ਲੁਧਿਆਣਾ ( 27 ਨਵੰਬਰ, 2015): ਵਿਦੇਸ਼ੀ ਵੱਸੇ ਪੰਜਾਬੀਆਂ ਵੱਲੋਂ ਪੰਜਾਬ ਦੀ ਬਾਦਲ ਸਰਕਾਰ ਅਤੇ ਬਾਦਲ ਦਲ ਖਿਲਾਫ ਸ਼ੋਸ਼ਲ ਮੀਡੀਆ ‘ਤੇ ਕੀਤੇ ਜਾ ਰਹੇ ਪ੍ਰਚਾਰ ਤੋਂ ਨਰਾਜ਼ ਸਰਕਾਰ ਨੇ ਉਨਾਂ ਦੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਖਿਲਾਫ਼ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਇਸ ਤਹਿਤ ਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਅਤੇ ਬਾਦਲ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਤੇ ਉਸਦੇ ਨਜ਼ਦੀਕੀ ਰਿਸ਼ਤੇਦਾਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ ।
ਪੰਜਾਬੀ ਅਖਬਾਰ ਅਜ਼ੀਤ ਵਿੱਚ ਨਸ਼ਰ ਖ਼ਬਰ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਸ: ਭਰੋਵਾਲ ਦਾ ਕੈਨੇਡਾ ਰਹਿੰਦਾ ਲੜਕਾ ਰਘਵੀਰ ਸਿੰਘ ਭਰੋਵਾਲ ਸੋਸ਼ਲ ਮੀਡੀਆ ‘ਤੇ ਪੰਜਾਬ ਸਰਕਾਰ ਖਿਲਾਫ਼ ਪ੍ਰਚਾਰ ਕਰ ਰਿਹਾ ਸੀ ।
ਬੀਤੇ ਦਿਨ ਰਘਵੀਰ ਸਿੰਘ ਨੇ ਬਾਦਲ ਦਲ ਵੱਲੋਂ ਬਠਿੰਡਾ ਵਿਚ ਰੱਖੀ ਸਦਭਾਵਨਾ ਰੈਲੀ ਦੇ ਰੱਦ ਹੋਣ ਦੀ ਝੂਠੀ ਇਤਲਾਹ ਫੇਸਬੁੱਕ ‘ਤੇ ਪਾ ਦਿੱਤੀ ਸੀ, ਜਿਸ ‘ਤੇ ਅਕਾਲੀ ਦਲ ਦਿੱਲੀ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਉਸ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ ।ਉਸ ਦਿਨ ਤੋਂ ਹੀ ਸਥਾਨਕ ਪੁਲਿਸ ਵੱਲੋਂ ਉਸ ਦੇ ਪਿਤਾ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਕਥਿਤ ਤੌਰ ‘ਤੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ।
ਬੀਤੀ ਰਾਤ ਜਥੇਦਾਰ ਭਰੋਵਾਲ ਅਤੇ ਰਘਵੀਰ ਸਿੰਘ ਭਰੋਵਾਲ ਦੇ ਸਾਲੇ ਜਗਦੀਪ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਪਿੰਡ ਬਿੰਜਲ ਰਾਏਕੋਟ ਨੂੰ ਗਿ੍ਫ਼ਤਾਰ ਕਰ ਲਿਆ ਗਿਆ ।ਇਨ੍ਹਾਂ ਦੋਵਾਂ ਖਿਲਾਫ ਧਾਰਾ 294/506/120 ਬੀ ਅਧੀਨ ਕੇਸ ਦਰਜ ਕੀਤਾ ਗਿਆ ਹੈ ।ਪੁਲਿਸ ਵੱਲੋਂ ਬਣਾਈ ਕਹਾਣੀ ਅਨੁਸਾਰ ਇਹ ਦੋਵੇਂ ਕਥਿਤ ਦੋਸ਼ੀ ਬੀਤੀ ਰਾਤ ਫਿਰੋਜ਼ਪੁਰ ਰੋਡ ਨੇੜੇ ਸਰਕਾਰ ਖਿਲਾਫ਼ ਗਲਤ ਬਿਆਨਬਾਜ਼ੀ ਕਰ ਰਹੇ ਸਨ ਅਤੇ ਲੋਕਾਂ ਨੂੰ ਸਰਕਾਰ ਖਿਲਾਫ਼ ਭੜਕਾ ਰਹੇ ਸਨ ।