July 14, 2017 | By ਸਿੱਖ ਸਿਆਸਤ ਬਿਊਰੋ
ਸਿੱਖ ਰਾਜ ਸਬੰਧੀ ਅੰਗਰੇਜ਼ਾਂ ਵਲੋਂ ਚੱਲੀਆਂ ਕੂਟ ਚਾਲਾਂ ਦਾ ਪਰਦਾਫਾਸ਼
ਕਰੇਗੀ ਮਹਾਰਾਜਾ ਦਲੀਪ ਸਿੰਘ ‘ਤੇ ਆਧਾਰਤ ਹਾਲੀਵੁੱਡ ਦੀ ਫ਼ਿਲਮ
ਚੰਡੀਗੜ੍ਹ: ਸਿੱਖ ਰਾਜ ਦੇ ਬਾਨੀ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਅਤੇ ਪੰਜਬ ਦੇ ਆਖ਼ਰੀ ਰਾਜੇ ਮਹਾਰਾਜਾ ਦਲੀਪ ਸਿੰਘ ਦੇ ਜੀਵਨ ‘ਤੇ ਆਧਾਰਤ ਹਾਲੀਵੁੱਡ ਫ਼ਿਲਮ ‘ਚ ਮੁੱਖ ਕਿਰਦਾਰ (ਦਲੀਪ ਸਿੰਘ) ਦੀ ਭੂਮਕਾ ਨਿਭਾਉਣ ਵਾਲੇ ਉੱਘੇ ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ‘ਦ ਬਲੈਕ ਪ੍ਰਿੰਸ’ ਦੁਨੀਆ ਭਰ ਦੇ ਲੋਕਾਂ ਨੂੰ ਨਾ ਕੇਵਲ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਤੇ ਵਿਰਸੇ ਤੋਂ ਜਾਣੂ ਕਰਵਾਏਗੀ ਬਲਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਨੂੰ ਵੀ ਦਰਸ਼ਕਾਂ ਦੇ ਸਾਹਮਣੇ ਰੱਖੇਗੀ। ਇਹ ਫਿਲਮ ਸਿੱਖ ਰਾਜ ਸਬੰਧੀ ਬਹੁਤ ਸਾਰੇ ਇਤਿਹਾਸਕਾਰਾਂ ਦੀਆਂ ਗਲਤ-ਬਿਆਨੀਆਂ, ਅੰਗਰੇਜ਼ਾਂ ਵਲੋਂ ਕੀਤੇ ਕੂੜ ਪ੍ਰਚਾਰ ਅਤੇ ਮਹਾਰਾਜਾ ਦਲੀਪ ਸਿੰਘ ਨਾਲ ਚੱਲੀਆਂ ਕੂਟ ਚਾਲਾਂ ਦਾ ਪਰਦਾਫਾਸ਼ ਵੀ ਕਰੇਗੀ।
ਚੰਡੀਗੜ੍ਹ ਪ੍ਰੈੱਸ ਕਲੱਬ ਵਲੋਂ ਸਤਿੰਦਰ ਸਰਤਾਜ ਨਾਲ ਮੰਗਲਵਾਰ ਨੂੰ ਰੱਖੇ ਵਿਸ਼ੇਸ਼ ”ਰੂ-ਬ-ਰੂ” ਪ੍ਰੋਗਰਮ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਸਰਤਾਜ ਨੇ ਕਿਹਾ ਕਿ ਫ਼ਿਲਮ ‘ਦ ਬਲੈਕ ਪ੍ਰਿੰਸ’ ਸਿੱਖ ਤਵਾਰੀਖ ਦਾ ਅਜਿਹਾ ਇਤਿਹਾਸਕ ਦਸਤਾਵੇਜ਼ ਹੋਵੇਗੀ, ਜਿਸ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਂਭਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਬਹੁਤ ਸਾਰੇ ਅਜਿਹੇ ਪਹਿਲੂ ਹਨ, ਜਿਨ੍ਹਾਂ ਨੂੰ ਕਦੇ ਛੋਹਿਆ ਹੀ ਨਹੀਂ ਗਿਆ ਤੇ ਆਮ ਲੋਕਾਂ ਨੂੰ ਉਨ੍ਹਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਪਰ ਇਸ ਫ਼ਿਲਮ ਰਾਹੀਂ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਦੇ ਹਰ ਉਸ ਪਹਿਲੂ ਨੂੰ ਸਾਹਮਣੇ ਲਿਆਉਣ ਦਾ ਯਤਨ ਕੀਤਾ ਗਿਆ ਹੈ ਜੋ ਸਮੇਂ ਦੇ ਹਨੇਰਿਆਂ ‘ਚ ਗੁਆਚੇ ਰਹੇ ਹਨ। ਉਨ੍ਹਾਂ ਦੱਸਿਆ ਕਿ ਮਹਾਰਾਜਾ ਦਲੀਪ ਸਿੰਘ ਦੀ ਜ਼ਿੰਦਗੀ ਕਈ ਉਤਰਾਵਾਂ-ਚੜ੍ਹਾਵਾਂ ਵਾਲੀ ਰਹੀ ਹੈ ਅਤੇ ਅੱਜ ਤੋਂ ਕਰੀਬ ਡੇਢ ਸੌ ਸਾਲ ਪਹਿਲਾਂ ਦੇ ਸਿੱਖ ਇਤਿਹਾਸ ਨੂੰ ਫ਼ਿਲਮ ਵਿਚ ਬਹੁਤ ਹੀ ਭਾਵੁਕਤਾ ਨਾਲ ਪੇਸ਼ ਕੀਤਾ ਗਿਆ ਹੈ।
‘ਦ ਬਲੈਕ ਪ੍ਰਿੰਸ’ ਫਿਲਮ ਦੇ ਪ੍ਰਚਾਰ ਪ੍ਰੋਗਰਾਮ ਨਾਲ ਸਬੰਧਤ ਇਸ ਭਰਵੀਂ ਪ੍ਰੈੱਸ ਮਿਲਣੀ ਮੌਕੇ ਸਰਤਾਜ ਨੇ ਦੱਸਿਆ ਕਿ ਮਹਾਰਾਜਾ ਦਲੀਪ ਸਿੰਘ ਦੇ ਕਿਰਦਾਰ ਨੂੰ ਇਤਿਹਾਸਕਾਰਾਂ ਨੇ ਤੋੜ-ਮਰੋੜ ਕੇ ਪੇਸ਼ ਕੀਤਾ ਹੈ ਅਤੇ ਦਲੀਪ ਸਿੰਘ ਬਾਰੇ ਗ਼ਲਤ ਤੱਥਾਂ ਦੀ ਪੇਸ਼ਕਾਰੀ ਕੀਤੀ ਗਈ ਹੈ ਪਰ ‘ਦਿ ਬਲੈਕ ਪ੍ਰਿੰਸ’ ਸਹੀ ਤੱਥਾਂ ਨੂੰ ਉਜਾਗਰ ਕਰੇਗੀ, ਜਿਸ ਨਾਲ ਭਾਰਤੀਆਂ ਅਤੇ ਇੱਥੋਂ ਤੱਕ ਕਿ ਸਿੱਖਾਂ ਦੇ ਦਲੀਪ ਸਿੰਘ ਬਾਰੇ ਭਰਮ-ਭੁਲੇਖੇ ਦੂਰ ਹੋਣਗੇ।
