ਸਿੱਖ ਖਬਰਾਂ

ਪੀਲੀਭੀਤ ਵਿਚ ਸਿੱਖਾਂ ਉੱਤੇ ਹੋਏ ਵਹਿਸ਼ੀ ਜੁਲਮਾਂ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ

May 9, 2016 | By

ਚੰਡੀਗੜ੍ਹ: ਪੀਲੀਭੀਤ ਝੂਠੇ ਪੁਲਿਸ ਮੁਕਾਬਲੇ ਵਿਚ ਸੀ. ਬੀ. ਆਈ ਅਦਾਲਤ ਵੱਲੋਂ 4 ਅਪ੍ਰੈਲ ਨੂੰ ਆਏ ਫੈਸਲੇ ਨੇ 1990ਵਿਆਂ ਦੌਰਾਨ ਭਾਰਤੀ ਉਪਮਹਾਂਦੀਪ ਦੇ ਇਸ ਖਿੱਤੇ ਵਿਚ ਸਰਕਾਰੀ ਫੋਰਸਾਂ ਵੱਲੋਂ ਸਿੱਖ ਉੱਤੇ ਕੀਤੇ ਗਏ ਅੰਤਾਂ ਦੇ ਤਸ਼ੱਦਦ ਨੂੰ ਵੱਲ ਇਕ ਵਾਰ ਮੁੜ ਧਿਆਨ ਦੁਆਇਆ ਹੈ। ਪੀਲੀਭੀਤ ਨਾਲ ਹੀ ਜੁੜਿਆ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਪੀਲੀਭੀਤ ਜਿਲ੍ਹਾ ਜੇਲ੍ਹ ਵਿਚ ਸਿੱਖ ਨਜ਼ਰਬੰਦਾਂ ਉੱਤੇ ਜੇਲ੍ਹ ਦੇ ਅਮਲੇ ਨੇ ਘੋਰ ਤਸ਼ੱਦਦ ਢਾਹਿਆ ਸੀ।

1994 ਵਿਚ ਨਵੰਬਰ 8 ਤੇ 9 ਦਰਮਿਆਨੀ ਰਾਤ ਨੂੰ ਪੀਲੀਭੀਤ ਜੇਲ੍ਹ ਵਿਚ ਨਜ਼ਰਬੰਦ 28 ਸਿੱਖਾਂ ਨੂੰ ਜੇਲ੍ਹ ਅਮਲੇ ਨੇ ਜੇਲ੍ਹ ਦੇ ਸੁਪਰੀਡੈਂਟ ਵਿਿਧਆਚਲ ਸਿੰਘ ਯਾਦਵ ਦੀ ਅਗਵਾਈ ਵਿਚ ਅੰਨ੍ਹਾਂ ਤਸ਼ੱਦਦ ਕੀਤਾ। ਇਹ ਕਾਰਾ ਇੰਨਾ ਜੁਲਮੀ ਸੀ ਕਿ ਅਗਲੇ 12 ਘੰਟਿਆਂ ਵਿਚ 6 ਸਿੱਖਾਂ ਦੀਆਂ ਲਾਸ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਇਕ ਹੋਰ ਗੰਭੀਰ ਜਖਮੀ ਸਿੱਖ ਬਚਿੱਤਰ ਸਿੰਘ ਨੂੰ ਲਖਨਊ ਦੇ ਕਿੰਗ ਜੌਰਜ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਇਲਾਜ ਲਈ ਭੇਜਿਆ ਗਿਆ ਜੋ ਜਖਮਾਂ ਦੀ ਤਾਬ ਨਾ ਝੱਲਦਿਆਂ 12 ਦਿਨਾਂ ਬਾਅਦ ਪੂਰਾ ਹੋ ਗਿਆ। ਬਾਕੀ ਦੇ 21 ਸਿੱਖ ਵੀ ਗੰਭੀਰ ਰੂਪ ਵਿਚ ਜਖਮੀ ਹੋਏ ਸਨ ਅਤੇ ਉਨ੍ਹਾਂ ਨੂੰ ਇਲਾਜ ਤੋਂ ਬਾਅਦ ਮੁੜ ਜੇਲ੍ਹ ਭੇਜ ਦਿੱਤਾ ਗਿਆ।

