ਸਿੱਖ ਖਬਰਾਂ

ਸਿੱਖ ਫੈਡਰੇਸ਼ਨ ਵੱਲੋਂ ਜਾਰੀ ਸਿੱਖ ਚੋਣ ਮਨੋਰਥ ਪੱਤਰ ਨੂੰ ਮਿਲਿਆ ਵੱਡਾ ਹਾਂ ਪੱਖੀ ਹੁੰਗਾਰਾ

May 4, 2015 | By

ਲੰਡਨ (3 ਮਈ, 2015): ਬਰਤਾਨੀਆਂ ਵਿੱਚ ਸਿੱਖ ਹਿੱਤਾਂ ਲਈ ਯਤਨਸ਼ੀਲ ਜੱਥੇਬੰਦੀ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਪਹਿਲੀ ਵਾਰ ਜਾਰੀ ਕੀਤੇ ਸਿੱਖ ਚੋਣ ਮਨੋਰਥ ਪੱਤਰ ਨੂੰ ਇੰਗਲੈਂਡ ਦੀ ਰਾਜਨੀਤੀ ‘ਚ ਵੱਡੀ ਪ੍ਰਮੁੱਖਤਾ ਮਿਲੀ ਹੈ ।ਪਾਰਟੀਆਂ ਅਤੇ ਉਮੀਦਵਾਰਾਂ ਲਈ ਆਪਣਾ ਪੱਖ ਰੱਖਣ ਲਈ ਕੱਲ੍ਹ ਸ਼ਾਮੀ 3 ਵਜੇ ਤੱਕ ਦਾ ਸਮਾਂ ਦਿੱਤਾ ਗਿਆ ਸੀ। ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਭਾਈ ਅਮਰੀਕ ਸਿੰਘ ਗਿੱਲ ਦੇ ਨਾਂਅ ਹੇਠ ਜਾਰੀ ਹੋਏ ਬਿਆਨ ‘ਚ ਕਿਹਾ ਗਿਆ ਹੈ ਕਿ ਸਿੱਖਾਂ ਦੇ ਇਨ੍ਹਾਂ ਮਸਲਿਆਂ ਪ੍ਰਤੀ ਸਭ ਪਾਰਟੀਆਂ ਵੱਲੋਂ ਵੱਡਾ ਹਾਂ ਪੱਖੀ ਹੁੰਗਾਰਾ ਮਿਲਿਆ ਹੈ।

ਸਿੱਖ ਚੋਣ ਮਨੋਰਥ

ਸਿੱਖ ਚੋਣ ਮਨੋਰਥ

ਇਸ ਚੋਣ ਮਨੋਰਥ ਪੱਤਰ ਵਿੱਚ ਸੰਸਦ ਦੇ ਦੋਵੇਂ ਸਦਨਾਂ ‘ਚ ਸਿੱਖਾਂ ਦੀ ਨੁਮਾਇੰਦਗੀ, ਮਰਦਮਸ਼ੁਮਾਰੀ ਮੌਕੇ ਸਿੱਖਾਂ ਦਾ ਵੱਖਰਾ ਖਾਨਾ, ਜਨਤਕ ਥਾਵਾਂ ‘ਤੇ ਪੰਜ ਕਕਾਰ ਪਹਿਨਣ ਦੀ ਖੁੱਲ੍ਹ, ਗੁੰਮਰਾਹ ਕਰਕੇ ਅਤੇ ਜਬਰੀ ਧਰਮ ਪਰਿਵਰਤਣ ਦੀ ਰੋਕਥਾਮ, ਹੋਰ ਸਿੱਖ ਸਕੂਲ, ਸੰਸਾਰ ਜੰਗ ‘ਚ ਕੁਰਬਾਨੀਆ ਦੇਣ ਵਾਲੇ ਸਿੱਖਾਂ ਦੀ ਲੰਡਨ ‘ਚ ਯਾਦਗਰ, ਫਰਾਂਸ ‘ਚ ਦਸਤਾਰ ‘ਤੇ ਪਾਬੰਦੀ ਖ਼ਤਮ ਕਰਨ ਲਈ ਮਦਦ ਕਰਨ ਦੀ ਮੰਗ, ਸਾਕਾ ਨੀਲਾ ਤਾਰਾ ‘ਚ ਬਰਤਾਨਵੀ ਸਰਕਾਰ ਦੀ ਭੂਮਿਕਾ ਦੀ ਨਿਰਪੱਖ ਜਾਂਚ, 1984 ਦੀ ਸਿੱਖ ਨਸਲਕੁਸ਼ੀ ਦੀ ਯੂ. ਐਨ. ਓ. ਤੋਂ ਜਾਂਚ ਦੀ ਮੰਗ, ਭਾਰਤ ‘ਚ ਸਿੱਖਾਂ ਦੀ ਖ਼ੁਦਮੁਖਤਿਆਰੀ ਦੀ ਮੰਗ ਸਮੇਤ 10 ਮੰਗਾਂ ‘ਤੇ ਆਧਾਰਿਤ ਇਥੋਂ ਦੀਆਂ ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਸਿੱਖ ਮਸਲਿਆਂ ਬਾਰੇ ਦੱਸਿਆ ਗਿਆ ਸੀ।

