November 29, 2019 | By ਲੇਖਕ: ਸ. ਅਜਮੇਰ ਸਿੰਘ
– ਬਲਬਿੰਦਰ ਸਿੰਘ
ਸਿੱਖ ਪਾਠਕ ਸੱਥ
ਬੰਗਲੂਰੁ।
ਕਿਤਾਬ: ਤੂਫਾਨਾਂ ਦਾ ਸ਼ਾਹ ਅਸਵਾਰ – ਸ਼ਹੀਦ ਕਰਤਾਰ ਸਿੰਘ ਸਰਾਭਾ
ਲੇਖਕ: ਸ. ਅਜਮੇਰ ਸਿੰਘ
ਇਹ ਕਿਤਾਬ ਗਦਰ ਲਹਿਰ ਨਾਲ ਜੁੜੇ ਸੰਗਰਾਮੀਆਂ ਖਾਸ ਕਰਕੇ ਕਰਤਾਰ ਸਿੰਘ ਸਰਾਭੇ ਦੇ ਜੀਵਨ ਬਾਰੇ ਲਿਖੀ ਗਈ ਹੈ ਜੋ ਗਦਰ ਲਹਿਰ ਦੇ ਨਾਲ ਜੁੜੀਆਂ ਘਟਨਾਵਾਂ ਸਿੱਖ ਪਰਿਪੇਖ ਵਿਚ ਰੱਖਦੀ ਹੈ ਤੇ ਸੰਗਰਾਮੀਆਂ ਦੇ ਸੱਚੇ ਤੇ ਸੁੱਚੇ ਇਖ਼ਲਾਕ ਨੂੰ ਉਜਾਗਰ ਕਰਦੀ ਹੈ ਜਿਹਨਾਂ ਨੇ ਆਪਣੇ ਪੁਰਖਿਆਂ ਤੇ ਵੱਡੇ ਵਡੇਰਿਆਂ ਦੇ ਸਿੱਖ ਆਦਰਸ਼ਾਂ ਤੋ ਪ੍ਰੇਰਨਾ ਲੈਂਦਿਆਂ ਹੋਇਆਂ ਗੁਲਾਮੀ ਦੇ ਸੰਗਲ ਤੋੜਨ ਲਈ ਹੱਸ-ਹੱਸ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ।
ਕਰਤਾਰ ਸਿੰਘ ਸਰਾਭਾ ਬਾਰੇ ਲਿਖੀਆਂ ਜ਼ਿਆਦਾਤਰ ਲਿਖਤਾਂ ਅੰਦਰ ਉਸ ਦੇ ਅਹਿਸਾਸਾਂ ਦੀ ਕੱਚੀ ਪੇਸ਼ਕਾਰੀ ਵੇਖਣ ਨੂੰ ਮਿਲਦੀ ਹੈ ਜਿਸ ਨਾਲ ਸ਼ਹੀਦ ਦਾ ਬਿੰਬ ਧੁੰਦਲਾ ਹੁੰਦਾ ਹੈ। ਜ਼ਿਆਦਾਤਰ ਲਿਖਤਾਂ ਰਾਸ਼ਟਰਵਾਦ ਦੇ ਘੇਰੇ ਵਿੱਚ ਲਿਖੀਆਂ ਗਈਆਂ ਹਨ ਤੇ ਕਿਸੇ ਵੀ ਲੇਖਕ ਨੇ ਪਾਤਰਾਂ ਦੇ ਅਹਿਸਾਸਾਂ ਨਾਲ ਜੁੜਨ ਦੀ ਕੋਸ਼ਿਸ਼ ਨਹੀਂ ਕੀਤੀ। ਤੱਥਾਂ ਨੂੰ ਸਿਰਜਣ ਵਾਲੀ ਅਦ੍ਰਿਸ਼ਟ ਪ੍ਰੇਰਨਾ ਨੂੰ ਸਮਝੇ ਬਿਨਾ ਤੱਥਾਂ ਤੋਂ ਸਹੀ ਨਤੀਜੇ ਨਹੀਂ ਕੱਢੇ ਜਾ ਸਕਦੇ। ਪਰ ਇਸ ਕਿਤਾਬ ਵਿਚ ਲੇਖਕ ਨੇ ਤੱਥਾਂ ਨੂੰ ਅਨੁਭਵ ਦੀਆਂ ਅੱਖਾਂ ਰਾਹੀਂ ਸਮਝਿਆ ਅਤੇ ਉਹ ਨੁਕਤੇ ਪੇਸ਼ ਕੀਤੇ ਹਨ ਜੋ ਬਾਕੀ ਲੇਖਕਾਂ ਨੇ ਨਜ਼ਰਅੰਦਾਜ਼ ਕਰ ਦਿੱਤੇ।
ਭਾਈ ਕਰਤਾਰ ਸਿੰਘ ਸਰਾਭਾ ਜਿਸ ਦਾ ਜਨਮ 24 ਮਈ 1896 ਨੂੰ ਲੁਧਿਆਣੇ ਜਿਲ਼ੇ ਦੇ ਪਿੰਡ ਸਰਾਭਾ ਵਿਖੇ ਸ. ਬਦਨ ਸਿੰਘ ਦੇ ਖਾਨਦਾਨ ਵਿੱਚ ਹੋਇਆ। ਉਸ ਦੀ ਮਾਤਾ ਦਾ ਨਾਮ ਸਾਹਿਬ ਕੌਰ ਅਤੇ ਪਿਤਾ ਦਾ ਨਾਮ ਮੰਗਲ ਸਿੰਘ ਸੀ। ਕਰਤਾਰ ਸਿੰਘ ਸਰਾਭੇ ਦੀ ਉਮਰ ਜਦ 5 ਸਾਲ ਦੀ ਸੀ ਤੇ ਪਿਤਾ ਜੀ ਸਵਰਗਵਾਸ ਹੋ ਗਏ ਤੇ 12 ਸਾਲ ਦੀ ਉਮਰ ਵਿੱਚ ਮਾਤਾ ਜੀ ਵਿਛੋੜਾ ਦੇ ਗਏ। ਨਿੱਕੀ ਉਮਰ ਵਿਚ ਹੀ ਮਾਂ-ਪਿਓ ਦਾ ਸਾਇਆ ਉਠ ਜਾਣ ਤੋਂ ਬਾਅਦ ਕਰਤਾਰ ਸਿੰਘ ਦੇ ਦਾਦੇ ਨੇ ਆਪਣੇ ਪੋਤਰੇ ਨੂੰ ਪਾਲਿਆ। ਕਰਤਾਰ ਸਿੰਘ ਅੱਗੇ ਜਾ ਕੇ ਗਦਰ ਲਹਿਰ ਦਾ ਸ਼੍ਰੋਮਣੀ ਨਾਇਕ ਹੋ ਨਿਬੜਿਆ ਜੋ ਅਨੁਭਵੀ ਹੋਣ ਦੇ ਨਾਲ-ਨਾਲ ਪ੍ਰਤਿਭਾਸ਼ਾਲੀ ਤੇ ਅਦੁੱਤੀ ਕਰਮਯੋਗੀ ਸੀ।
ਇਸ ਕਿਤਾਬ ਵਿਚ ਕਰਤਾਰ ਸਿੰਘ ਸਰਾਭੇ ਦੀ ਸਖਸ਼ੀਅਤ ਦੇ ਪਿਛੋਕੜ ਅਤੇ ਪ੍ਰੇਰਨਾ ਨੂੰ ਸਮਝਨ ਲਈ ਕਾਫੀ ਅਹਿਮ ਨੁਕਤੇ ਦਰਸਾਏ ਗਏ ਹਨ। ਉਨ੍ਹਾਂ ਵਿੱਚੋਂ ਦੋ ਕੁ ਨੁਕਤੇ ਇੱਥੇ ਦੱਸਣਯੋਗ ਹਨ-
