October 18, 2014 | By ਸਿੱਖ ਸਿਆਸਤ ਬਿਊਰੋ

ਦਸਤਾਰ ਮਾਰਚ
ਨਿਊਯਾਰਕ (18 ਅਕਤੂਬਰ, 2014): ਦਸਤਾਰ ਸਿੱਖੀ ਜੀਵਨ ਜਾਂਚ, ਸਿੱਖ ਪਛਾਣ, ਸਿੱਖ ਤਹਿਜ਼ੀਬ ਅਤੇ ਸਿੱਖਾਂ ਨੂੰ ਗੁਰੂਆਂ ਵੱਲੋਂ ਬਖਸ਼ਿਸ਼ ਕੀਤੀ ਅਮੋਲਕ ਦਾਤ ਹੈ। ਸੰਸਾਰ ਦੇ ਹੋਰ ਧਰਮਾਂ ਦੇ ਕੁਝ ਲੋਕ ਵੀ ਸਿਰ ‘ਤੇ ਪੱਗੜੀ ਬੰਨਦੇ ਹਨ, ਪਰ ਸਿੱਖ ਦਸਤਾਰ ਸਿਧਾਂਤਕ ਅਤੇ ਅਮਲੀ ਤੌਰ ਤੇ ਉਨ੍ਹਾਂ ਨਾਲੋਂ ਬੁਨਿਆਦੀ ਫਰਕ ਰੱਖਦੀ ਹੈ।ਸਿੱਖ ਹੁਰੂ ਦੀ ਇਸ ਬਖਸ਼ਿਸ਼ ਨਾਲੋਂ ਜੁਦਾ ਹੋਕੇ ਨਹੀਂ ਰਹਿ ਸਕਦਾ।
ਇਸੇ ਲਈ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਹਜ਼ਾਰਾਂ ਔਕੜਾਂ ਦੇ ਬਾਵਜੂਦ ਦਸਤਾਰ ਦੀ ਸ਼ਾਨ ਬਰਕਰਾਰ ਰੱਖ ਰਹੇ ਹਨ। ਜਿੱਥੇ ਕੱਲ ਹੀ ਬੈਲਜ਼ੀਅਮ ਦੀ ਉੱਚ ਅਦਾਲਤ ਨੇ ਸਿੱਖ ਵਿਦਿਆਰਥੀ ਨੂੰ ਸਕੂਲ ਵਿੱਚ ਦਸਤਾਰ ਸਜ਼ਾ ਕੇ ਆਉਣ ਦੀ ਖੁੱਲ ਦਿੱਤੀ ਹੈ, ਉੱਥੇ ਅਮਰੀਕਾ ਵੱਸਦੇ ਸਿੱਖਾਂ ਨੇ ਇਸ ਦੀ ਸ਼ਾਨ ਬਹਾਲੀ ਲਈ ਹੋਰ ਕਦਮ ਚੁੱਕੇ ਹਨ।
ਅਮਰੀਕਾ ਦੇ ਅਟਾਰਨੀ ਪਰੀਤ ਭਰਾਰਾ ਦੇ ਦਫ਼ਤਰ ਨੇ ਇੱਕ ਬਜ਼ੁਰਗ ਸਿੱਖ ਖ਼ਿਲਾਫ਼ ਕਥਿਤ ਧਾਰਮਿਕ ਵਿਤਕਰੇ ਦਾ ਮੁੱਦਾ ਨਿਊਯਾਰਕ ਸ਼ਹਿਰ ਦੇ ਕੁਰੈਕਸ਼ਨ (ਸੁਧਾਰ) ਵਿਭਾਗ ਕੋਲ ਉਠਾਇਆ ਹੈ। ਇਹ ਬਜ਼ੁਰਗ ਸਿੱਖ ਜਦੋਂ ਵੀ ਆਪਣੇ ਪੁੱਤਰ ਨੂੰ ਸੁਧਾਰ ਘਰ ‘ਚ ਮਿਲਣ ਜਾਂਦਾ ਸੀ ਤਾਂ ਉਸ ਨੂੰ ਆਪਣੀ ਦਸਤਾਰ ਉਤਾਰਨ ਲਈ ਕਿਹਾ ਜਾਂਦਾ ਸੀ।

ਗੁਰਭੇਜ ਸਿੰਘ
