February 24, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦੀਆਂ ਫੇਰੀਆਂ ਮੌਕੇ ਭਾਰਤੀ ਖਬਰਖਾਨੇ ਅਤੇ ਸਿਆਸੀ ਆਗੂਆਂ ਨੇ ਉਨ੍ਹਾਂ ਵਿਰੁੱਧ ਵੱਖਰੇ ਖਾਲਿਸਤਾਨ ਦੇ ਵਿਚਾਰ ਦੇ ਹਾਮੀਆਂ ਨਾਲ ਨੇੜਤਾ ਦਾ ਹਵਾਲਾ ਦੇ ਕੇ ਬਹੁਤ ਰੌਲਾ ਪਾਇਆ ਸੀ।
ਦਿੱਲੀ ਸਲਤਨਤ ਵੱਲੋਂ ਪੰਜਾਬ ਦੇ ਥਾਪੇ ਗਏ ਸੂਬੇਦਾਰ ਅਮਰਿੰਦਰ ਸਿੰਘ ਨੇ ਹਰਜੀਤ ਸਿੰਘ ਸੱਜਣ ਅਤੇ ਟਰੂਡੋ ਦੋਵਾਂ ਵਿਰੁੱਧ ਹੀ ਬਿਆਨਬਾਜੀ ਕੀਤੀ ਸੀ। ਉਸ ਨੇ ਹਰਜੀਤ ਸਿੰਘ ਸੱਜਣ ਨੂੰ ਤਾਂ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਜਸਟਿਨ ਟਰੂਡੋ ਦੀ ਫੇਰੀ ਮੌਕੇ ਅਮਰਿੰਦਰ ਸਿੰਘ ਨੇ ਭਾਵੇਂ ਉਸ ਨੂੰ ਮਿਲਣ ਤੋਂ ਇਨਕਾਰ ਤਾਂ ਨਹੀਂ ਕੀਤਾ ਪਰ ਲਗਾਤਾਰ ਖਾਲਿਸਤਾਨ ਵਾਲੇ ਮਾਮਲੇ ਉੱਤੇ ਬਿਆਨਬਾਜੀ ਕੀਤੀ ਅਤੇ ਕੈਨੇਡਾ ਰਹਿੰਦੇ ਸਿੱਖਾਂ ਵਿਰੁੱਧ ਟਰੂਡੋ ਕੋਲ ਸ਼ਿਕਾਇਤਾਂ ਲਾਈਆਂ।
ਇਨੀ ਦਿਨੀਂ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤੀ ਉਪਮਹਾਂਦੀਪ ਦੇ ਫੇਰੀ ਉੱਤੇ ਹੈ। ਟਰੰਪ ਦੀ ਫੇਰੀ ਤੋਂ ਪਹਿਲਾਂ ਰੈਫਰੈਂਡਮ 2020 ਮੁਹਿੰਮ ਚਲਾਉਣ ਵਾਲੀ ਸਿੱਖਸ ਫਾਰ ਜਸਟਿਸ ਦੇ ਨੁਮਾਇੰਦਿਆਂ ਦੇ ਵ੍ਹਾਈਟ ਹਾਊਸ ਵਿੱਚੋਂ ਬਾਹਰ ਆਉਂਦਿਆਂ ਦੇ ਦ੍ਰਿਸ਼ ਬਿਜਲ ਸੱਥ ਉੱਤੇ ਫੈਲੇ। ਖਬਰਾਂ ਹਨ ਕਿ ਸਿੱਖਸ ਫਾਰ ਜਸਟਿਸ ਦੇ ਨੁਮਾਇੰਦਿਆਂ ਵੱਲੋਂ ਵ੍ਹਾਈਟ ਹਾਊਸ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ ਗਈ।
ਜਦੋਂ ਉਕਤ ਮੁਲਾਕਾਤ ਸਬੰਧੀ ਤਸਵੀਰਾਂ ਦ੍ਰਿਸ਼ ਅਤੇ ਜਾਣਕਾਰੀ ਸਾਹਮਣੇ ਆਈ ਉਸੇ ਵੇਲੇ ਤੋਂ ਹੀ ਬਿਜਲ ਸੱਥ (ਸੋਸ਼ਲ ਮੀਡੀਆ) ਉੱਤੇ ਸਰਗਰਮ ਸਿੱਖ ਕਾਰਕੁੰਨਾਂ ਵੱਲੋਂ ਇਹ ਸਵਾਲ ਚੁੱਕਿਆ ਜਾ ਰਿਹਾ ਸੀ ਕਿ ਕੀ ਦਿੱਲੀ ਦਰਬਾਰ ਤਹਿਤ ਵਿਚਰਨ ਵਾਲੇ ਸਿਆਸਤਦਾਨ ਅਤੇ ਖਬਰਖਾਨਾ ਇਸ ਮੁਲਾਕਾਤ ਦੇ ਹਵਾਲੇ ਨਾਲ ਉਸੇ ਤਰ੍ਹਾਂ ਦਾ ਭੰਡੀ ਪ੍ਰਚਾਰ ਅਤੇ ਬਿਆਨਬਾਜੀ ਕਰਨਗੇ ਜਿਹੜੀ ਕਿ ਉਨ੍ਹਾਂ ਵੱਲੋਂ ਕੈਨੇਡੀਅਨ ਆਗੂਆਂ ਦੀ ਫੇਰੀ ਮੌਕੇ ਕੀਤੀ ਗਈ ਸੀ। ਇਨ੍ਹਾਂ ਸਵਾਲਾਂ ਪਿੱਛੇ ਭਾਰੂ ਪੱਖ ਇਹ ਸੀ ਕਿ ਦਿੱਲੀ ਸਲਤਨਤ ਵੱਲੋਂ ਟਰੰਪ ਦੀ ਫੇਰੀ ਮੌਕੇ ਇਹ ਮਸਲਾ ਨਹੀਂ ਚੁੱਕਿਆ ਜਾਵੇਗਾ ਕਿਉਂਕਿ ਦਿੱਲੀ ਸਲਤਨਤ ਅਜਿਹੀ ਸਥਿਤੀ ਵਿਚ ਨਹੀਂ ਹੈ ਕਿ ਉਹ ਅਮਰੀਕੀ ਪ੍ਰਸ਼ਾਸਨ ਨੂੰ ਉਸ ਤਰ੍ਹਾਂ ਠਿੱਠ ਕਰਨ ਬਾਰੇ ਸੋਚ ਸਕੇ ਜਿਵੇਂ ਕਿ ਉਨ੍ਹਾਂ ਕੈਨੇਡੀਅਨ ਪ੍ਰਸ਼ਾਸਨ ਨਾਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਦਿੱਲੀ ਸਲਤਨਤ ਦੇ ਖਬਰਖਾਨੇ ਵੱਲੋਂ ਟਰੰਪ ਦੀ ਫੇਰੀ ਬਾਰੇ ਵਿਆਪਕ ਪੱਧਰ ਉੱਤੇ ਖਬਰਾਂ ਨਸ਼ਰ ਕੀਤੀਆਂ ਜਾ ਰਹੀਆਂ ਹਨ ਅਤੇ ਨਿੱਕੀ ਨਿੱਕੀ ਗੱਲ ਨੂੰ ਵਧਾ ਚੜ੍ਹਾ ਕੇ ਖਬਰਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਪਰ ਵੱਖਰੇ ਰਾਜ ਲਈ ਮੁਹਿੰਮ ਚਲਾਉਣ ਦਾ ਦਾਅਵਾ ਕਰਨ ਵਾਲੀ ਜਥੇਬੰਦੀ ਸਿੱਖ ਫਾਰ ਜਸਟਿਸ, ਜੇ ਸੁੱਤੇ ਕਿ ਦਿੱਲੀ ਸਲਤਨਤ ਨੇ ਪਾਬੰਦੀ ਵੀ ਲਗਾਈ ਹੋਈ ਹੈ, ਵੱਲੋਂ ਵ੍ਹਾਈਟ ਹਾਊਸ ਦੇ ਨੁਮਾਇੰਦਿਆਂ ਨਾਲ ਕੀਤੀ ਗਈ ਮੁਲਾਕਾਤ ਬਾਰੇ ਪੂਰਾ ਖਬਰਖਾਨਾ ਮੁਕੰਮਲ ਤੌਰ ਉੱਤੇ ਚੁੱਪ ਹੈ।
ਹੁਣ ਜਦੋਂ ਦਿੱਲੀ ਸਲਤਨਤ ਹੀ ਟਰੰਪ ਦੀ ਫੇਰੀ ਮੌਕੇ ਸਿਰਫ ਅਮਰੀਕੀ ਪ੍ਰਸ਼ਾਸਨ ਦਾ ਗੁਣਗਾਨ ਕਰਨ ਅਤੇ ਅਮਰੀਕੀ ਪ੍ਰਸ਼ਾਸਨ ਲਈ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਗੱਲ ਨਾ ਕਰਨ ਦੇ ਰੌਅ ਵਿੱਚ ਹੈ ਤਾਂ ਅਜਿਹੇ ਸਮੇਂ ਅਮਰਿੰਦਰ ਸਿੰਘ ਵੱਲੋਂ ਉਕਤ ਮਸਲੇ ਬਾਰੇ ਕਿਸੇ ਵੀ ਤਰ੍ਹਾਂ ਦੀ ਬਿਆਨ ਬਾਜੀ ਕਿਵੇਂ ਕੀਤੀ ਜਾ ਸਕਦੀ ਹੈ।
Related Topics: Captian Amrinder Singh, Donald Trump, Government of India, Justin Trudeau, Modi Government, Narendara Modi, Sikhs For Justice (SFJ)