1. ਸਰਕਾਰੀ ਦਸਤਾਵੇਜਾਂ ਵਿਚ ਸ. ਬਦਨ ਸਿੰਘ ਨੂੰ ਇਨਕਲਾਬੀ ਲਹਿਰ ਦਾ ਹਮਦਰਦ ਦੱਸਿਆ ਗਿਆ ਹੈ ਜਿਸਨੇ ਆਪਣੇ ਪੋਤਰੇ ਨੂੰ ਖੁੱਲ੍ਹੀ ਹਿੰਸਾ ਲਈ ਉਕਸਾਇਆ ਸੀ। ਇਹ ਤੱਥ ਸਾਬਿਤ ਕਰਦੇ ਹਨ ਕਿ ਸ. ਬਦਨ ਸਿੰਘ ਗੁਰਸਿੱਖ ਹੋਣ ਕਰਕੇ ਸਿੱਖ ਆਦਰਸ਼ਾਂ ਵਿਚ ਨਿਸ਼ਠਾ ਰੱਖਦਾ ਸੀ ਤੇ ਉਸ ਨੇ ਕਰਤਾਰ ਸਿੰਘ ਸਰਾਭੇ ਨੂੰ ਬਚਪਨ ਵਿਚ ਹੀ ਇਹਨਾਂ ਆਦਰਸ਼ਾਂ ਦੀ ਪਾਣ ਚਾੜ੍ਹ ਦਿੱਤੀ ਸੀ। ਗੁਰਸਿੱਖ ਪਰਿਵਾਰ ਵਿਚ ਜਨਮੇ ਤੇ ਧਾਰਮਿਕ ਮਹੌਲ ਵਿਚ ਵੱਡੇ ਹੋਣ ਕਰਕੇ ਹੀ ਅੱਗੇ ਜਾਕੇ ਕਰਤਾਰ ਸਿੰਘ ਸਰਾਭਾ ਗਦਰ ਲਹਿਰ ਦਾ ਸ਼੍ਰੋਮਣੀ ਨਾਇਕ ਹੋਇਆ।
2. ਕਰਤਾਰ ਸਿੰਘ ਨੇ ਖਾਲਸਾ ਸਕੂਲ ਵਿੱਚ ਦੋ ਸਾਲ ਤੋਂ ਵੱਧ ਸਮਾਂ ਗੁਜ਼ਾਰਿਆ। ਉਹਨਾਂ ਦੇ ਇਕ ਸਾਥੀ (ਹਰਭਜਨ ਸਿੰਘ ਚਮਿੰਡਾ) ਮੁਤਾਬਿਕ ਸਕੂਲ ਦਾ ਵਾਤਾਵਰਨ ਸਿੱਖੀ ਪਿਆਰ, ਸਿੱਖੀ ਉਪਦੇਸ਼ ਤੇ ਸਿੱਖੀ ਰਹਿਤ ਮਰਿਆਦਾ ਨਾਲ ਭਰਪੂਰ ਸੀ। ਸਕੂਲ ਵਿੱਚ ਹਰ ਰੋਜ਼ ਬੱਚਿਆਂ ਨੂੰ ਸਿੱਖ ਇਤਿਹਾਸ ਦੱਸਿਆ ਜਾਂਦਾ ਤੇ ਸ਼ਹੀਦੀ ਘਟਨਾਵਾਂ ਨੂੰ ਬਿਆਨ ਕੀਤਾ ਜਾਂਦਾ ਸੀ। ਹਰ ਵਿਦਿਆਰਥੀ ਲਈ ਅੰਮ੍ਰਿਤ ਵੇਲੇ ਉੱਠਣਾ ਤੇ ਇਸ਼ਨਾਨ ਕਰਨਾ ਲਾਜਮੀ ਸੀ। ਕਰਤਾਰ ਸਿੰਘ ਦੀ ਸਖਸ਼ੀਅਤ ਉੱਤੇ ਇਸ ਦਾ ਜੋ ਅਸਰ ਪਿਆ ਹੋਣਾ, ਉਸਦਾ ਅੰਦਾਜ਼ਾ ਉਪਰੋਕਤ ਤੱਥਾਂ ਤੋਂ ਲਾਇਆ ਜਾ ਸਕਦਾ ਹੈ।
