February 17, 2020 | By ਸਿੱਖ ਸਿਆਸਤ ਬਿਊਰੋ
ਫਿਲੌਰ: ਉੱਘੇ ਪੱਤਰਕਾਰ ਸਰਦਾਰ ਦਲਬੀਰ ਸਿੰਘ ਗੰਨਾ ਐਤਵਾਰ (16 ਫਰਵਰੀ) ਨੂੰ ਚਲਾਣਾ ਕਰ ਗਏ। ਉਹ ਫਿਲੌਰ ਨੇੜੇ ਆਪਣੇ ਪਿੰਡ ਗੰਨਾ ਵਿਖੇ ਰਹਿ ਰਹੇ ਸਨ।
ਮਾਰਕਸੀ ਵਿਚਾਰਧਾਰਾ ਨਾਲ ਜੁੜੇ ਰਹੇ ਸਰਦਾਰ ਦਲਬੀਰ ਸਿੰਘ ਧਰਮ ਯੁੱਧ ਮੋਰਚੇ ਦੌਰਾਨ ਸਿੱਖ ਸੰਘਰਸ਼ ਵੱਲ ਰੁਚਿਤ ਹੋਏ ਸਨ ਅਤੇ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਦੇ ਸਮੇਂ ਵਿੱਚ ਸਿੱਖ ਸੰਘਰਸ਼ ਦੇ ਵਿਚਾਰਕਾਂ ਵਿੱਚ ਉਨ੍ਹਾਂ ਦਾ ਨਾਂ ਸ਼ੁਮਾਰ ਰਿਹਾ ਸੀ।
ਹਥਿਆਰਬੰਦ ਸੰਘਰਸ਼ ਦੇ ਦੌਰ ਤੋਂ ਬਾਅਦ ਉਨ੍ਹਾਂ ਆਪਣੇ ਤਜਰਬੇ ਅਤੇ ਵਿਚਾਰਾਂ ਨੂੰ ਆਪਣੀਆਂ ਕਿਤਾਬਾਂ ਵਿੱਚ ਅੰਕਿਤ ਕੀਤਾ।
“ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲੇ” ਕਿਤਾਬ ਵਿੱਚ ਸਰਦਾਰ ਦਲਬੀਰ ਸਿੰਘ ਗੰਨਾਂ ਨੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਆਪਣੇ ਅਨੁਭਵ ਅਤੇ ਵਿਚਾਰ ਅੰਕਿਤ ਕੀਤੇ ਹਨ। ਉਨ੍ਹਾਂ ਦੀ ਦੂਜੀ ਕਿਤਾਬ “ਸੰਤ ਭਿੰਡਰਾਂਵਾਲਿਆਂ ਪਿੱਛੋਂ ਧੁੰਦੂਕਾਰੇ ਵਿੱਚੋਂ ਚਾਨਣ ਦੀ ਖੋਜ” ਹੈ।
ਆਪਣੇ ਜੀਵਨ ਦੇ ਅੰਤਲੇ ਦਹਾਕਿਆਂ ਦੌਰਾਨ ਸ. ਦਲਬੀਰ ਸਿੰਘ ਮਨੁੱਖੀ ਹੱਕਾਂ ਲਈ ਸਰਗਰਮ ਜਥੇਬੰਦੀ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਦੇ ਸਰਪ੍ਰਸਤ ਰਹੇ।
Related Topics: dalbir singh pattarkar, Khalra Mission Organisation