ਇਕ ਪੀੜਤ ਪਰਵਾਰ ਦੇ ਜੀਅ - ਤਸਵੀਰ: The Tribune

ਇਕ ਪੀੜਤ ਪਰਵਾਰ ਦੇ ਜੀਅ – ਤਸਵੀਰ: The Tribune

ਇਸ ਮਾਮਲੇ ਵਿਚ ਸਮਾਜਵਾਦੀ ਪਾਰਟੀ ਦੇ ਤਤਕਾਲੀ ਜਿਲਾ ਪ੍ਰਧਾਨ ਗਿਆਨੀ ਤ੍ਰਲੋਕ ਸਿੰਘ ਵੱਲੋਂ ਮਾਮਲਾ ਦਰਜ਼ ਕਰਵਾਇਆ ਗਿਆ ਸੀ। ਉਸ ਸਮੇਂ ਉੱਤਰ-ਪ੍ਰਦੇਸ਼ ਵਿਚ ਸਮਾਜਵਾਦੀ ਪਾਰਟੀ ਦੀ ਸਰਕਾਰ ਸੀ। ਤਤਕਾਲੀ ਜੇਲ੍ਹ ਮੁਖੀ ਵਿਿਧਆਚਲ ਸਿੰਘ ਯਾਦਵ ਸਮੇਤ 42 ਜੇਲ੍ਹ ਕਰਮੀਆਂ ਵਿਰੁਧ ਦਰਜ਼ ਹੋਏ ਮਾਮਲੇ ਨੂੰ ਮੁਲਾਯਮ ਯਾਦਵ ਦੀ ਅਗਵਾਈ ਵਾਲੀ ਸਮਾਜਵਾਦੀ ਪਾਰਟੀ ਦੀ ਹੀ ਸਰਕਾਰ ਨੇ ਸਾਲ 2007 ਵਿਚ ਵਾਪਸ ਲੈ ਲਿਆ ਸੀ। ਇਸ ਜੁਲਮੀ ਕਾਰੇ ਦੇ ਕਿਸੇ ਵੀ ਦੋਸ਼ੀ ਨੂੰ ਸਜਾ ਨਹੀਂ ਹੋਈ।

ਇਸ ਮਾਮਲੇ ਬਾਰੇ ਅੰਗਰੇਜ਼ੀ ਅਖਬਾਰ ‘ਦ ਟ੍ਰਿਿਬਊਨ’ ਨੇ ਮਈ 9, 2016 ਦੇ ਅੰਕ ਵਿਚ ਵਿਸਤਾਰ ਸਹਿਤ ਲਿਿਖਆ ਹੈ। ‘ਦ ਟ੍ਰਿਿਬਊਨ’ ਵੱਲੋਂ ਦਿੱਤੇ ਵੇਰਵਿਆਂ ਵਿਚੋਂ ਇਸ ਕੇਸ ਨਾਲ ਜੁੜੀ ਸਮਾਂ-ਸਾਰਣੀ ਪਾਠਕਾਂ ਦੇ ਧਿਆਨ ਹਿਤ ਪੰਜਾਬੀ ਵਿਚ ਹੇਠਾਂ ਛਾਪੀ ਜਾ ਰਹੀ ਹੈ:-

ਨਵੰਬਰ 8-9, 1994: ਪੀਲੀਭੀਤ ਜਿਲ੍ਹਾ ਜੇਲ੍ਹ ਦੀ ਬੈਰਕ ਨੰਬਰ 7 ਵਿੱਚ ਨਜ਼ਰਬੰਦ 28 ਸਿੱਖਾਂ ਉੱੇਤੇ ਜੇਲ੍ਹ ਸਟਾਫ ਨੇ ਜੇਲ੍ਹ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਲਗਾ ਕੇ ਅਣਮਨੁੱਖੀ ਤਸ਼ੱਦਦ ਕੀਤਾ। ਇਹ ਸਿੱਖ ਖਾੜਕੂਆਂ ਨੂੰ ਪਨਾਹ ਦੇਣ ਦੇ ਦੋਸ਼ ਲਗਾ ਕੇ ਟਾਡਾ ਕਾਨੂੰਨ ਤਹਿਤ ਨਜ਼ਰਬੰਦ ਕੀਤੇ ਗਏ ਸਨ।

ਨਵੰਬਰ 9, ਸਵੇਰੇ 8.30 ਵਜੇ: ਸੁਖਦੇਵ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ।