ਕਿਤਾਬ ਦੀ ਵਿਲੱਖਣ ਗੱਲ ਇਹ ਹੈ ਕਿ ਇਹ ਕਿਤਾਬ ਕਈਂ ਸਾਲਾਂ ਤੋਂ ਲੋਕਾਂ ਵਿਚ ਗਦਰੀ ਬਾਬਿਆਂ ਅਤੇ ਖਾਸਕਰ ਸ਼ਹੀਦ ਕਰਤਾਰ ਸਿੰਘ ਸਰਾਭੇ ਬਾਰੇ ਪਏ ਕਈ ਭੁਲੇਖਿਆਂ ਨੂੰ ਤੋੜਦੀ ਹੈ। ਕਿਤਾਬ ਵਿਚ ਚਾਹੇ ਗਦਰ ਪਾਰਟੀ ਦੀ ਸਥਾਪਨਾ ਦੀ ਗੱਲ ਹੋਵੇ, ਭਾਵੇਂ ਗਦਰੀਆਂ ਵੱਲੋਂ ਜਥੇਬੰਦੀ ਤੇ ਰਣਨੀਤੀ ਦੀ ਗੱਲ ਹੋਵੇ, ਜਾਂ ਫਿਰ ਪ੍ਰਚਾਰ ਦੀ ਗੱਲ ਹੋਵੇ ਸਾਰੀਆਂ ਹੀ ਘਟਨਾਵਾਂ ਵਿਚ ਸਿੱਖ ਸਿਧਾਂਤ ਮੂਲ ਸਨ। ਇਹ ਕਿਤਾਬ ਨੇ ਇਹ ਮਿੱਥ ਨੂੰ ਤੋੜਿਆ ਕਿ ਅਸਲੀ ਗਿਆਨ ਆਧੁਨਿਕ ਸਾਹਿਤ ਨਾਲ ਪੜ੍ਹਨ ਨਾਲ ਹੀ ਹੁੰਦਾ ਹੈ ਤੇ ਦੂਜੀ ਮਿੱਥ ਇਹ ਕਿ ਕਰਤਾਰ ਸਿੰਘ ਸਰਾਭੇ ਨੂੰ ਰਾਜਸੀ ਜਾਗ੍ਰਿਤੀ ਇਹ ਆਧੁਨਿਕ ਕਿਤਾਬਾਂ ਪੜ੍ਹ ਕੇ ਹੋਈ। ਉਹ ਕ੍ਰਾਂਤੀਕਾਰੀ ਜਿਹੜੇ ਅਜਾਦੀ ਦੇ ਸੰਗਰਾਮ ਵਿਚ ਲੜੇ, ਬਾਕੀ ਕਿਤਾਬਾਂ ਵਿਚ ਉਹਨਾਂ ਦੇ ਯੋਗਦਾਨ ਨੂੰ ਇਦਾਂ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਹੀ ਸਾਰਾ ਕੁਝ ਕੀਤਾ ਹੋਵੇ, ਇਹ ਭਰਮ ਇਹ ਕਿਤਾਬ ਪੜ੍ਹ ਕੇ ਟੁੱਟਦਾ ਹੈ।
ਕਿਤਾਬ ਵਿਚੋਂ ਕੁਝ ਅਹਿਮ ਨੁਕਤੇ ਥੱਲੇ ਸਾਂਝੇ ਕਰ ਰਹੇ ਹਾਂ ਤਾਂਕਿ ਦਿਲਚਸਪੀ ਰੱਖਣ ਵਾਲੇ ਪਾਠਕ ਅਤੇ ਨੌਜਵਾਨਾਂ ਨੂੰ ਇਸ ਬਹੁਮੁੱਲੀ ਕਿਤਾਬ ਪੜ੍ਹਨ ਦੀ ਪ੍ਰੇਰਨਾ ਮਿਲ ਸਕੇ।