ਤੀਜੀ ਵੱਡੀ ਧਿਰ ਵਜੋਂ ਉੱਭਰ ਕੇ ਸਾਹਮਣੇ ਆ ਰਹੀ ਸਕਾਟਿਸ਼ ਨੈਸ਼ਨਲ ਪਾਰਟੀ ਨੇ ਸਿੱਖਾਂ ਦੇ ਸਮੂਹ ਮੱਦਿਆਂ ‘ਤੇ ਹਮਾਇਤ ਦਿੱਤੀ ਹੈ, ਇਸ ਤੋਂ ਇਲਾਵਾ ਸਿੱਖ ਵਸੋਂ ਵਾਲੇ 120 ਹਲਕਿਆਂ ਦੇ 180 ਉਮੀਦਵਾਰਾਂ ਨੇ ਸਿੱਖ ਚੋਣ ਮਨੋਰਥ ਪੱਤਰ ਸਬੰਧੀ ਆਪੋ ਆਪਣਾ ਪ੍ਰਤੀਕ੍ਰਮ ਪ੍ਰਗਟ ਕਰਦਿਆਂ 81 ਫੀਸਦੀ ਉਮੀਦਵਾਰਾਂ ਨੇ 9 ਮੰਗਾਂ ਦੀ ਹਮਾਇਤ ਕੀਤੀ ਹੈ, ਜਿਨ੍ਹਾਂ ‘ਚੋਂ ਲੇਬਰ ਦੇ 85 ਫੀਸਦੀ ਤੇ ਕੰਜ਼ਰਵੇਟਿਵ ਪਾਰਟੀ ਦੇ 64 ਫੀਸਦੀ ਉਮੀਦਵਾਰ ਸ਼ਾਮਿਲ ਹਨ।

ਲੇਬਰ ਦੇ 58 ਫੀਸਦੀ ਅਤੇ ਕੰਜ਼ਰਵੇਟਿਵ ਪਾਰਟੀ ਦੇ 36 ਫੀਸਦੀ ਉਮੀਦਵਾਰਾਂ ਨੇ ਸਿੱਖਾਂ ਦੀ ਖ਼ੁਦਮਖਤਿਆਰੀ ਦੀ ਮੰਗ ਸਮੇਤ ਸਿੱਖਾਂ ਦੀਆਂ ਸਭ ਮੰਗਾਂ ਨੂੰ ਹਮਾਇਤ ਦਿੱਤੀ ਹੈ। ਜਦਕਿ ਲੇਬਰ ਦੇ 42 ਫੀਸਦੀ ਅਤੇ ਕੰਜ਼ਰਵਟੇਟਿਵ ਪਾਰਟੀ ਦੇ 64 ਫੀਸਦੀ ਉਮੀਦਵਾਰਾਂ ਨੇ ਸਿੱਖਾਂ ਨੂੰ ਭਾਰਤ ਨਾਲੋਂ ਵੱਖ ਹੋਣ ਵਾਲੇ ਮਤੇ ਦੀ ਹਮਾਇਤ ਕਰਨ ਤੋਂ ਕੰਨੀ ਕਤਰਾਉਂਦੇ ਹੋਏ ਸਹਿਮਤੀ ਨਹੀਂ ਪ੍ਰਗਟਾਈ।

