September 13, 2016 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਅਕਾਲੀ ਦਲ ਬਾਦਲ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਤੇ ਦਿੱਲੀ ਕਮੇਟੀ ਦੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਵਿਦੇਸ਼ ਦੌਰੇ ਪ੍ਰਤੀ ਪ੍ਰਵਾਸੀ ਸਿੱਖਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਹਨਾਂ ਨੇ ਪਹਿਲਾ ਦਿੱਲੀ ਕਮੇਟੀ ਦੀ ਗੋਲਕ ਦੀ ਦੁਰਵਰਤੋਂ ਕੀਤੀ ਅਤੇ ਹੁਣ ਪ੍ਰਵਾਸੀ ਸਿੱਖਾਂ ਅਤੇ ਪੰਜਾਬੀਆਂ ਨੂੰ ਗੁੰਮਰਾਹ ਕਰਕੇ ਉਹਨਾਂ ਦੀ ਮਿਹਨਤ ਦੀ ਕਮਾਈ ‘ਤੇ ਡਾਕਾ ਮਾਰਨ ਲਈ ਵਿਦੇਸ਼ ਪੁੱਜ ਗਏ ਹਨ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਜਾਰੀ ਇੱਕ ਬਿਆਨ ਰਾਹੀਂ ਸ. ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦੀ ਸੇਵਾ ਜਦੋਂ ਉਹਨਾਂ ਕੋਲ ਸੀ ਤਾਂ ਉਸ ਸਮੇਂ ਉਨ੍ਹਾਂ ਨੇ 98 ਕਰੋੜ ਦੀਆਂ ਐਫ.ਡੀ.ਆਰਜ਼ ਇਕੱਠੀਆਂ ਕੀਤੀਆਂ ਸਨ ਪਰ ਇਹ ਰਕਮ ਅੱਜ ਦਿੱਲੀ ਕਮੇਟੀ ਦੇ ਖਾਤੇ ਵਿੱਚੋਂ ਖਤਮ ਹੋ ਚੁੱਕੀ ਹੈ ਜਦ ਕਿ ਦਿੱਲੀ ਕਮੇਟੀ ਨੇ ਪਿਛਲੇ ਚਾਰ ਸਾਲਾਂ ਦੇ ਸਮੇਂ ਦੌਰਾਨ ਕੋਈ ਵੀ ਅਜਿਹਾ ਵੱਡਾ ਪ੍ਰਾਜੈਕਟ ਨਹੀਂ ਲਗਾਇਆ ਜਿਹੜਾ ਮਿਸਾਲ ਪੈਦਾ ਕਰਦੇ ਹੋਵੇ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਇਸ ਵੇਲੇ ਪੂਰੀ ਤਰ੍ਹਾਂ ਪੈਸੇ ਪੱਖੋਂ ਖਾਲੀ ਹੋ ਚੁੱਕੀ ਹੈ ਤੇ ਹੁਣ ਇਹਨਾਂ “ਭੱਦਰਪੁਰਸ਼ਾਂ” ਨੇ ਵਿਦੇਸ਼ਾਂ ਵੱਲ ਮੂੰਹ ਕਰ ਲਿਆ ਹੈ। ਉਹਨਾਂ ਕਿਹਾ ਕਿ ਇਹਨਾਂ ਨੇ ਬਹੁਤ ਕਾਵਾਂ-ਰੌਲ਼ੀ ਪਾਈ ਸੀ ਕਿ ਬਾਲਾ ਸਾਹਿਬ ਹਸਪਤਾਲ ਸਰਨੇ ਵੇਚ ਗਏ ਹਨ ਤੇ ਦਿੱਲੀ ਕਮੇਟੀ ਤੇ ਬਾਦਲ ਦਲ ਦਾ ਕਬਜ਼ਾ ਹੋ ਜਾਣ ਉਪਰੰਤ ਸਰਨਿਆਂ ਕੋਲੋਂ ਪਾਈ-ਪਾਈ ਦੀ ਹਿਸਾਬ ਲਿਆ ਜਾਵੇਗਾ ਪਰ ਅੱਜ ਤੱਕ ਇਹ ਲੋਕ ਇੱਕ ਪਾਈ ਦੀ ਹੇਰਾਫੇਰੀ ਵੀ ਸਾਬਤ ਨਹੀਂ ਕਰ ਸਕੇ ਕਿਉਂਕਿ ਕਿਸੇ ਕਿਸਮ ਦੀ ਹੇਰਾਫੇਰੀ ਹੋਈ ਹੀ ਨਹੀਂ ਸੀ।