1. ਉੱਤਰੀ ਅਮਰੀਕਾ ਵਿਚ ਗਦਰ ਲਹਿਰ ਦੇ ਪੈਦਾ ਹੋਣ ਤੋਂ ਪਹਿਲਾਂ ਕੁਝ ਗੁਰਮਤਿ-ਗੁੰਧੀਆਂ ਹਸਤੀਆਂ ਨੇ ਆਵਾਸੀ ਸਿੱਖ ਭਾਈਚਾਰੇ ਨੂੰ ਪੱਛਮੀ ਸੱਭਿਅਤਾ ਦੇ ਨਿਘਾਰਵਾਦੀ ਅਸਰਾਂ ਤੋਂ ਬਚਾਉਂਣ ਦੇ ਮੰਤਵ ਨਾਲ ਕਨੇਡਾ, ਅਮਰੀਕਾ ਤੇ ਪੂਰਬ ਦੇ ਟਾਪੂਆਂ ਅੰਦਰ ਸਿੱਖ ਧਰਮ ਦੇ ਪ੍ਰਚਾਰ ਦੀ ਇਕ ਵਿਆਪਕ ਤੇ ਜੱਥੇਬੰਦ ਮੁਹਿੰਮ ਚਲਾਈ।
2. ਗਦਰੀ ਬਾਬਿਆਂ ਵੱਲੋਂ ਆਪਣੀ ਜ਼ਿੰਦਗੀ ਨੂੰ ਦੇਸ਼ ਸੇਵਾ ਲਈ ਵਰਤਣ ਲਈ ਗੁਰੂ ਮਹਾਰਾਜ ਅੱਗੇ ਅਰਦਾਸ ਕਰਨੀ ਤੇ ਅਰਦਾਸਾ ਸੋਧ ਕੇ ਜੈਕਾਰੇ ਬੁਲਾਉਣੇ। ਇਹ ਗੱਲਾਂ ਦਿਲ ਨੂੰ ਟੁੰਬਣ ਵਾਲੀਆਂ ਹਨ, ਜਿੱਥੇ ਸਿੱਖੀ ਦੇ ਝਲਕਾਰੇ ਮਿਲਦੇ ਹਨ ਅਤੇ ਗਦਰੀ ਸਿੱਖ ਸਰਗਰਮੀਆਂ ਵੱਲੋਂ ਆਪਣੇ ਵਰਗ ਦੀ ਆਜਾਦੀ ਲਈ ਲੜਨ ਦੀ ਸੌੜੀ ਦ੍ਰਿਸ਼ਟੀ ਅਪਨਾਉਣ ਦੀ ਬਜਾਏ, ਸਾਰੇ ਵਰਗਾਂ ਦੇ ਲੋਕਾਂ ਦੀ ਅਜਾਦੀ ਦੀ ਗੱਲ ਕੀਤੀ ਜਿਸ ਦੇ ਵਿੱਚੋਂ ਸਰਬੱਤ ਦੇ ਭਲੇ ਦਾ ਸਿੱਖ-ਆਦਰਸ਼ ਵੇਖਣ ਨੂੰ ਮਿਲਦਾ ਹੈ।
3. ਜੱਥੇਬੰਦੀ ਵਿੱਚ ਕਿਸੀ ਅੰਦਰ ਵੀ ਅਹੁਦੇਦਾਰੀ ਦੀ ਤ੍ਰਿਸ਼ਨਾ ਨਹੀਂ ਸੀ, ਨਾ ਸ਼ੋਹਰਤ ਦੀ ਲਾਲਸਾ ਸੀ। ਉਹ ਸਵਾਰਥ ਤੇ ਹਉਮੈ ਦੇ ਰੋਗ ਤੋਂ ਮੁਕਤ ਰੂਹਾਂ ਸਨ ਤੇ ਉਹਨਾਂ ਵਿਚ ਪੁਰਾਤਨ ਸਿੰਘਾ ਵਾਲਾ ਰੂਹਾਨੀ ਜਜ਼ਬਾ ਸੀ।
4. ਕਿਸੇ ਐਸੇ ਬੰਦੇ ਅੰਦਰ ਜੋ ਸ਼ਰਾਬੀਆਂ ਦਾ ਸਰਦਾਰ ਹੋਵੇ ਤੇ ਸੋਹਣ ਸਿੰਘ ਭਕਨਾ ਦਾ ਪਹਿਲਾ ਜੀਵਨ ਸਿੱਖੀ ਦੀ ਛੋਹ ਨਾਲ ਉਸਦਾ ਇਦਾਂ ਦਾ ਕਾਂਇਆਕਲਪ ਹੋ ਗਿਆ ਕਿ ਜਿਹਨਾਂ ਦੇ ਆਖਰੀ ਗੀਤਾਂ ਨੂੰ ਸੁਣ ਕੇ ਕੰਧਾਂ ਵੀ ਰੋ ਰਹੀਆਂ ਸਨ। ਇਹ ਗੱਲ ਸਿੱਖ ਯਾਦ ਦੀ ਕੜੀ ਨੂੰ ਜੋੜਦਿਆਂ ਗੁਰੂ ਇਤਿਹਾਸ ਨੂੰ ਚੇਤੇ ਕਰਾਉਂਦੀ ਹੈ।
