July 26, 2017 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਸਿੱਖ ਰਾਜ ਦੇ ਆਖਰੀ ਰਾਜਾ ਮਹਾਂਰਾਜਾ ਦਲੀਪ ਸਿੰਘ ਦੀ ਜੀਵਨ ਕਹਾਣੀ ਰਾਹੀਂ ਸਿੱਖ ਰਾਜ ਦੇ ਖੁੱਸਣ ਦੇ ਦਰਦ ਨੂੰ ਬਿਆਨ ਕਰਦੀ ਫਿਲਮ “ਦਾ ਬਲੈਕ ਪ੍ਰਿੰਸ” ਬੀਤੇ ਦਿਨੀਂ ਜਾਰੀ ਹੋਈ। ਇਸ ਫਿਲਮ ਨੇ ਨਾ ਸਿਰਫ ਇਤਿਹਾਸ ਦੇ ਵਿਸਾਰੇ ਜਾ ਰਹੇ ਦੌਰ ਨੂੰ ਪਰਦੇ ਉੱਤੇ ਜਿਉਂਦਾ ਕੀਤਾ ਹੈ ਬਲਕਿ ਇਹ ਫਿਲਮ ਵੇਖਣ ਵਾਲਿਆਂ ਦੇ ਮਨਾਂ ਵਿੱਚ ਸਿੱਖਾਂ ਦਾ ਰਾਜ ਖੁੱਸਣ ਦੀ ਕਸਕ ਦਾ ਅਹਿਸਾਸ ਵੀ ਪੈਦਾ ਕਰਦੀ ਹੈ।
ਇਤਿਹਾਸ ਦੀ ਜਾਣਕਾਰੀ, ਸਿੱਖ ਰਾਜ ਤੇ ਇਸ ਦੇ ਖੋਹੇ ਜਾਣ ਦੇ ਦਰਦ ਦੇ ਅਹਿਸਾਸ ਨਾਲ ਭਰੀ ਇਸ ਫਿਲਮ ਨੇ ਸੰਵੇਦਨਸ਼ੀਲ ਮਨਾਂ ‘ਤੇ ਅਸਰ ਪਾਇਆ ਹੈ ਜਿਸ ਦਾ ਪਤਾ ਸੋਸ਼ਲ-ਮੀਡੀਆ ਉੱਤੇ ਲੋਕਾਂ ਵੱਲੋਂ ਸਾਂਝੇ ਕੀਤੇ ਜਾ ਰਹੇ ਮਨਾਂ ਦੇ ਵਲਵਲਿਆਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।
ਸੋਸ਼ਲ-ਮੀਡੀਆ ਉੱਤੇ ਇਸ ਗੱਲ ਦੀ ਵੀ ਖਾਸੀ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਕਲਾਕਾਰ ਭਾਈਚਾਰੇ ਨੇ ਇਸ ਫਿਲਮ ਬਾਰੇ ਮੁਕੰਮਲ ਚੁੱਪ ਧਾਰੀ ਹੋਈ ਹੈ। ਇਕ ਅੱਧ ਗਾਇਕ ਤੋਂ ਇਲਾਵਾ ਪੰਜਾਬ ਦੇ ਗੀਤ-ਸੰਗੀਤ ਤੇ ਫਿਲਮੀ ਜਗਤ ਨਾਲ ਜੁੜੇ ਕਲਾਕਾਰ ਫਿਲਮ ਬਾਰੇ ਮੁਕੰਮਲ ਰੂਪ ਵਿੱਚ ਚੁੱਪ ਹਨ। ਸੋਸ਼ਲ ਮੀਡੀਆ ਉੱਤੇ ਕਲਾਕਾਰਾਂ ਵੱਲੋਂ ਬਣਾਈ ਦੂਰੀ ਪਿੱਛੇ ਈਰਖਾ ਤੋਂ ਲੈ ਕੇ ਫਿਲਮ ਦੀ ਰੂਹ ਦਾ ਇਨ੍ਹਾਂ ਕਲਾਕਾਰਾਂ ਵੱਲੋਂ ਪ੍ਰਚਾਰੇ ਜਾਂਦੇ ਜੀਨਵ-ਢੰਗ (ਲੱਚਰਤਾ, ਫੁਕਰਾਪੰਥੀ ਆਦਿ) ਦੇ ਉਲਟ ਹੋਣ ਤੱਕ ਸਾਰੇ ਕਾਰਨ ਗਿਣਾਏ ਜਾ ਰਹੇ ਹਨ।
ਹੈਰਾਨੀ ਵਾਲੀ ਗੱਲ ਇਹ ਵੀ ਹੈ ਕਿ ਇਤਿਹਾਸਕ ਦਸਤਾਵੇਜ਼ ਦੇ ਰੂਪ ਵਿੱਚ ਸਾਹਮਣੇ ਆਈ ਇਸ ਫਿਲਮ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਿੱਖ ਸੰਸਥਾਵਾਂ ਵੱਲੋਂ ਵੀ ਉਸ ਤਰ੍ਹਾਂ ਦਾ ਹੁੰਗਾਰਾ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਹੁੰਗਾਰਾ ਬੀਤੇ ਸਮੇਂ ਵਿੱਚ ਸਿੱਖ ਇਤਿਹਾਸ ਬਾਰੇ ਜਾਰੀ ਹੋਈਆਂ ਫਿਲਮਾਂ ਨੂੰ ਮਿਲਦਾ ਰਿਹਾ ਹੈ।
ਇਹ ਫਿਲਮ ਨਵੀਂ ਪੀੜ੍ਹੀ ਉੱਤੇ ਕਿਸ ਤਰ੍ਹਾਂ ਦੇ ਅਸਰ ਪਾ ਰਹੀ ਹੈ ਇਸ ਬਾਰੇ ਫਿਲਮ ਵੇਖਣ ਵਾਲਿਆਂ ਦੇ ਸਾਹਮਣੇ ਆ ਰਹੇ ਪ੍ਰਤੀਕਰਮਾਂ ਵਿਚੋਂ ਇਕ ਬਹੁਤ ਦਿਲਚਸਪ ਹੈ। ਜਦੋਂ “ਦਾ ਬਲੈਕ ਪ੍ਰਿੰਸ” ਫਿਲਮ ਵੇਖ ਕੇ ਆਈ ਇਕ ਬਾਲੜੀ ਨੂੰ ਮੀਡੀਆ ਵੱਲੋਂ ਸਵਾਲ ਕੀਤਾ ਗਿਆ ਕਿ ਉਸ ਨੂੰ ਇਹ ਫਿਲਮ ਕਿਸ ਤਰ੍ਹਾਂ ਦੀ ਲੱਗੀ ਤਾਂ ਉਸ ਦਾ ਜਵਾਬ ਸੀ ਕਿ ਬਹੁਤ ਵਧੀਆ ਕਿਉਂਕਿ ਇਸ ਵਿਚ ਉਸ ਨੂੰ ਬਹੁਤ ਕੁਝ ਜਾਨਣ ਨੂੰ ਮਿਲਿਆ। ਅਗਲੇ ਸਵਾਲ ਕਿ ਕੀ ਮਹਾਂਰਾਜਾ ਦਲੀਪ ਸਿੰਘ ਬਾਰੇ ਉਸ ਨੂੰ ਫਿਲਮ ਵੇਖਣ ਤੋਂ ਪਹਿਲਾਂ ਕੁਝ ਪਤਾ ਸੀ ਤਾਂ ਉਸ ਨੇ ਕਿਹਾ ਕਿ ਨਹੀਂ ਉਸ ਨੂੰ ਇਸ ਬਾਰੇ ਪਹਿਲਾਂ ਕਿਸੇ ਨੇ ਨਹੀਂ ਸੀ ਦੱਸਿਆ। ਸਭ ਤੋਂ ਖੂਬਸੁਰਤ ਗੱਲ ਇਹ ਸੀ ਕਿ ਜਦੋਂ ਉਸਨੂੰ ਪੁੱਛਿਆ ਗਿਆ ਕਿ ਹੁਣ ਉਹ ਵਾਪਸ ਘਰ ਜਾ ਕੇ ਕੀ ਕਰੇਗੀ ਤਾਂ ਉਸ ਨੇ ਕਿਹਾ ਕਿ ਉਹ ਇਸ ਬਾਰੇ (ਮਹਾਂਰਾਜਾ ਦਲੀਪ ਸਿੰਘ ਅਤੇ ਸਿੱਖ ਰਾਜ) ਬਾਰੇ ਖੋਜ ਕਰਕੇ ਹੋਰ ਜਾਣਕਾਰੀ ਹਾਸਲ ਕਰੇਗੀ।
ਹੁਣ ਸਵਾਲ ਇਹ ਹੈ ਕਿ ਅਜੇ ਤੱਕ ਕੋਈ ਵੀ ਸਿੱਖ ਸਕੂਲ ਵਿਦਿਆਰਥੀਆਂ ਨੂੰ ਇਤਿਹਾਸ ਦੇ ਉਸ ਦੌਰ ਦੀ ਬਾਤ ਨਾਲ ਰੂ-ਬ-ਰੂ ਕਰਵਾਉਣ ਲਈ ਅੱਗੇ ਕਿਉਂ ਨਹੀਂ ਆਇਆ? ਕੀ ਪ੍ਰਬੰਧਕਾਂ ਨੂੰ ਸਿੱਖਾਂ ਦੇ ਰਾਜ ਦੀ ਗੱਲ ਟੁੰਬਣੋਂ ਹਟ ਗਈ ਹੈ ਜਿਸ ਕਾਰਨ ਉਨ੍ਹਾਂ ਦਾ ਇਸ ਪਾਸੇ ਧਿਆਨ ਹੀ ਨਹੀਂ ਗਿਆ ਜਾਂ ਫਿਰ ਉਨ੍ਹਾਂ ਦੀ ਕੋਈ ਹੋਰ ਮਜਬੂਰੀ ਹੈ ਜਿਸ ਕਾਰਨ ਉਹ ਅਜਿਹਾ ਕਰਨ ਦਾ ਹੀਆ ਨਹੀਂ ਕਰ ਰਹੇ?
ਸੰਬੰਧਤ ਵੀਡੀਓ:
ਦਾ ਬਲੈਕ ਪ੍ਰਿੰਸ ਬਾਰੇ ਸਿੱਖ ਵਿਸ਼ਲੇਸ਼ਕ ਸ. ਅਜਮੇਰ ਸਿੰਘ ਨਾਲ ਖਾਸ ਗੱਲਬਾਤ:
Related Topics: Shiromani Gurdwara Parbandhak Committee (SGPC), Sikh Diaspora, Sikh organisations, The Black Prince