ਉਨ੍ਹਾਂ ਦੱਸਿਆ ਕਿ ਮਹਾਰਾਜਾ ਦਲੀਪ ਸਿੰਘ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਹਿੱਸਾ ਪਾਉਣ, ਖ਼ਾਸ ਕਰ ਸਿੱਖ ਕੌਮ ਦੇ ਆਜ਼ਾਦ ਰੁਤਬੇ ਦੀ ਬਹਾਲੀ ਲਈ ਕਾਫ਼ੀ ਜਦੋ-ਜਹਿਦ ਕੀਤੀ। ਈਸਾਈ ਤੋਂ ਮੁੜ ਸਿੱਖੀ ਵਲ ਮੁੜਣ ਅਤੇ ਅੰਗਰੇਜ਼ਾਂ ਵਲੋਂ ਧੋਖੇ ਨਾਲ ਖੋਹਿਆ ਰਾਜ ਵਾਪਸ ਲੈਣ ਲਈ ਉਸ ਨੇ ਜਿਹੜੇ ਕੰਮ ਕੀਤੇ ਅਤੇ ਕੁਰਬਾਨੀ ਦਿੱਤੀ, ਉਸ ਬਾਰੇ ਕਿਸੇ ਨੂੰ ਜ਼ਿਆਦਾ ਜਾਣਕਾਰੀ ਹੀ ਨਹੀਂ ਹੈ। ਅੰਗਰੇਜ਼ਾਂ ਨੇ ਦਲੀਪ ਸਿੰਘ ਬਾਰੇ ਤੋੜ ਮਰੋੜ ਕੇ ਜਿਹੜੇ ਤੱਥ ਪੇਸ਼ ਕੀਤੇ, ਇਤਿਹਾਸਕਾਰਾਂ ਨੇ ਉਵੇਂ ਲਿਖ ਦਿੱਤਾ ਅਤੇ ਅਸੀਂ ਉਨ੍ਹਾਂ ਨੂੰ ਹੀ ਸੱਚ ਮੰਨ ਲਿਆ।
ਉਨ੍ਹਾਂ ਕਿਹਾ ਕਿ ਫਿਲਮ ਨੂੰ ਅਮਰੀਕੀ ਕੰਪਨੀ ਨੇ ਉੱਘੇ ਸਿੱਖ ਇਤਿਹਾਸਕਾਰ ਡਾ. ਗੰਡਾ ਸਿੰਘ ਦੀ ਖੋਜ ਤੇ ਹੋਰ ਪ੍ਰਮਾਣਿਕ ਦਸਤਾਵੇਜ਼ਾਂ ਦੇ ਆਧਾਰ ‘ਤੇ 4 ਸਾਲਾਂ ਦੀ ਮਿਹਨਤ ਮਗਰੋਂ ਫਿਲਮਾਇਆ ਗਿਆ ਹੈ। ਸਤਿੰਦਰ ਸਰਤਾਜ ਨੇ ਦੱਸਿਆ ਕਿ ਭਾਰਤੀਆਂ ਨਾਲੋਂ ਐਨ.ਆਰ.ਆਈਜ਼. ਪੰਜਾਬੀਅਤ ਦੇ ਵੱਧ ਕਦਰਦਾਨ ਹਨ।
ਇਸ ਫਿਲਮ ਦੇ ਨਾਮ ਬਾਰੇ ਉਨ੍ਹਾਂ ਦੱਸਿਆ ਕਿ ਮਹਾਰਾਣੀ ਵਿਕਟੋਰੀਆ ਦਲੀਪ ਸਿੰਘ ਨੂੰ ਲਾਡ ਨਾਲ ‘ਬਲੈਕ ਪ੍ਰਿੰਸ’ ਕਹਿੰਦੀ ਸੀ, ਇਸ ਲਈ ਫਿਲਮ ਦਾ ਨਾਮ ‘ਦਿ ਬਲੈਕ ਪ੍ਰਿੰਸ’ ਰੱਖਿਆ ਗਿਆ ਹੈ। ਗ਼ੌਰਤਲਬ ਹੈ ਕਿ ਇਸ ਫਿਲਮ ਵਿੱਚ ਸ਼ਬਾਨਾ ਆਜ਼ਮੀ ਵੀ ਹੈ, ਜਿਸ ਵੱਲੋਂ ਮਹਾਰਾਣੀ ਜਿੰਦਾਂ ਦਾ ਕਿਰਦਾਰ ਨਿਭਾਇਆ ਜਾ ਰਿਹਾ ਹੈ।
