January 14, 2020 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ, (13 ਜਨਵਰੀ 2020)- ਸਰਬ ਸਾਂਝੀਵਾਲਤਾ ਦੇ ਧੁਰੇ ਸ਼੍ਰੀ ਦਰਬਾਰ ਸਾਹਿਬ ‘ਚ ਹੋ ਰਹੇ ਗੁਰਬਾਣੀ ਕੀਰਤਨ ਉੱਪਰ ਕਿਸੇ ਵਿਅਕਤੀ ਵਿਸ਼ੇਸ ਜਾਂ ਕਿਸੇ ਕੰਪਨੀ ਵੱਲੋਂ ਆਪਣਾ ਕਬਜ਼ਾ ਦਰਸਾਉਣਾ ਪਵਿੱਤਰ ਗੁਰਬਾਣੀ ਦੀ ਬੇਅਦਬੀ ਕਰਨ ਦੇ ਬਰਾਬਰ ਦਾ ਅਪਰਾਧ ਹੈ।
ਆਪ’ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੁੱਖ ਪ੍ਰਗਟਾਉਦਿਆਂ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਕੌਮ ਤੇ ਅਮਰਵੇਲ ਬਣਕੇ ਛਾਏ ਹੋਏ ਬਾਦਲ ਪਰਿਵਾਰ ਨੇ ਸਿੱਖ ਇਤਿਹਾਸ, ਸਿੱਖ ਪਰੰਪਰਾਂਵਾਂ, ਅਕਾਲ ਤਖਤ ਸਾਹਿਬ, ਐਸਜੀਪੀਸੀ ਸਮੇਤ ਸਭ ਮਹਾਨ ਸੰਸਥਵਾਂ ਦੇ ਮਾਣ ਸਤਿਕਾਰ ਨੂੰ ਡੂੰਘੀਂ ਢਾਅ ਲਾਈ ਹੈ।
ਸੰਧਵਾਂ ਨੇ ਕਿਹਾ ਕਿ ਬਾਦਲ ਪਰਿਵਾਰ ਦੀ ਮਲਕੀਅਤ ਵਾਲੇ ਪੀਟੀਸੀ ਚੈਨਲ ਵੱਲੋਂ ਦਰਬਾਰ ਸਾਹਿਬ ਤੋਂ ਪ੍ਰਸਾਰਿਤ ਗੁਰਬਾਣੀ ਕੀਰਤਨ ਨੂੰ ਆਪਣੀ ਮੁੱਲ ਦੀ ਲਈ ਹੋਈ ਵਸਤੂ ਦਰਸਾਉਣ ਦੇ ਕਾਰਜ ਨੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਇਸ ਕਰਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੁਰੰਤ ਐਕਸ਼ਨ ਲੈ ਕੇ ਐਸਜੀਪੀਸੀ ਨੂੰ ਹੁਕਮ ਦੇਣ ਕਿ ਉਹ ਪਵਿੱਤਰ ਗੁਰਬਾਣੀ ‘ਤੇ ਕਿਸੇ ਕੰਪਨੀ ਵਿਸ਼ੇਸ ਦਾ ਏਕਾਧਿਕਾਰ ਖਤਮ ਕਰਵਾਉਣ ਅਤੇ ਗੁਰਬਾਣੀ ਸ਼ਬਦ ਨੂੰ ਦੁਨੀਆ ਦੇ ਕੋਨੇ ਕੋਨੇ ‘ਚ ਪਹੁੰਚਾਉਣ ਦੇ ਕਾਰਜ ਤੇ ਲਗਾਈ ਪਾਬੰਦੀ ਖਤਮ ਕਰਵਾਉਣ।
ਵਿਧਾਇਕ ਸੰਧਵਾਂ ਨੇ ਕਿਹਾ ਕਿ ਇਹ ਮਾਮਲਾ ਗੁਰਬਾਣੀ ਦੀ ਬੇਅਦਬੀ ਹੈ ਕਿ ਆਮ ਸਿੱਖਾਂ ਪਾਸੋਂ ਇਲਾਹੀ ਬਾਣੀ ਸਰਵਣ ਕਰਨ ਦਾ ਹੱਕ ਵੀ ਖੋਹ ਲਿਆ ਗਿਆ ਹੈ, ਸ਼੍ਰੋਮਣੀ ਕਮੇਟੀ ਵਲੋਂ ਅਜਿਹੇ ਸਮਝੌਤੇ ਕਰਨ ਵਾਲੇ ਅਤੇ ਕਰਵਾਉਣ ਵਾਲੇ ਸਿਆਸੀ ਅਕਾਵਾਂ, ਕਮੇਟੀ ਪ੍ਰਧਾਨਾਂ, ਅਹੁਦੇਦਾਰਾਂ ਤੇ ਮੈਂਬਰਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਏ ਅਤੇ ਨਾਲ ਹੀ ਐਸਜੀਪੀਸੀ ਦਾ ਪ੍ਰਬੰਧ ਬਾਦਲ ਜੁੰਡਲੀ ਤੋਂ ਮੁਕਤ ਕਰਵਾਕੇ ਯੋਗ ਹੱਥਾਂ ‘ਚ ਸੌਂਪਣ ਲਈ ਲਾਮਬੰਦ ਹੋਇਆ ਜਾਵੇ।
ਜਿਕਰਯੋਗ ਹੈ ਕਿ ਸਿੱਖਾਂ ਦੇ ਪਾਵਨ ਅਸਥਾਨ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਤੋਂ ਪ੍ਰਸਾਰਿਤ ਹੁੰਦੇ ਸ਼ਬਦ ਕੀਰਤਨ ਅਤੇ ਹੁਕਮਨਾਮੇ ਨੂੰ ਵਪਾਰੀ ਬਿਰਤੀ ਵਾਲੇ ਲੋਕਾਂ ਨੇ ਆਪਣੇ ਨਾਮ ਕਰਵਾਉਣ ਦੀ ਕੋਝੀ ਕਾਰਵਾਈ ਕੀਤੀ ਗਈ ਹੈ। ਦੋ ਦਹਾਕਿਆਂ ਤੋਂ ਸਿੱਖ ਕੌਮ ਨੂੰ ਲਗਾਤਾਰ ਧੋਖਾ ਦਿੰਦੇ ਆ ਰਹੇ ਵਪਾਰੀ ਕਿਸਮ ਦੇ ਲੋਕਾਂ ਨੇ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਹੁਕਮਨਾਮੇ ਤੇ ਆਪਣੇ ਕਥਿਤ ਕਾਪੀਰਾਈਟ ਦਾ ਦਾਅਵਾ ਕਰ ਦਿੱਤਾ ਹੈ ਅਤੇ ਜਿਹੜੀਆਂ ਸਿੱਖ ਸੰਸਥਾਵਾਂ ਉਸ ਪਾਵਨ ਹੁਕਮਨਾਮੇ ਨੂੰ ਕਿਸੇ ਹੋਰ ਮਾਧਿਅਮ ਰਾਹੀਂ ਸਰਵਣ ਕਰਦੀਆਂ ਉਨ੍ਹਾਂ ਸਾਰੇ ਇੰਟਰਨੈਟ ਅਦਾਰਿਆਂ ਨੂੰ ਮਾਨਹਾਨੀ ਦੇ ਨੋਟਿਸ ਭੇਜ ਦਿੱਤੇ ਗਏ ਹਨ।
Related Topics: Aam Aadmi Party, Badal Dal, Gobind Singh Longowal, Kultar Singh Sandhwan, PTC, PTC Punjabi Channel, SGPC, sukhbir singh badal