ਉਹਨਾਂ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਨੂੰ ਅਪੀਲ ਹੈ ਕਿ ਇਹ ਲੋਕ ਕੁਝ ਕੁ ਪ੍ਰਵਾਸੀਆਂ ਨਾਲ ਤਸਵੀਰਾਂ ਖਿਚਵਾ ਕੇ ਅਖਬਾਰਾਂ ਵਿੱਚ ਦੇ ਰਹੇ ਹਨ ਜਦ ਕਿ ਬਹੁਤ ਸਾਰੀਆਂ ਤਸਵੀਰਾਂ ਇਹਨਾਂ ਵੱਲੋਂ ਬਣਾਈਆਂ ਗਈਆਂ ਹਨ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਜਦੋਂ ਅਕਾਲੀ ਲੀਡਰ ਵਿਦੇਸ਼ ਗਏ ਤਾ ਉਸ ਵੇਲੇ ਇਹਨਾਂ ਦਾ ਸੁਆਗਤ ਉਥੋਂ ਦੇ ਸਿੱਖਾਂ ਨੇ ਜਿਹੜੀ ਨਾਰਾਜ਼ਗੀ ਨਾਲ ਕਰਕੇ ਇਹਨਾਂ ਨੂੰ ਬੋਲਣ ਤੱਕ ਨਹੀਂ ਦਿੱਤਾ ਸੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਥਾਂ-ਥਾਂ ‘ਤੇ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਨਾ ਫੜੇ ਜਾਣ ਬਾਰੇ ਪੁੱਛਿਆ ਤਾਂ ਅਕਾਲੀਆਂ ਕੋਲ ਕੋਈ ਜਵਾਬ ਨਹੀਂ ਸੀ ਤੇ ਅੱਜ ਵੀ ਨਹੀਂ ਹੈ। ਉਹਨਾਂ ਕਿਹਾ ਕਿ ਅੱਜ ਵੀ ਗੁਰੂ ਸਾਹਿਬ ਦੀ ਥਾਂ-ਥਾਂ ‘ਤੇ ਬੇਅਦਬੀ ਹੋ ਰਹੀ ਹੈ ਪਰ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਤੇ ਤਖਤਾਂ ਦੇ ਜਥੇਦਾਰ ਵੀ ਸਰਕਾਰੀ ਹੁਕਮਾਂ ਦੀ ਹੀ ਉਡੀਕ ਕਰਦੇ ਰਹਿੰਦੇ ਹਨ। ਉਹਨਾਂ ਪ੍ਰਵਾਸੀ ਸਿੱਖਾਂ ਨੂੰ ਅਪੀਲ ਕੀਤੀ ਕਿ ਇਹਨਾਂ ਪੰਥ ਦੋਖੀਆਂ ਤੋਂ ਸੁਚੇਤ ਰਹਿਣ ਤੇ ਇਹਨਾਂ ਨੂੰ ਕਿਸੇ ਕਿਸਮ ਦਾ ਸਹਿਯੋਗ ਨਾ ਦੇਣ ਸਗੋਂ ਇਹਨਾਂ ਕੋਲੋਂ ਦਿੱਲੀ ਕਮੇਟੀ ਦੀ ਗੋਲਕ ਦਾ ਹਿਸਾਬ ਪੁੱਛਣ। ਅਤੇ ਬਿਨਾਂ ਕਿਸੇ ਦੇਰੀ ਤੋਂ ਬੇਰੰਗ ਵਾਪਸ ਤੋਰ ਦੇਣ।
Related Topics: Badal Dal, DSGMC, Harwinder Singh Sarna, Shiromani Akali Dal Delhi Sarna, Sikhs In UK