‘ਮਹਾਰਾਜਾ ਦਲੀਪ ਸਿੰਘ ਨਾਲ ਬਰਤਾਨਵੀ ਸਾਮਰਾਜ
ਦੇ ਵਰਤਾਓ ਉੱਤੇ ਆਮ ਲੋਕਾਂ ਨੂੰ ਰੋਸ ਤੇ ਅਫਸੋਸ’
ਇਹ ਪੁੱਛੇ ਜਾਣ ਉੱਤੇ ਫਿਲਮ ਕਿ ਇਸ ਫਿਲਮ ਵਿੱਚ ਬਰਤਾਨੀਆ ਦੇ ਸ਼ਾਹੀ ਘਰਾਣੇ ਦੀਆਂ ਕੂਟ ਚਾਲਾਂ ਨੂੰ ਨੰਗਿਆਂ ਕੀਤੇ ਜਾਣ ਸਬੰਧੀ ਇੰਗਲੈਂਡ ਦੇ ਆਮ ਲੋਕਾਂ ਖ਼ਾਸ ਕਰ ਅੰਗਰੇਜ਼ਾਂ ਦਾ ਕੀ ਪ੍ਰਤੀਕਰਮ ਹੈ, ਸਰਤਾਜ ਨੇ ਕਿਹਾ, ”ਕਈ ਬਰਤਾਨਵੀਆਂ ਨੂੰ ਬ੍ਰਿਟਿਸ਼ ਨਾਗਰਿਕ ਹੋਣ ‘ਤੇ ਅਫ਼ਸੋਸ ਹੈ ਕਿਉਂਕਿ ਉਨ੍ਹਾਂ ਨੇ ਭਾਰਤੀਆਂ ਖ਼ਾਸ ਕਰ ਕੇ ਮਹਾਰਾਜਾ ਰਣਜੀਤ ਸਿੰਘ ਦੇ ਵਾਰਸ ਤੇ ਉਸ ਦੇ ਪਰਿਵਾਰ ਨਾਲ ਮਾੜਾ ਵਰਤਾਓ ਕੀਤਾ ਸੀ। ਹੋਰ ਤਾਂ ਹੋਰ ਇਤਿਹਾਸਕਾਰਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਕਿਰਦਾਰ ਦੇ ਸਕਾਰਾਤਮਕ ਪੱਖ ਨੂੰ ਉਭਾਰਿਆ ਹੀ ਨਹੀਂ।”
ਸਤਿੰਦਰ ਸਰਤਾਜ ਨੇ ਦੱਸਿਆ ਕਿ ਇੰਗਲੈਂਡ ਵਿੱਚ ਇਸ ਫਿਲਮ ਦਾ ਪ੍ਰੀਮੀਅਰ ਸ਼ੋਅ ਦਿਖਾਏ ਜਾਣ ਮਗਰੋਂ ਕਈ ਬਰਤਾਨਵੀ ਨਾਗਰਿਕਾਂ ਨੇ ਮਹਾਰਾਜਾ ਦਲੀਪ ਸਿੰਘ ਦੇ ਪਰਿਵਾਰ ਨਾਲ ਬ੍ਰਿਟਿਸ਼ ਸਾਮਰਾਜੀਆਂ ਵੱਲੋਂ ਕੀਤੇ ਵਰਤਾਓ ‘ਤੇ ਗਿਲਾ ਅਤੇ ਅਫਸੋਸ ਪ੍ਰਗਟਾਇਆ।
ਰਾਜਕੁਮਾਰੀ ਡਿਆਨਾ ਦੇ ਪੇਕੇ ਘਰ ਹੋਈ ਕਾਫ਼ੀ ਸ਼ੂਟਿੰਗ
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਇੰਗਲੈਂਡ ਦੇ ਸ਼ਾਹੀ ਘਰਾਣੇ ਦੀਆਂ ਕਈ ਥਾਵਾਂ ‘ਤੇ ਸ਼ੂਟਿੰਗ ਕਰਨ ਵਾਸਤੇ ਸ਼ੁਰੂ ਸ਼ੁਰੂ ਵਿੱਚ ਕੁਝ ਮੁਸ਼ਕਲ ਜਰੂਰ ਆਈ ਕਿਉਂਕਿ ਇਹ ਫਿਲਮ ਬ੍ਰਿਟਿਸ਼ ਸਾਮਰਾਜ ਦੀਆਂ ਨੀਤੀਆਂ ਬਾਰੇ ਗੰਭੀਰ ਸਵਾਲ ਖੜ੍ਹੇ ਕਰਦੀ ਹੈ। ਪਰ ਬੜੀ ਮਾਣ ਵਾਲੀ ਗੱਲ ਹੈ ਕਿ ‘ਦਿ ਬਲੈਕ ਪ੍ਰਿੰਸ’ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਇੰਗਲੈਂਡ ਵਿੱਚ ਅਤੇ ਕਾਫ਼ੀ ਸ਼ੂਟਿੰਗ ਰਾਜਕੁਮਾਰੀ ਡਿਆਨਾ ਦੇ ਪੇਕੇ ਘਰ ਹੋਈ ਹੈ।
ਰਾਜਕੁਮਾਰੀ ਲੇਡੀ ਡਿਆਨਾ ਦੇ ਮਾਪਿਆਂ ਦੇ ਜੱਦੀ ਮਹਿਲ ‘ਚ ਜਾਣ ਦਾ ਮੌਕਾ ਮਿਲਣ ਸਬੰਧੀ ਉਨ੍ਹਾਂ ਦੱਸਿਆ ਕਿ ਅਸੀਂ ਬੜੀ ਮੁਸ਼ਕਲ ਨਾਲ ਡਿਆਨਾ ਦੇ ਰਿਸ਼ਤੇਦਾਰਾਂ ਤੋਂ ਮਹਿਲ ‘ਚ ਸ਼ੂਟਿੰਗ ਕਰਨ ਦੀ ਇਜਾਜ਼ਤ ਹਾਸਲ ਕੀਤੀ।
‘ਦ ਬਲੈਕ ਪ੍ਰਿੰਸ’ ਨਾਲ ਫ਼ਿਲਮੀ ਸਫ਼ਰ ਦੀ ਸ਼ੁਰੂਆਤ
‘ਦ ਬਲੈਕ ਪ੍ਰਿੰਸ’ ਰਾਹੀਂ ਆਪਣੇ ਫ਼ਿਲਮੀ ਜੀਵਨ ਦੀ ਸ਼ੁਰੂਆਤ ਹਾਲੀਵੁੱਡ ਤੋਂ ਕਰਨ ਬਾਰੇ ਸਤਿੰਦਰ ਸਰਤਾਜ ਦਾ ਕਹਿਣਾ ਹੈ ਕਿ ਉਨ੍ਹਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਅਜਿਹੀ ਕਿਸੇ ਫ਼ਿਲਮ ‘ਚ ਕੰਮ ਕਰਨਗੇ ਪਰ ਰੱਬ-ਸਬੱਬੀ ਉਨ੍ਹਾਂ ਨੂੰ ਨਾ ਕੇਵਲ ਹਾਲੀਵੁੱਡ ਫ਼ਿਲਮ ‘ਚ ਹੀ ਬਲਕਿ ਬਾਲੀਵੁੱਡ ਦੀ ਨਾਮਵਰ ਅਦਾਕਾਰਾ ਸ਼ਬਾਨਾ ਆਜ਼ਮੀ ਨਾਲ ਵੀ ਕੰਮ ਕਰਨ ਦਾ ਮੌਕਾ ਮਿਲਿਆ। ਸਤਿੰਦਰ ਸਰਤਾਜ ਨੇ ਫ਼ਿਲਮ ਨੂੰ ਆਪਣੇ ਦਿਲ ਦੇ ਕਾਫੀ ਕਰੀਬ ਦੱਸਦੇ ਹੋਏ ਕਿਹਾ ਹੈ ਕਿ ਮਹਾਰਾਜਾ ਦਲੀਪ ਸਿੰਘ ਦਾ ਕਿਰਦਾਰ ਨਿਭਾ ਕੇ ਜਿੱਥੇ ਉਸ ਦੇ ਮਨ ਨੂੰ ਸਕੂਨ ਮਿਲਿਆ ਹੈ, ਉੱਥੇ ਸ਼ਬਾਨਾ ਆਜ਼ਮੀ ਵੱਲੋਂ ਵੀ ਮਹਾਰਾਣੀ ਜਿੰਦਾਂ ਦੇ ਕਿਰਦਾਰ ਨੂੰ ਜਿਸ ਸ਼ਿੱਦਤ ਤੇ ਸੰਜੀਦਗੀ ਨਾਲ ਨਿਭਾਇਆ ਗਿਆ ਹੈ, ਉਸ ਨਾਲ ਫ਼ਿਲਮ ਸਿਨੇਮਾ ਜਗਤ ‘ਚ ਨਵੀਆਂ ਉੱਚਾਈਆਂ ਛੋਹੇਗੀ।
