ ਕਿਸਾਨ ਚਿੰਤਤ …
Related Topics: BJP, Gujarat, Vijay Rupani