ਨਵੰਬਰ 9, ਸਵੇਰੇ 9.30 ਵਜੇ: ਲਾਭ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ।

ਨਵੰਬਰ 9, ਸਵੇਰੇ 9.45 ਵਜੇ: ਤਰਸੇਮ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ।

ਨਵੰਬਰ 9, ਦੁਪਹਿਰ 12.00 ਵਜੇ: ਸਰਵਜੀਤ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ।

ਨਵੰਬਰ 9, ਸ਼ਾਮ 5.10 ਵਜੇ: ਕਾਰਜ ਸਿੰਘ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।

ਨਵੰਬਰ 9, ਰਾਤ 7.10 ਵਜੇ: ਅਜੀਤ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ।

ਵਚਿੱਤਰ ਸਿੰਘ ਨੂੰ ਲਖਨਊ ਹਸਪਤਾਲ ਤਬਦੀਲ ਕੀਤਾ ਗਿਆ। ਗੰਭੀਰ ਜਖਮੀ ਹਾਲਤ ਵਿੱਚ 21 ਸਿੱਖ ਕੈਦੀਆਂ ਨੂੰ ਜ਼ਿਲ੍ਹਾ ਹਸਪਤਾਲ ਦਾਖਲ ਕਰਵਾਇਆ ਗਿਆ।

ਨਵੰਬਰ 9, ਸ਼ਾਮ 7 ਵਜੇ: ਸਮਾਜਵਾਦੀ ਪਾਰਟੀ ਦੇ ਸਥਾਨਕ ਆਗੂ ਤ੍ਰਿਲੋਕ ਸਿੰਘ ਨੇ ਕਤਲ ਕੇਸ ਦਰਜ ਕਰਵਾਇਆ।

ਨਵੰਬਰ 21: ਵਚਿੱਤਰ ਸਿੰਘ ਦੀ ਮੌਤ ਹੋ ਗਈ।

ਜ਼ਿਲ੍ਹਾ ਮੂਜੀਸਟਰੇਟ ਨੇ ਮਾਮਲੇ ਦੀ ਜਾਂਚ ਦੇ ਹੁਕ ਦਿੱਤੇ।

ਜਨਵਰੀ 16, 1995: ਗ੍ਰਹਿ ਮੰਤਰਾਲੇ ਨੇ ਜੇਲ੍ਹ ਮੁਖੀ ਵਿਿਧਆਂਚਲ ਸਿੰਘ ਯਾਦਵ ਉੱਤੇ ਮੁਕੱਦਮਾ ਚਲਾਉਣ ਦੇ ਹੁਕਮ ਜਾਰੀ ਕੀਤੇ

ਜਨਵਰੀ 24, 1995: ਜੇਲ੍ਹ ਮੁਖੀ ਅਤੇ 41 ਹੋਰ ਜੇਲ੍ਹ ਮੁਲਾਜ਼ਮਾਂ ਖਿਲਾਫ ਚਲਾਣ ਦਾਖਲ ਕੀਤਾ ਗਿਆ।

ਕਾਂਸਟੇਬਲ ਅਨੋਖ ਸਿੰਘ ਨੂੰ ਗਿਫਤਾਰ ਕਰਕੇ ਜਮਾਨਤ ਉੱਤੇ ਛੱਡ ਦਿੱਤਾ ਗਿਆ।

ਬਾਕੀ 42 ਮੁਲਾਜ਼ਮਾਂ ਨੇ ਅਲਾਹਾਬਾਦ ਹਾਈ ਕੋਰਟ ਵਿੱਚ ਅਪੀਲ ਦਾਇਰ ਕਰਕੇ ਸਟੇਅ ਹਾਸਿਲ ਕਰ ਲਈ।

ਜਨਵਰੀ 15, 2007: ਯੂ.ਪੀ ਦੀ ਤਤਕਾਲੀਨ ਮੁਲਾਯਮ ਸਿੰਘ ਸਰਕਾਰ ਨੇ ਕੇਸ ਵਾਪਿਸ ਲੈਣ ਦੀ ਮੰਨਜ਼ੂਰੀ ਦੇ ਦਿੱਤੀ।

ਮਾਰਚ 30, 2007: ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿਚੋਂ ਕੇਸ ਵਾਪਿਸ ਲੈ ਲਿਆ ਗਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,