ਭਾਈ ਗਿੱਲ ਅਨੁਸਾਰ ਜਿੱਥੇ ਲੇਬਰ ਪਾਰਟੀ ਦੇ ਆਗੂ ਕੀਥ ਵਾਜ਼ ਨੇ ਸਿੱਖਾਂ ਦੀਆਂ 10 ਮੰਗਾਂ ਨੂੰ ਹਮਾਇਤ ਕੀਤੀ ਹੈ, ਉੱਥੇ ਹੀ ਉਸ ਨੇ ਭਾਰਤ ਤੋਂ ਵੱਖ ਹੋਣ ਦੀ ਗੱਲ ਨੂੰ ਨਹੀਂ ਸਵੀਕਾਰਿਆ, ਇਸੇ ਤਰ੍ਹਾਂ ਪੰਜਾਬੀ ਮੂਲ ਦੇ ਐਮ. ਪੀ. ਵਰਿੰਦਰ ਸ਼ਰਮਾ ਨੇ ਵੀ ਸਿੱਖਾਂ ਦੀਆਂ 8 ਮੰਗਾਂ ਨੂੰ ਜਾਇਜ਼ ਠਹਿਰਾਇਆ ਹੈ, ਸੀਮਾ ਮਲਹੋਤਰਾ ਨੇ ਵੀ ਸਿੱਖ ਮੰਗਾਂ ਦੀ ਹਮਾਇਤ ਕੀਤੀ ਹੈ। ਲੇਬਰ ਉਮੀਦਵਾਰ ਤਨਮਨਜੀਤ ਸਿੰਘ ਢੇਸੀ, ਕੰਜ਼ਰਵੇਟਿਵ ਉਮੀਦਵਾਰ ਗੁਰਚਰਨ ਸਿੰਘ ਨੇ ਜਿੱਥੇ 9 ਮੰਗਾਂ ਦੀ ਹਮਾਇਤ ਕੀਤੀ ਹੈ, ਉੱਥੇ ਹੀ 2010 ‘ਚ ਸੰਸਦ ਮੈਂਬਰ ਬਣੇ ਇਕੋ ਇਕ ਸਿੱਖ ਐਮ. ਪੀ. ਪੋਲ ਉੱਪਲ ਨੇ ਸਿੱਖ ਚੋਣ ਮਨੋਰਥ ਪੱਤਰ ਸਬੰਧੀ ਪੂਰੀ ਤਰ੍ਹਾਂ ਚੁੱਪ ਵੱਟੀ ਰੱਖੀ ਹੈ।

ਜ਼ਿਕਰਯੋਗ ਹੈ ਕਿ ਕੇਸਰੀ ਲਹਿਰ ਵੱਲੋਂ ਭਾਰਤ ‘ਚੋਂ ਫਾਂਸੀ ਦੀ ਸਜ਼ਾ ਖ਼ਤਮ ਕਰਵਾਉਣ ਲਈ ਸੰਸਦ ‘ਚ ਕਰਵਾਈ ਗਈ ਬਹਿਸ ਮੌਕੇ ਵੀ ਪੋਲ ਉੱਪਲ ਸੰਸਦ ‘ਚੋਂ ਗੈਰ ਹਾਜ਼ਰ ਰਹੇ ਸਨ, ਜਦਕਿ ਉਨ੍ਹਾਂ ਦੇ ਵਿਰੋਧੀ ਲੇਬਰ ਪਾਰਟੀ ਦੇ ਉਮੀਦਵਾਰ ਰੌਬ ਮੈਰਿਸ ਨੇ ਸਿੱਖਾਂ ਦੀਆਂ 9 ਮੰਗਾਂ ਨਾਲ ਸਹਿਮਤੀ ਪ੍ਰਗਟਾਈ ਹੈ। ਭਾਈ ਅਮਰੀਕ ਸਿੰਘ ਗਿੱਲ ਨੇ ਸਿੱਖ ਚੋਣ ਮਨੋਰਥ ਪੱਤਰ ਲਈ ਯੂ. ਕੇ. ਦੇ ਗੁਰੂ ਘਰਾਂ, ਸਿੱਖ ਸੰਗਤਾਂ ਤੇ ਸਿੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਨ੍ਹਾਂ ਮੰਗਾਂ ਨੂੰ ਹੁਣ 7 ਮਈ ਦੀਆਂ ਚੋਣਾਂ ਤੋਂ ਬਾਅਦ ਅਮਲ ‘ਚ ਲਿਆਉਣ ਲਈ ਵੀ ਜੱਦੋ ਜਹਿਦ ਜਾਰੀ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,