September 5, 2015 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ( 4 ਸਤੰਬਰ, 2015): ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦਾ ਰੇੜਕਾ ਖਤਮ ਹੋਣ ਦੇ ਅਸਾਰ ਬਣ ਗਏ ਹਨ।ਪਾਰਟੀ ਦੇ ਕਰੀਬੀ ਹਲਕਿਆਂ ਦਾ ਕਹਿਣਾ ਹੈ ਕਿ ਇਸ ਵੇਲੇ ਪੰਜਾਬ ਕਾਂਗਰਸ ਦੀ ਗੁੰਝਲਦਾਰ ਸਥਿਤੀ ਨਾਲ ਨਜਿੱਠਣ ਲਈ ਰਾਜ ਸਭਾ ਦੀ ਮੈਂਬਰ ਅੰਬਿਕਾ ਸੋਨੀ ਨੂੰ ਇਸ ਦੀ ਕਮਾਨ ਸੌਾਪਣ ਦਾ ਫ਼ੈਸਲਾ ਲਿਆ ਗਿਆ ਹੈ ਜਿਸ ਦਾ ਐਲਾਨ ਐਤਵਾਰ ਜਾਂ ਸੋਮਵਾਰ ਤੱਕ ਹੋਣ ਦੀ ਸੰਭਾਵਨਾ ਹੈ ।
ਅੰਬਿਕਾ ਸੋਨੀ ਦਾ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਬਣਨਾ ਤਕਰੀਬਨ ਨਿਸਚਿਤ ਹੋ ਗਿਆ ਹੈ । ਭਾਵੇਂ ਅੰਬਿਕਾ ਸੋਨੀ ਦੀ ਚੋਣ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਦੇ ਨੌਜਵਾਨ ਨੇਤਾਵਾਂ ਨੂੰ ਅੱਗੇ ਲਿਆਉਣ ਦੇ ਸਿਧਾਂਤ ‘ਤੇ ਪੂਰੀ ਨਹੀਂ ਉੱਤਰਦੀ ਪਰ ਦੋ ਧੜਿਆਂ ‘ਚ ਵੰਡੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਮੌਜੂਦਾ ਵਿਕਲਪਾਂ ‘ਚੋਂ ਬਿਹਤਰ ਵਿਕਲਪ ਦੇ ਤੌਰ ‘ਤੇ ਉਹ ਹੀ ਉੱਭਰ ਕੇ ਸਾਹਮਣੇ ਆਈ ਹੈ ।
ਇਸ ਸਬੰਧ ‘ਚ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਸ਼ਕੀਲ ਅਹਿਮਦ ਨੇ ਅੱਜ ਵੱਖ-ਵੱਖ ਨੇਤਾਵਾਂ ਨਾਲ ਮੁਲਾਕਾਤ ਵੀ ਕੀਤੀ । ਹਲਕਿਆਂ ਮੁਤਾਬਿਕ 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਵੇਖਦਿਆਂ ਇਸ ਵੇਲੇ ਪੰਜਾਬ ਕਾਂਗਰਸ ‘ਚ ਤਬਦੀਲੀ, ਬੜੀ ਇਹਤਿਆਤ ਅਤੇ ‘ਸੱਭ ਦੀ ਰਜ਼ਾਮੰਦੀ’ ਨਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਪੰਜਾਬ ਕਾਂਗਰਸ ਵਿਧਾਇਕ ਦਲ ਦੇ ਨੇਤਾ ਸੁਨੀਲ ਜਾਖੜ ਅਤੇ ਸਾਬਕਾ ਸੂਚਨਾ ਅਤੇ ਪ੍ਰਸਾਰਨ ਮੰਤਰੀ ਮੁਨੀਸ਼ ਤਿਵਾੜੀ ਜਿਨ੍ਹਾਂ ਦੇ ਨਾਂਅ ਵੀ ਦਾਅਵੇਦਾਰਾਂ ਵਜੋਂ ਪੇਸ਼ ਕੀਤੇ ਜਾ ਰਹੇ ਸਨ, ਦੇ ਨਾਂਅ ‘ਤੇ ਬਾਜਵਾ ਧੜੇ ਵੱਲੋਂ ਸਹਿਮਤੀ ਨਹੀਂ ਪ੍ਰਗਟਾਈ ਗਈ । ਦੋਹਾਂ ਧੜਿਆਂ ਤੋਂ ਦੂਰੀ ਬਣਾ ਕੇ ਰੱਖਣ ਵਾਲੇ ਨੌਜਵਾਨ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤਜਰਬੇ ਦੇ ਮਾਪਦੰਡਾਂ ‘ਤੇ ਪੂਰੇ ਨਹੀਂ ਉੱਤਰ ਸਕੇ ।
Related Topics: Congress Government in Punjab 2017-2022, Indian Politics, Punjab Poltics