March 4, 2015 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ (3 ਮਾਰਚ, 2015): ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਸਫਲਤਾ ਤੋਂ ਬਾਅਦ ਪੰਜਾਬ ਦੇ ਕੁਝ ਸਿਆਸੀ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਰੁਚੀ ਪ੍ਰਗਟਾਈ ਜਾ ਰਹੀ ਹੈ, ਜਿਨਾਂ ਵਿੱਚ ਸਾਬਕਾ ਕਾਂਗਰਸ ਐੱਮਪੀ ਜਗਮੀਤ ਸਿੰਘ ਬਰਾੜ, ਮਨਪ੍ਰੀਤ ਬਾਦਲ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਅਤੇ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ ਸ਼ਾਮਲ ਹਨ।
ਇਨ੍ਹਾਂ ਰਾਜਸੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤੇ ਜਾਣ ਬਾਰੇ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਕਨਵੀਨਰ ਸ. ਸੁੱਚਾ ਸਿੰਘ ਛੋਟੇਪੁਰ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਹੈ ਕਿ ਕਾਂਗਰਸ ‘ਚੋਂ ਅਸਤੀਫਾ ਦੇ ਚੁੱਕੇ ਸ. ਜਗਮੀਤ ਸਿੰਘ ਬਰਾੜ, ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ.ਪੀ.ਪੀ.) ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਅਤੇ ਰਾਜ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਸ. ਬੀਰਦਵਿੰਦਰ ਸਿੰਘ ਜਿਹੇ ਨੇਤਾਵਾਂ ਦੀ ‘ਆਪ’ ਵਿਚ ਕੋਈ ਥਾਂ ਨਹੀਂ, ਕਿਉਂਕਿ ਅਤੀਤ ਵਿਚ ਇਨ੍ਹਾਂ ਸ਼ਖ਼ਸੀਅਤਾਂ ਦੇ ਵਿਰੁੱਧ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲੱਗਦੇ ਰਹੇ ਹਨ।
ਸਾਡੀ ਪਾਰਟੀ ਵਿਚ ਤਾਂ ਇਮਾਨਦਾਰ ਲੋਕਾਂ ਦੀ ਲੋੜ ਹੈ ਤੇ ਸੰਭਵ ਹੈ ਕਿ ਭਵਿੱਖ ਵਿਚ ਇਮਾਨਦਾਰ ਛਵੀ ਵਾਲੇ ਪੰਚ ਤੇ ਸਰਪੰਚ ‘ਆਪ’ ਵਿਚ ਸ਼ਾਮਿਲ ਹੋ ਜਾਣ।ਪ੍ਰੈਸ ਨਾਲ ਗੱਲਬਾਤ ਕਰਦਿਆਂ ਸ. ਛੋਟੇਪੁਰ ਨੇ ਪ੍ਰਗਟਾਵਾ ਕੀਤਾ ਕਿ ਸਾਬਕਾ ਕਾਂਗਰਸੀ ਵਿਧਾਇਕ ਸ. ਸੁਖਪਾਲ ਸਿੰਘ ਖਹਿਰਾ ਜੋ ਕਾਂਗਰਸ ਨੂੰ ਸਿਆਸੀ ਤੌਰ ‘ਤੇ ਫਤਿਹ ਬੁਲਾਉਣ ਦਾ ਮਨ ਬਣਾ ਚੁੱਕੇ ਹਨ, ਵੱਲੋਂ ਇੱਕ ਹਫ਼ਤੇ ਤੱਕ ‘ਆਪ’ ਵਿਚ ਸ਼ਾਮਿਲ ਹੋ ਜਾਣ ਦੀ ਸੰਭਾਵਨਾ ਹੈ।
ਇਹ ਫੈਸਲਾ ਸ. ਖਹਿਰਾ ਨੇ ਆਪ ਕਰਨਾ ਹੈ ਕਿ ਉਹ ‘ਆਪ’ ਵਿਚ ਸ਼ਾਮਲ ਹੋਣ ਦਾ ਐਲਾਨ ਆਪਣੇ ਪਿੰਡ ਰਾਮਗੜ੍ਹ ਜਾਂ ਚੰਡੀਗੜ੍ਹ ਵਿਚ ਸਮਾਗਮ ਕਰਕੇ ਕਰ ਸਕਦੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸ. ਖਹਿਰਾ ਬਾਰੇ ਫੈਸਲਾ ਸਾਡੀ ਪਾਰਟੀ ਦੇ ਪਾਰਲੀਮੈਂਟ ਮੈਂਬਰਾਂ ਤੇ ‘ਆਪ’ ਹਾਈ ਕਮਾਂਡ ਦੇ ਨਾਲ ਸਲਾਹਮਸ਼ਵਰਾ ਕਰਕੇ ਹੀ ਕੀਤਾ ਜਾ ਰਿਹਾ ਹੈ।
Related Topics: Aam Aadmi Party, Punjab Poltics