May 11, 2015 | By ਸਿੱਖ ਸਿਆਸਤ ਬਿਊਰੋ
ਲੰਡਨ (10 ਮਈ, 2015): ਇੰਗਲ਼ੈਂਡ ਦੀਆਂ ਚੋਣਾਂ ਵਿੱਚ ਸਿੱਖ ਮੁੱਦਿਆਂ ਨੂੰ ਲੈ ਕੇ ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਤਿਆਰ ਕੀਤੇ ਗਏ ਸਿੱਖ ਚੋਣ ਮਨੋਰਥ ਪੱਤਰ ਨੂੰ ਹਮਾਇਤ ਕਰਨ ਵਾਲੇ 165 ਉਮੀਦਵਾਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਜਿਨ੍ਹਾਂ ‘ਚੋਂ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਸਮੇਤ 41 ਕੰਜ਼ਰਵੇਟਿਵ ਪਾਰਟੀ, 64 ਲੇਬਰ ਪਾਰਟੀ, 56 ਸਕਾਟਿਸ਼ ਨੈਸ਼ਨਲ ਪਾਰਟੀ, 3 ਲਿਬਰਲ ਡੈਮੋਕ੍ਰੇਟਿਕ ਅਤੇ 1 ਯੂ. ਕੇ. ਆਈ. ਪੀ. ਦੇ ਉਮੀਦਵਾਰ ਸੰਸਦ ਮੈਂਬਰ ਚੁਣੇ ਗਏ ਹਨ ।
ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸਕਾਟਿਸ਼ ਨੈਸ਼ਨਲ ਪਾਰਟੀ ਨੇ ਪੂਰੀ ਤਰ੍ਹਾਂ ਹਮਾਇਤ ਦਿੱਤੀ ਸੀ ਪਰ ਇਸ ਤੋਂ ਬਿਨ੍ਹਾਂ 122 ਹਲਕਿਆਂ ਤੋਂ 180 ਉਮੀਦਵਾਰਾਂ ਨੇ ਸਿੱਖ ਮੰਗਾਂ ਦੀ ਪ੍ਰੋੜਤਾ ਕੀਤੀ ।
ਸਿੱਖ ਫੈਡਰੇਸ਼ਨ ਯੂ. ਕੇ. ਵੱਲੋਂ ਭਾਈ ਅਮਰੀਕ ਸਿਘ ਗਿੱਲ ਨੇ ਕਿਹਾ ਹੈ ਕਿ ਸਿੱਖ ਚੋਣ ਮਨੋਰਥ ਪੱਤਰ ਭਾਂਵੇਂ ਪਹਿਲੀ ਵਾਰ ਤਿਆਰ ਕੀਤਾ ਗਿਆ ਸੀ ਪਰ ਇਸ ਦੇ ਨਤੀਜੇ ਪ੍ਰਭਾਵਸ਼ਾਲੀ ਰਹੇ ਹਨ ।
ਜ਼ਿਕਰਯੋਗ ਹੈ ਕਿ ਸਿੱਖਾਂ ਦੀ ਆਪਸੀ ਖਿੱਚੋਤਾਣ ਕਰਕੇ 2010 ਵਾਲੀ ਸੰਸਦ ‘ਚ ਸ਼ਾਮਿਲ ਇਕੋ ਇੱਕ ਸਿੱਖ ਐਮ. ਪੀ. ਪਾਲ ਉੱਪਲ ਵੀ ਆਪਣੀ ਸੀਟ ਹਾਰ ਗਿਆ ਹੈ, ਉੱਪਲ ਨੇ ਸਿੱਖ ਚੋਣ ਮਨੋਰਥ ਪੱਤਰ ਬਾਰੇ ਹਾਂ ਜਾਂ ਨਾਂਹ ‘ਚ ਕੋਈ ਜਵਾਬ ਨਹੀਂ ਸੀ ਦਿੱਤਾ, ਜਦਕਿ ਉਨ੍ਹਾਂ ਦੇ ਵਿਰੋਧੀ ਰੌਬ ਮੌਰਿਸ ਨੇ ਸਿੱਖ ਮੁੱਦਿਆਂ ਦੀ ਹਮਾਇਤ ਕਰਦਿਆਂ ਘਰ ਘਰ ਜਾ ਕੇ ਪ੍ਰਚਾਰ ਕੀਤਾ ਜਿਸ ਨਾਲ ਸਿੱਖ ਫੈਡਰੇਸ਼ਨ ਦੇ ਸੀਨੀਅਰ ਨੇਤਾ ਹਰਦੀਸ਼ ਸਿੰਘ ਵੀ ਸ਼ਾਮਿਲ ਸੀ ਪਰ ਦੂਜੇ ਪਾਸੇ ਸਿੱਖ ਕੌਾਸਲ ਯੂ. ਕੇ. ਨੇ ਚੋਣਾਂ ਤੋਂ ਚਾਰ ਦਿਨ ਪਹਿਲਾਂ ਪਾਲ ਉੱਪਲ ਦੇ ਕੰਮਾਂ ਵਾਲੀਆ ਥਾਵਾਂ ‘ਤੇ ਦਸਤਾਰ ਪਹਿਨਣ ਦੇ ਮੁੱਦੇ ‘ਤੇ ਕੀਤੇ ਕੰਮ ਦੀ ਤਾਰੀਫ਼ ਕਰਦਿਆਂ ਇੱਕ ਧੰਨਵਾਦ ਪੱਤਰ ਜਾਰੀ ਕੀਤਾ ਸੀ ।
ਲੋਕ ਚਰਚਾ ਹੇ ਕਿ ਬਰਤਾਨੀਆਂ ਦੀ ਸੰਸਦ ਦਾ ਇਕੋ ਇੱਕ ਸਿੱਖ ਐਮ. ਪੀ. ਪਾਲ ਉੱਪਲ ਦੇ ਹਾਰਨ ਦਾ ਕਾਰਨ ਵੀ ਸਿੱਖ ਅਤੇ ਸਿੱਖ ਮੁੱਦੇ ਹੀ ਬਣੇ ਹਨ, ਜੋ 2010 ‘ਚ 691 ਵੋਟਾਂ ਨਾਲ ਜਿੱਤਿਆ ਸੀ ਅਤੇ ਹੁਣ 801 ਵੋਟਾਂ ਨਾਲ ਹਾਰਿਆ ਹੈ ।
Related Topics: Sikh Manifesto, Sikhs in United Kingdom, The Sikh Manifesto 2015-2020