December 28, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸਿਖਰ ਦੇ ਆਗੂ ਅਤੇ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਹਾਜ਼ਰੀ ਵਿਚ ਚੋਣ ਦਫਤਰ ਦੇ ਉਦਘਾਟਨ ਮੌਕੇ ਸਿੱਖ ਜਗਤ ਦੀ ਅਰਦਾਸ ਦੀ ਤਰਜ਼ ‘ਤੇ ਹਿੰਦੂ ਧਰਮ ਨਾਲ ਜੋੜ ਕੇ ਕੀਤੀ ਅਰਦਾਸ ਦੀ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਸਖਤ ਨਿਖੇਧੀ ਕੀਤੀ ਹੈ। ਸੰਗਠਨ ਦੀ ਕੋਰ ਕਮੇਟੀ ਨੇ ਕਿਹਾ ਕਿ ਧਰਮ ਤੇ ਧਰਮੀ ਵਿਅਕਤੀ ਦੂਸਰਿਆਂ ਦਾ ਸਤਿਕਾਰ ਕਰਨ ਦੀ ਮਰਯਾਦਾ ਦਾ ਪਾਲਣ ਕਰਦੇ ਹਨ, ਪਰ ਇਸ ਅਰਦਾਸ ਦੇ ਨਾਮ ਹੇਠ ਕੀਤੀ ਮਨਹੂਸ ਕਾਰਵਾਈ ਨੇ ਸਿੱਖ ਜਗਤ ਨੂੰ ਚਿੜ੍ਹਾਉਣ ਵਿਚ ਕੋਈ ਕਸਰ ਨਹੀਂ ਛੱਡੀ ਹੈ।
ਕਿਸੇ ਧਰਮ ਦੀਆਂ ਉੱਚੀਆਂ ਸੁੱਚੀਆਂ ਪ੍ਰੰਪਰਾਵਾਂ ਦੀ ਉਸਾਰੂ ਨਕਲ ਕੀਤੀ ਜਾਵੇ ਤਾਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਪਰ ਕਿਸੇ ਧਰਮ ਮਜ਼ਹਬ ਦੀ ਤੌਹੀਨ ਕਰਨ ਵਾਲਾ ਕਾਰਾ ਕਲੇਸ਼ ਪੈਦਾ ਕਰਦਾ ਹੈ। ਇਸ ਉਦਘਾਟਨ ਮੌਕੇ ਅਕਾਲੀ ਆਗੂਆਂ ਵਲੋਂ ਸਾਰੀ ਕਾਰਵਾਈ ਵਿਚ ਪੂਰੀ ਸ਼ਮੂਲੀਅਤ ਨੇ ਸਿੱਧ ਕਰ ਦਿੱਤਾ ਹੈ ਕਿ ਇਹਨਾਂ ਲੋਕਾਂ ਦਾ ਧਰਮ ਕੇਵਲ ਨੋਟ ਅਤੇ ਵੋਟ ਹੈ। ਅਰਦਾਸ ਦੀ ਤੌਹੀਨ ਕਰਦੀ ਨਕਲ ਨੂੰ ਹਜ਼ਮ ਕਰਨ ਵਾਲੇ ਹਾਜ਼ਮੇ ਦੀ ਦਰੁਸਤੀ ਨੇ ਸੌੜੀ ਅਕਲ ਦੀ ਲੱਗੀ ਸੀੜੀ ਵਿਖਾ ਦਿੱਤੀ ਹੈ। ਇਹਨਾਂ ਨੇ ਅਸਲ ਧਰਮ ਨੂੰ ਦਬਾਈ ਰੱਖਣ ਲਈ ਧਰਮ ਦਾ ਸਿਆਸੀਕਰਣ ਕਰ ਦਿੱਤਾ ਹੈ। ਅੱਜ ਧਰਮ ਅਸਥਾਨਾਂ ਤੋਂ ਲੈ ਕੇ ਅਕਾਸ਼ ਤੱਕ ਹਰ ਸ਼ੈ ਉੱਪਰ ਇਹਨਾਂ ਦਾ ਕਬਜ਼ਾ ਹੋ ਚੁੱਕਾ ਹੈ। ਕਾਜ਼ੀ ਰਿਸ਼ਵਤੀ ਹੋ ਚੁੱਕੇ ਹਨ ਅਤੇ ਵੱਢੀ ਲੈ ਕੇ ਹੱਕ ਗਵਾ ਰਹੇ ਹਨ।
ਪੰਥਕ ਤਾਲਮੇਲ ਸੰਗਠਨ ਅਪੀਲ ਕਰਦਾ ਹੈ ਕਿ ਅਖੌਤੀ ਅਕਾਲੀ ਜਮਾਤ ਵਲੋਂ ਭਾਈਵਾਲ ਬਣ ਕੇ ਅਜਿਹੀਆਂ ਅਨੇਕਾਂ ਹੋਰ ਉਲੀਕੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾਉਣਾ ਹੀ ਹੱਲ ਹੈ। ਐਸੀ ਰਣਨੀਤੀ ਬਾਰੇ ਵਿਚਾਰ ਕਰਨੀ ਸਮੇਂ ਦੀ ਚਿਰੋਕਣੀ ਮੰਗ ਹੈ। ਇਸ ਤੋਂ ਬਿਨਾਂ ਕੀਤੀਆਂ ਅਪੀਲਾਂ ਤੇ ਦਲੀਆਂ ਬੇਅਰਥ ਹਨ ਕਿਉਂਕਿ ਸੁਣਨ ਤੇ ਸਮਝਾਉਣ ਵਾਲਿਆਂ ਦਾ ਸੌਦਾ ਹੋ ਚੁੱਕਾ ਹੋਇਆ ਹੈ।
ਸਬੰਧਤ ਖ਼ਬਰ:
Related Topics: Giani Kewal Singh, Hindu Groups, Panthak Taalmel Sangathan