ਸ਼ਬਾਨਾ ਆਜ਼ਮੀ ਨਾਲ ਕੰਮ ਕਰਨ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਦੇ ਹੋਏ ਸਰਤਾਜ ਨੇ ਕਿਹਾ, ”ਸ਼ਬਾਨਾ ਆਜ਼ਮੀ ਜੀ ਜਿੱਥੇ ਬਾਕਮਾਲ ਅਦਾਕਾਰਾ ਹਨ, ਉੱਥੇ ਉਨ੍ਹਾਂ ਦਾ ਸਬੰਧ ਸਾਹਿਤਕ ਪਰਿਵਾਰ ਨਾਲ ਹੋਣ ਕਾਰਨ ਉਨ੍ਹਾਂ ਦਾ ਸ਼ਾਇਰੀ ਨਾਲ ਵੀ ਗੂੜ੍ਹਾ ਰਿਸ਼ਤਾ ਹੈ।”
ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ 21 ਜੁਲਾਈ ਨੂੰ ਰਿਲੀਜ਼ ਹੋਵੇਗੀ ‘ਦ ਬਲੈਕ ਪ੍ਰਿੰਸ’
ਸਤਿੰਦਰ ਸਰਤਾਜ ਨੇ ਦੱਸਿਆ ਕਿ ‘ਦ ਬਲੈਕ ਪ੍ਰਿੰਸ’ 21 ਜੁਲਾਈ ਨੂੰ ਦੁਨੀਆ ਭਰ ਦੇ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਇਸ ਫ਼ਿਲਮ ਨੂੰ ਅੰਗਰੇਜ਼ੀ ਤੋਂ ਇਲਾਵਾ ਹਿੰਦੀ ਤੇ ਪੰਜਾਬੀ ‘ਚ ਵੀ ਡੱਬ ਕੀਤਾ ਗਿਆ ਹੈ। ਫ਼ਿਲਮ ਦੇ ਗੀਤ ਪਹਿਲਾਂ ਹੀ ਕਾਫੀ ਮਕਬੂਲ ਹੋ ਰਹੇ ਹਨ। ਕਵੀ ਰਾਜ਼, ਜੈ ਖੰਨਾ ਤੇ ਜਸਜੀਤ ਸਿੰਘ ਵਲੋਂ ਬਣਾਈ ਇਸ ਫ਼ਿਲਮ ਨੂੰ ਕਵੀ ਰਾਜ਼ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ, ਜਦਕਿ ਸੰਗੀਤ ਦੀਆਂ ਧੁਨਾਂ ਨਾਲ ਜੌਰਜ ਕੈਲਿਸ ਵੱਲੋਂ ਸ਼ਿੰਗਾਰਿਆ ਗਿਆ ਹੈ। ਉਨ੍ਹਾਂ ਨੇ ਅੰਗਰੇਜ਼ੀ ਡਾਇਰੈਕਟਰਾਂ ਦੇ ਕੰਮ ਦੀ ਤਾਰੀਫ਼ ਵੀ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਕੰਮ ਦੇ ਮਾਹਰ ਦੱਸਿਆ।
Related Topics: Satinder Sartaj, Shabana Azmi, The Black Prince