ਗੁਰਭੇਜ ਸਿੰਘ ਸੰਧੂ ਫਰਵਰੀ 2012 ਤੋਂ ਆਪਣੇ ਪੁੱਤਰ ਜਿਹੜਾ ਸੁਧਾਰ ਘਰ ਵਿਖੇ ਸਜ਼ਾ ਕੱਟ ਰਿਹਾ ਹੈ ਨੂੰ ਕਈ ਵਾਰ ਮਿਲਣ ਲਈ ਰਾਈਕਰਜ਼ ਆਈਲੈਂਡ ਸੁਧਾਰ ਘਰ ਗਿਆ ਸੀ। ਰਾਈਟਸ ਗਰੁੱਪ ਯੂਨਾਈਟਿਡ ਸਿੱਖਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਿਕ ਸੰਧੂ ਭਾਵੇਂ ਸੁਰੱਖਿਆ ਅਧਿਕਾਰੀਆਂ ਨੂੰ ਇਹ ਸਪਸ਼ਟੀਕਰਨ ਦਿੰਦਾ ਰਿਹਾ ਕਿ ਦਸਤਾਰ ਸਿੱਖੀ ਪਛਾਣ ਦਾ ਜ਼ਰੂਰੀ ਹਿੱਸਾ ਹੈ ਤੇ ਇਸ ਨੂੰ ਹਟਾਉਣਾ ਸਿੱਖ ਧਰਮ ਦਾ ਨਿਰਾਦਰ ਹੈ ਫਿਰ ਵੀ ਉਸ ਨੂੰ ਹਰੇਕ ਵਾਰ ਆਪਣੀ ਦਸਤਾਰ ਉਤਾਰਨ ਲਈ ਕਿਹਾ ਜਾਂਦਾ।
ਸੰਧੂ ਨੂੰ ਸੁਰੱਖਿਆ ਅਧਿਕਾਰੀਆਂ ਦੇ ਹੁਕਮ ਦੀ ਪਾਲਨਾ ਕਰਨੀ ਪੈਂਦੀ ਸੀ ਜਿਹੜੇ ਇਹ ਆਖਦੇ ਸਨ ਕਿ ਜੇਕਰ ਉਸ ਨੇ ਹੁਕਮਾਂ ਦੀ ਪਾਲਨਾ ਨਾ ਕੀਤੀ ਤਾਂ ਉਸ ਨੂੰ ਆਪਣੇ ਪੁੱਤਰ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾਵੇਗੀ। ਰਾਈਟਸ ਗਰੁੱਪ ਦੀ ਕਾਨੂੰਨੀ ਟੀਮ ਨੇ ਸ਼ਹਿਰ ਦੇ ਸੁਧਾਰ ਵਿਭਾਗ ਨੂੰ ਇੱਕ ਪੱਤਰ ਭੇਜ ਕੇ ਸਪਸ਼ਟੀਕਰਨ ਮੰਗਿਆ ਤੇ ਬਜ਼ੁਰਗ ਸਿੱਖ ਨਾਲ ਮਾੜੇ ਵਰਤਾਅ ਬਦਲੇ ਢੁਕਵੇਂ ਕਦਮ ਚੁੱਕਣ ਲਈ ਕਿਹਾ।
ਯੂਨਾਈਟਿਡ ਸਿੱਖਸ ਨੇ ਨਾਗਰਿਕ ਹੱਕਾਂ ਬਾਰੇ ਨਿਆਂ ਵਿਭਾਗ ਕਮਿਸ਼ਨ ਨੂੰ ਵੀ ਇੱਕ ਸ਼ਿਕਾਇਤ ਭੇਜੀ ਜਿਸ ਨੇ ਮਾਮਲਾ ਪ੍ਰੀਤ ਭਰਾਰਾ ਦੇ ਦਫ਼ਤਰ ਕੋਲ ਭੇਜਣ ਲਈ ਹਦਾਇਤ ਕੀਤੀ। ਅਮਰੀਕੀ ਸਰਕਾਰੀ ਵਕੀਲ ਦੇ ਦਫ਼ਤਰ ਨੇ ਸੁਧਾਰ ਵਿਭਾਗ ਨੂੰ ਪੱਤਰ ਲਿਖ ਕੇ ਉਨ੍ਹਾਂ ਦੀਆਂ ਕਾਰਵਾਈਆਂ ਬਾਰੇ ਸਪਸ਼ਟੀਕਰਨ ਮੰਗਿਆ ਹੈ।
Related Topics: Sikh Turban, Sikhs in Untied States, Turban Issue, United Sikhs