December 29, 2016 | By ਸਿੱਖ ਸਿਆਸਤ ਬਿਊਰੋ
ਨਿਊਯਾਰਕ: ਅਮਰੀਕਾ ਵਿੱਚ ਇਕ ਸਿੱਖ ਡਾਕਟਰ ਨੇ ਇਕ ਅਮਰੀਕੀ ਮੈਡੀਕਲ ਸੰਸਥਾ ਖ਼ਿਲਾਫ਼ ਸਿੱਖੀ ਸਰੂਪ ਕਾਰਨ ਤੰਤੂ ਵਿਗਿਆਨ ਸਬੰਧੀ ਨੌਕਰੀ ਨਾ ਦੇਣ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕਰਾਇਆ ਹੈ। ਕੈਨਟਕੀ ਦਾ ਜਸਵਿੰਦਰ ਪਾਲ ਸਿੰਘ ਇਕ ਲਾਇਸੈਂਸਸ਼ੁਦਾ ਅਤੇ ਬੋਰਡ ਵੱਲੋਂ ਪ੍ਰਮਾਣਿਤ ਡਾਕਟਰ ਹੈ, ਜੋ ਤੰਤੂ ਵਿਗਿਆਨ ਦੇ ਖੇਤਰ ਵਿੱਚ ਕੰਮ ਕਰ ਰਿਹਾ ਹੈ।
ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਜਥੇਬੰਦੀ ‘ਦਿ ਸਿੱਖ ਕੁਲੀਸ਼ਨ’ ਨੇ ਜਸਵਿੰਦਰ ਪਾਲ ਵੱਲੋਂ ਅਮਰੀਕਾ ਦੀ ਡਿਸਟ੍ਰਿਕਟ ਕੋਰਟ ਫਾਰ ਮਿਡਲ ਡਿਸਟ੍ਰਿਕਟ ਆਫ ਟੈਨੇਸੀ ਵਿੱਚ ਮੁਕੱਦਮਾ ਦਰਜ ਕਰਾਇਆ। ਉਨ੍ਹਾਂ ਦੋਸ਼ ਲਾਇਆ ਹੈ ਕਿ ਸਿੱਖ ਧਰਮ ਦੀ ਮਰਿਆਦਾ ਅਨੁਸਾਰ ਦਸਤਾਰ ਸਜਾਉਣ ਤੇ ਦਾੜ੍ਹੀ ਰੱਖਣ ਵਾਲੇ ਸਿੱਖ ਡਾਕਟਰ ਨੂੰ ਉਸ ਦੇ ਸਰੂਪ ਬਾਰੇ ਪੁੱਛ ਪੜਤਾਲ ਕਰਨ ਬਾਅਦ ਰੁਜ਼ਗਾਰਦਾਤਿਆਂ ਅਤੇ ਭਰਤੀ ਕਰਨ ਵਾਲਿਆਂ ਨੇ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਰੁਜ਼ਗਾਰਦਾਤਾ ਪ੍ਰੀਮੀਅਰ ਮੈਡੀਕਲ ਗਰੁੱਪ ਅਤੇ ਉਸ ਦੇ ਭਰਤੀ ਕਰਨ ਵਾਲੇ ਆਰਥਰ ਮਾਰਸ਼ਲ ਇੰਕ. ਨੇ ਸਾਲ 2014 ਦੀ ਭਰਤੀ ਪ੍ਰਕਿਰਿਆ ਤਹਿਤ ਜਸਵਿੰਦਰ ਪਾਲ ਦੀ ਸਿੱਖੀ ਸਰੂਪ ਵਿੱਚ ਰੁਚੀ ’ਤੇ ਚਿੰਤਾ ਜ਼ਾਹਿਰ ਕੀਤੀ ਸੀ। ਹਾਲਾਂਕਿ ਭਰਤੀ ਕਰਨ ਵਾਲੇ ਨੇ ਜਸਵਿੰਦਰ ਪਾਲ ਦੀ ਫੋਨ ’ਤੇ ਲਈ ਇੰਟਰਵਿਊ ਦੌਰਾਨ ਉਸ ਦੇ ਪ੍ਰਮਾਣ ਪੱਤਰਾਂ ਦੀ ਪ੍ਰਸ਼ੰਸਾ ਕੀਤੀ ਸੀ ਪਰ ਜਦੋਂ ਉਸ ਨੇ ਸਿੱਖਾਂ ਅਤੇ ਸਿੱਖ ਧਰਮ ਬਾਰੇ ਹੋਰ ਸੂਚਨਾ ਨਾਲ ਆਪਣੀ ਤਸਵੀਰ ਜਮ੍ਹਾਂ ਕਰਾਈ ਤਾਂ ਬਾਅਦ ਵਿੱਚ ਉਸ ਦਾ ਇੰਟਰਵਿਊ ਲੈਣ ਤੋਂ ਇਨਕਾਰ ਕਰ ਦਿੱਤਾ।
ਬਾਅਦ ‘ਚ ਇਸ ਆਸਾਮੀ ਨੂੰ ਖਾਲ੍ਹੀ ਛੱਡ ਦਿੱਤਾ ਗਿਆ। ਦ ਸਿੱਖ ਕੁਲੀਸ਼ਨ ਵੱਲੋਂ ਜਾਰੀ ਕੀਤੇ ਗਏ ਬਿਆਨ ’ਚ ਜਸਵਿੰਦਰ ਪਾਲ ਨੇ ਕਿਹਾ, ‘ਮੈਨੂੰ ਇਹ ਬਿਲਕੁਲ ਸਪੱਸ਼ਟ ਹੋ ਗਿਆ ਕਿ ਮੈਨੂੰ ਮੇਰੇ ਸਰੂਪ ਤੇ ਧਰਮ ਕਾਰਨ ਨੌਕਰੀ ਨਹੀਂ ਦਿੱਤੀ ਗਈ। ਕਿਸੇ ਵੀ ਸਿੱਖ ਨੂੰ ਉਸ ਦੇ ਧਰਮ ਤੇ ਸਰੂਪ ਕਾਰਨ ਕਿਸੇ ਵੀ ਨੌਕਰੀ ਜਾਂ ਰੁਜ਼ਗਾਰ ਤੋਂ ਵਾਂਝੇ ਨਹੀਂ ਰੱਖਿਆ ਜਾਣਾ ਚਾਹੀਦਾ। ਮੈਂ ਜਾਣਦਾ ਹਾਂ ਕਿ ਆਪਣੀ ਗੱਲ ਕਹਿ ਕੇ ਅਤੇ ਕਾਰਵਾਈ ਕਰ ਕੇ ਅਸੀਂ ਨੌਕਰੀਦਾਤਿਆਂ ਨੂੰ ਸਿੱਧੇ ਤੌਰ ’ਤੇ ਜਵਾਬਦੇਹ ਬਣਾਵਾਂਗੇ।’
Related Topics: Racial Discrimination, Racism, Sikhs in America, Sikhs in Untied States