1. ਬੀਤੇ ਦਿਨੀਂ ਅਦਾਰਾ ਸਿੱਖ ਸਿਆਸਤ ਦੇ ਸੰਪਾਦਕ ਸ. ਪਰਮਜੀਤ ਸਿੰਘ ਗਾਜ਼ੀ ਦਾ ਟਵਿੱਟਰ ਖਾਤਾ ਬੰਦ ਇੰਡੀਆ ਵਿਚ ਰੋਕਣ ਕਰਨ ਤੋਂ ਬਾਅਦ ਅੱਜ ਦਿੱਲੀ ਦਰਬਾਰ ਵੱਲੋਂ ਅਦਾਰਾ ਸਿੱਖ ਸਿਆਸਤ ਦਾ ਐਕਸ/ਟਵਿੱਟਰ ਖਾਤਾ ਵੀ ਇੰਡੀਆ ਵਿਚ ਖੁੱਲ੍ਹਣੋਂ ਰੋਕ ਦਿੱਤਾ ਗਿਆ ਹੈ। ਇਸ ਬਾਰੇ ਅੱਜ ਸਵੇਰੇ ਹੀ ਐਕਸ/ਟਵਿੱਟਰ ਵੱਲੋਂ ਅਰਸ਼ੀ-ਚਿੱਠੀ (ਈ-ਮੇਲ) ਮਿਲੀ ਹੈ।
2. ਦਿੱਲੀ ਦਰਬਾਰ ਇਹ ਰੋਕਾਂ ਲਾਉਣ ਵੇਲੇ ਆਪਣੇ ਹੀ ਬਣਾਏ ਕਾਨੂੰਨ ਤੇ ਨਿਯਮਾਂ ਦੀ ਪਾਲਣਾ ਨਹੀਂ ਕਰਦਾ।
3. ਇਹ ਰੋਕਾਂ ਸੂਚਨਾ ਅਤੇ ਤਕਨੀਕ ਕਾਨੂੰਨ 2000 ਦੀ ਧਾਰਾ 69-ਏ ਤਹਿਤ ਲਗਾਈਆਂ ਜਾਂਦੀਆਂ ਹਨ।
4. ਸਰਕਾਰ ਨੇ ਇਸ ਧਾਰਾ ਨੂੰ ਲਾਗੂ ਕਰਨ ਲਈ ਸਾਲ 2009 ਵਿਚ ਨਿਯਮ ਬਣਾਏ ਸਨ ਕਿ ਰੋਕਾਂ ਕਿਵੇਂ ਲਗਾਈਆਂ ਜਾਣਗੀਆਂ।
5. ਇਹਨਾ ਨਿਯਮਾਂ ਤਹਿਤ ਰੋਕ ਲਾਉਣ ਤੋਂ ਪਹਿਲਾਂ ਸੰਬੰਧਤ ਧਿਰ ਨੂੰ 48 ਘੰਟੇ ਦਾ ਨੋਟਿਸ ਦੇਣਾ ਅਤੇ ਉਸ ਦਾ ਪੱਖ ਸੁਣਨਾ ਜਰੂਰੀ ਹੁੰਦਾ ਹੈ।
6. ਪਰ ਸਰਕਾਰ ਇਹ ਨਿਯਮ ਦੀ ਬਿਲਕੁਲ ਵੀ ਪਾਲਣਾ ਨਹੀਂ ਕਰਦੀ। ਕੋਈ ਨੋਟਿਸ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਕੋਈ ਪੱਖ ਸੁਣਿਆ ਜਾਂਦਾ ਹੈ।
7. ਇਥੋਂ ਤੱਕ ਕਿ ਸਰਕਾਰ ਰੋਕ ਲਗਾ ਕੇ ਵੀ ਕਿਸੇ ਸੰਬੰਧਤ ਧਿਰ ਨੂੰ ਕੋਈ ਜਾਣਕਾਰੀ ਨਹੀਂ ਦਿੰਦੀ।
8. ਪਹਿਲਾਂ ਸਰਕਾਰ ਸੰਬੰਧਤ ਧਿਰ ਨੂੰ ਨੋਟਿਸ ਜਾਰੀ ਕਰਕੇ ਪੱਖ ਸੁਣਦੀ ਸੀ (ਘੱਟੋ-ਘੱਟ ਸਾਲ ਸਾਲ 2015 ਤੱਕ) ਪਰ ਕਰੋਨਾ-ਕਾਲ ਤੋਂ ਨਿਯਮਾਂ ਦੀ ਇਹ ਪਾਲਣਾ ਰੋਕ ਦਿੱਤੀ ਗਈ ਹੈ।
9. ਪੰਜਾਬ ਵਿਚ ਇਸ ਸਾਲ 18 ਮਾਰਚ ਤੋਂ ਸ਼ੁਰੂ ਹੋਏ ਦਮਨ-ਚੱਕਰ ਮੌਕੇ ਰੋਕਾਂ ਦੀ ਇਸ ਮੱਦ ਦੀ ਬਹੁਤ ਵਿਆਪਕ ਦੁਰਵਰਤੋਂ ਹੋਈ ਸੀ।
10. ਸਰਕਾਰ ਨੇ ਥੋਕ ਦੇ ਭਾਅ ਰੋਕਾਂ ਲਗਾਈਆਂ ਸਨ ਜਿਸ ਦੀ ਐਡੀਟਰਜ਼ ਗਿਲਡ ਆਫ ਇੰਡੀਆ ਅਤੇ ਪ੍ਰੈਸ ਕਲੱਬ ਆਫ ਇੰਡੀਆ ਨੇ ਵੀ ਨਿਖੇਧੀ ਕੀਤੀ ਸੀ।
11. ਸਰਕਾਰ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਕਈ ਖਾਤੇ ਤੇ ਚੈਨਲਾਂ ਤੋਂ ਰੋਕ ਹਟਾ ਲਈ ਸੀ। ਪਰ ਹੁਣ ਚੁਣਵੇਂ ਰੂਪ ਵਿਚ ਦੋਬਾਰਾ ਪੱਤਰਕਾਰਾਂ ਦੇ ਖਾਤਿਆਂ ਤੇ ਚੈਨਲਾਂ ਉੱਤੇ ਰੋਕ ਲਗਾਈ ਜਾ ਰਹੀ ਹੈ।
12. ਪੱਤਰਕਾਰ ਭਾਈਚਾਰੇ ਤੇ ਖਬਰਖਾਨੇ ਵਿਚ ਇਸ ਮਸਲੇ ਨੂੰ ਲੋੜੀਂਦੀ ਤਵੱਜੋ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਇਹ ਵਰਤਾਰ ਬੇਰੋਕ ਵਧਦਾ ਜਾ ਰਿਹਾ ਹੈ।
13. ਸਮੁੱਚੀ ਸਥਿਤੀ ਬਹੁਤ ਅਫਸੋਸਨਾਕ ਹੈ।