October 28, 2015 | By ਸਿੱਖ ਸਿਆਸਤ ਬਿਊਰੋ
ਲੰਡਨ (27 ਅਕਤੂਬਰ, 2015): ਆਸ਼ੁਤੋਸ਼ ਦੇ ਡੇਰੇ ਦੀ ਭੰਨਤੋੜ ਕਰਨ ਦੇ ਕੇਸ ਵਿੱਚ ਭਾਈ ਨਿਰਮਲ ਸਿੰਘ ਸਮੇਤ ਨਾਮਜ਼ਦ ਸਿੱਖਾਂ ਖਿਲਾਫ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਗਈ ਹੈ, ਜੋ ਕਿ ਲਗਾਤਾਰ ਚਾਰ ਦਸੰਬਰ ਤੱਕ ਚੱਲਣ ਦੀ ਸੰਭਾਵਨਾ ਹੈ।
ਪਿਛਲੇ ਸਾਲ 7 ਦਸੰਬਰ ਨੂੰ ਇੰਗਲੈਂਡ ਦੇ ਸ਼ਹਿਰ ਹੇਜ਼ ਵਿਚ ਬਣੇ ਆਸ਼ੂਤੋਸ ਦੀ ਸੰਸਥਾ ਦਿਵਯਾ ਜਿਯੋਤੀ ਜਾਗਰਣ ਨੂਰਮਹਿਲ ਦੇ ਡੇਰੇ ਦੀ ਭੰਨਤੋੜ ਹੋਈ ਸੀ, ਪੁਲਿਸ ਵਲੋਂ ਉਕਤ ਕੇਸ ਵਿਚ ਸਾਊਥਾਲ ਨਿਵਾਸੀ ਨਿਰਮਲ ਸਿੰਘ ਸਮੇਤ ਬਰਮਿੰਘਮ ਅਤੇ ਲੈਸਟਰ ਸ਼ਹਿਰਾਂ ਨਾਲ ਸਬੰਧਿਤ ਸੱਤ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਸ਼ਹਿਰ ਤਰਨਤਾਰਨ ਵਿਖੇ ਆਸ਼ੂਤੋਸ਼ ਦੇ ਚੇਲਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਸੀ ,ਜਿਸ ਕਾਰਨ ਦੁਨੀਆਂ ਭਰ ਦੇ ਸਿੱਖਾਂ ਵਿੱਚ ਇਸ ਸੰਸਥਾ ਖਿਲਾਫ ਭਾਰੀ ਰੋਸ ਅਤੇ ਗੁੱਸਾ ਸੀ ।
ਘਟਨਾਕ੍ਰਮ ਵਾਲੇ ਦਿਨ ਸਿੰਘਾਂ ਵਲੋਂ ਡੇਰੇ ਦੇ ਬਾਹਰ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਅਚਾਨਕ ਕੁੱਝ ਅਗਿਆਤ ਵਿਅਕਤੀਆਂ ਵਲੋਂ ਡੇਰੇ ਅੰਦਰ ਦਾਖਲ ਹੋ ਕੇ ਭੰਨਤੋੜ ਕਰਦਿਆਂ ਉੱਥੇ ਮੌਜੂਦ ਡੇਰੇ ਦੇ ਚੇਲਿਆਂ ਦੀ ਕੁੱਟਮਾਰ ਕੀਤੀ ਗਈ ਸੀ । ਅੱਜ ਆਦਾਲਤ ਵਿਚ ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਜਨਰਲ ਸਕੱਤਰ ਲਵਸ਼ਿੰਦਰ ਸਿੰਘ ਡੱਲੇਵਾਲ, ਬਲਵਿੰਦਰ ਸਿੰਘ ਢਿੱਲੋਂ ਤੇ ਬਲਦੇਵ ਸਿੰਘ ਆਦਿ ਮੌਜੂਦ ਸਨ।
Related Topics: Dera noormahal ashutosh, Loveshinder Singh Dallewal, Sikhs In UK