ਇਦਾਂ ਦੀਆਂ ਹੋਰ ਵੀ ਬਹੁਤ ਅਣਗਿਣਤ ਗੱਲਾਂ ਹਨ ਜੋ ਕਿਤਾਬ ਪੜ੍ਹ ਕੇ ਸਿੱਖ ਨੇੜਤਾ ਦਾ ਅਹਿਸਾਸ ਕਰਾਉਂਦੀਆਂ ਹਨ ਤੇ ਪਾਠਕ ਦੇ ਅੰਦਰ ਦੇ ਭਰਮਾਂ ਤੇ ਭੁਲੇਖਿਆਂ ਨੂੰ ਸਾਫ ਕਰਦੀ ਹੈ। ਨੌਜਵਾਨਾਂ ਲਈ ਇਹ ਕਿਤਾਬ ਪੜ੍ਹਨੀ ਅੱਤ ਲਾਜਮੀ ਹੈ ਜੋ ਦੇਸ਼ਭਗਤੀ ਤੇ ਰਾਸ਼ਟਰਵਾਦ ਦੇ ਗੁੱਝੇ ਭੇਦਾਂ ਨੂੰ ਖੋਲਦੀ ਹੈ ਤੇ ਆਧੁਨਿਕ ਗਿਆਨ ਨੇ ਜਿਹੜਾ ਭਰਮ ਪੈਦਾ ਕੀਤਾ ਤੇ ਜਿਹੜੇ ਬੰਦਿਆਂ (ਲਾਲਾ ਲਾਜਪਤ ਰਾਏ, ਮਹਾਤਮਾ ਗਾਂਧੀ, ਬੰਕਿਮ ਚੰਦਰ ਚੱਟੋਪਾਧਿਆਏ ਤੇ ਇਸ ਤਰ੍ਹਾਂ ਦੇ ਹੋਰ ਅਣਗਿਣਤ) ਨੂੰ ਅਸੀਂ ਰਾਸ਼ਟਰਵਾਦ ਦੇ ਭਰਮ ਹੇਠ ਬਹੁਤ ਉਚਾ ਮੰਨੀ ਬੈਠੇ ਹਾਂ ਤੇ ਉਹਨਾ ਨੇ ਸਿੱਖਾਂ ਖਿਲਾਫ ਜਿਹੜਾ ਜ਼ਹਰ ਉਗਲਿਆ ਉਸ ਤੱਥ ਨੂੰ ਇਸ ਕਿਤਾਬ ਵਿਚ ਬਹੁਤ ਤਫਸੀਲ ਨਾਲ ਦੱਸਿਆ ਗਿਆ ਹੈ ਤੇ ਇਹ ਕਿਤਾਬ ਸਾਨੂੰ ਇਹ ਵੀ ਦੱਸਦੀ ਹੈ ਕਿ ਇਤਿਹਾਸ ਵਿਚ ਹਮੇਸ਼ਾ ਇਕ ਦੌਰ ਆਉਂਦਾ ਹੈ ਜਦ ਕੁਝ ਦਿਨਾਂ ਵਿਚ ਸਾਲਾਂ ਦਾ ਇਤਿਹਾਸ ਰਚਿਆ ਜਾਂਦਾ ਤੇ ਉਸ ਪਲ ਨੂੰ ਹਰੇਕ ਕੋਈ ਨਹੀਂ ਮਹਿਸੂਸ ਕਰ ਸਕਦਾ। ਗਦਰੀ ਬਾਬਿਆਂ ਨੇ ਜਿਸ ਤਰੀਕੇ ਨਾਲ ਇਹ ਗੱਲ ਪਹਿਲਾਂ ਹੀ ਭਾਂਪ ਲਈ ਤੇ ਸਮੇਂ ਆਉਣ ਤੇ ਸਾਲਾਂ ਦਾ ਕੰਮ ਦਿਨਾਂ ਵਿਚ ਕਰ ਵਿਖਾਇਆ ਇਹ ਗੱਲ ਬਿਨਾ ਗੁਰੂ ਬਖਸੀਸ ‘ਤੋਂ ਸੰਭਵ ਨਹੀਂ। ਕਿਤਾਬ ਵਿਚ ਦਰਜ ਇਕ ਕਵਿਤਾ ਗਦਰੀ ਬਾਬਿਆਂ ਦੀ ਸੁੱਚੀ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਫਾਂਸੀ ਚੜਨ ਵਾਲੇ ਸ਼ਹੀਦਾਂ ਦਾ ਸੁਨੇਹਾ ਦਿੰਦੀ ਹੈ। ਉਸ ਕਵਿਤਾ ਦੀਆਂ ਆਖਰੀ ਪੰਕਤੀਆਂ ਇਸ ਤਰ੍ਹਾਂ ਹਨ:-
ਸਾਡੇ ਵੀਰਨੋ ਤੁਸਾਂ ਨਾ ਫਿਕਰ ਕਰਨਾ,
ਵਿਦਾ ਬਖਸਣੀ ਖੁਸ਼ੀ ਦੇ ਨਾਲ ਸਾਨੂੰ।
ਫਾਂਸੀ, ਤੋਪ, ਬੰਦੂਕ ਅਤੇ ਤੀਰ ਬਰਛੀ,
ਕੱਟ ਸਕਦੀ ਨਹੀਂ ਤਲਵਾਰ ਸਾਨੂੰ।
ਸਾਡੀ ਆਤਮਾ ਸਦਾ ਅਡੋਲ ਵੀਰੋ,
ਕਰੂ ਕੀ ਤੁਫੰਗ ਦਾ ਵਾਰ ਸਾਨੂੰ।
ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ,
ਜਿਸਦੇ ਚਮਕ ਦੀ ਨੇਕ ਮਿਸਾਲ ਸਾਨੂੰ।
***
ਨੋਟ: ਸਿੱਖ ਪਾਠਕ ਸੱਥ ਇੱਕ ਪਾਠਕ ਸਮੂਹ ਦੇ ਤੌਰ ਤੇ ਨੌਜਵਾਨਾਂ ਵਿਚ ਘਟ ਰਹੀ ਕਿਤਾਬਾਂ ਪੜ੍ਹਨ ਦੀ ਰੁਚੀ ਨੂੰ ਮੁੜ ਸੁਰਜੀਤ ਕਰਨ ਲਈ ਯਤਨਸ਼ੀਲ ਹੈ। ਪਾਠਕ ਸੱਥ ਦਾ ਯਤਨ ਹੈ ਕਿ ਸਥਾਨਿਕ ਪੱਧਰ ਤੇ ਹਰ ਸ਼ਹਿਰ, ਕਸਬੇ ਅਤੇ ਪਿੰਡ ਵਿਚ ਪਾਠਕਾਂ ਦੇ ਸਮੂਹ ਹੋਣ ਜੋ ਆਪਣੇ-ਆਪਣੇ ਤੌਰ ਉੱਤੇ ਇੱਕ ਦੂਜੇ ਤੋਂ ਸੁਤੰਤਰ ਰਹਿ ਕੇ ਜੁੜੇ ਹੋਏ ਪਾਠਕਾਂ ਅਤੇ ਸਰੋਤਿਆਂ ਦੀ ਦਿਲਚਸਪੀ ਨੂੰ ਮੁੱਖ ਰਖਦੇ ਹੋਏ, ਵਧੀਆ ਕਿਤਾਬਾਂ ਨਾਲ ਜੁੜਨ ਅਤੇ ਨੌਜਵਾਨਾਂ ਅਤੇ ਬੱਚਿਆਂ ਵਿੱਚ ਦੁਨਿਆਵੀ ਤਰੱਕੀ ਨੂੰ ਮੁੱਖ ਰੱਖ ਕੇ ਕੀਤੀ ਪੜ੍ਹਾਈ ਤੋਂ ਇਲਾਵਾ ਵੀ ਕਿਤਾਬਾਂ ਪੜ੍ਹਨ ਅਤੇ ਲੇਖ ਲਿਖਣ ਦੀ ਦਿਲਚਸਪੀ ਉਜਾਗਰ ਹੋ ਸਕੇ ਅਤੇ ਇਕ ਪੜ੍ਹਨ-ਲਿਖਣ ਦਾ ਸੱਭਿਆਚਾਰਕ ਮਹੌਲ ਸਿਰਜ ਸਕੀਏ।
ਕਿਹੜੀਆਂ ਕਿਤਾਬਾਂ ਪੜ੍ਹਨੀਆਂ ਹਨ, ਇਹ ਸਥਾਨਿਕ ਪੱਧਰ ਤੇ ਇਕੱਠੇ ਹੋਏ ਪਾਠਕ ਅਤੇ ਸਰੋਤੇ ਹੀ ਤੈਅ ਕਰ ਸਕਦੇ ਹਨ। ਸਿੱਖ ਪਾਠਕ ਸੱਥ ਸਿਰਫ ਇਹੋ ਜਿਹੀਆਂ ਸੱਥਾਂ ਨੂੰ ਸਿਰਜਨ ਅਤੇ ਸੰਚਾਲਨ ਕਰਨ ਲਈ ਯੋਗ ਸਲਾਹ ਅਤੇ ਇਸ ਤਰ੍ਹਾਂ ਦੇ ਤਜਰਬੇ ਵਿੱਚੋਂ ਨਿਕਲੇ ਕੁਝ ਕਾਰਜਸ਼ੀਲ ਨੁਕਤਿਆਂ ਤੇ ਤਾਕੀਦ ਕਰਨ ਤਕ ਸੀਮਤ ਹੈ।
ਆਪਣੇ ਸਥਾਨਿਕ ਪੱਧਰ ਤੇ ਇਸ ਤਰ੍ਹਾਂ ਦੀਆਂ ਪਾਠਕ ਸੱਥਾਂ ਸਿਰਜਨ ਲਈ ਸਲਾਹ-ਮਸ਼ਵਰਾ ਕਰਨ ਲਈ, ਅਤੇ ਹੁਣ ਤਕ ਦੇ ਤਜਰਬੇ ਤੋਂ ਸੇਧ ਲੈਣ ਲਈ ਥੱਲੇ ਲਿਖੇ ਪਤਿਆਂ ਤੇ ਸੰਪਰਕ ਕਰ ਸਕਦੇ ਹੋ:-
ਬਿਜਲ ਪਤਾ: [email protected]
ਫੇਸਬੁਕ: @sikhreaderscircle
ਜਾਂ ਸਿੱਖ ਪਾਠਕ ਸੱਥ ਨਾਲ ਜੁੜਨ ਜਾਂ ਸੰਪਰਕ ਕਰਨ ਲਈ ਇਹ ਤੰਦ ਛੋਹ ਕੇ ਜਾਣਕਾਰੀ ਭਰੋ : https://bit.ly/2X4p2kq
Related Topics: Ajmer Singh, Bhai Ajmer Singh, Shaheed Kartar Singh Sarabha, Sikh Author and Political Analyst Bhai Ajmer Singh, Sikh Readers Circle Bengaluru