June 7, 2016 | By ਸਿੱਖ ਸਿਆਸਤ ਬਿਊਰੋ
ਲੰਡਨ: ਜੂਨ 1984 ਦੌਰਾਨ ਸਿੱਖ ਤਵਾਰੀਖ ਵਿੱਚ ਵਾਪਰੇ ਤੀਜੇ ਖੂਨੀ ਘੱਲੂਘਾਰੇ ਦੀ ਯਾਦ ਵਿੱਚ ਇੰਗਲੈਂਡ ਭਰ ਦੇ ਸਿੱਖਾਂ ਵਲੋਂ ਪੰਜ ਜੂਨ ਦਿਨ ਐਤਵਾਰ ਨੂੰ ਲੰਡਨ ਵਿਖੇ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਦੇ ਭਰਵੇਂ ਸਹਿਯੋਗ ਨਾਲ ਭਾਰੀ ਰੋਸ ਮੁਜਾਹਰਾ ਕੀਤਾ ਗਿਆ। ਕੇਸਰੀ ਅਤੇ ਨੀਲੀਆਂ ਦਸਤਾਰਾਂ ਅਤੇ ਦੁਪੱਟਿਆਂ ਨਾਲ ਸਜੀਆਂ 25 ਹਜ਼ਾਰ ਤੋਂ ਵੱਧ ਸਿੱਖ ਸੰਗਤਾਂ ਵਲੋਂ ਭਾਰਤ ਸਰਕਾਰ ਖਿਲਾਫ ਰੋਸ, ਰੋਹ ਅਤੇ ਵਿਦਰੋਹ ਦੀ ਪ੍ਰਚੰਡ ਭਾਵਨਾ ਨਾਲ ਡਬਰਦਸਤ ਸ਼ਮੂਲੀਅਤ ਕੀਤੀ ਗਈ।
ਸਿੱਖ ਸੰਗਤਾਂ ਵਲੋਂ “ਖਾਲਿਸਤਾਨ ਜਿੰਦਾਬਾਦ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਅਮਰ ਰਹੇ, ਸੰਤ ਭਿੰਡਰਾਂਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ” ਦੇ ਲਗਾਏ ਗਏ ਅਕਾਸ਼ ਗੂੰਜਾਊ ਨਾਹਰਿਆਂ ਨਾਲ ਲੰਡਨ ਗੂੰਜ ਉੱਠਿਆ। ਸਿੱਖ ਸੰਗਤਾਂ ਲੈਸਟਰ, ਕਾਵੈਂਟਰੀ, ਬ੍ਰਮਿੰਘਮ, ਵੁਲਵਰਹੈਪਟਨ, ਡਰਬੀ, ਨਿਊਕਾਸਲ, ਵਾਲਸਾਲ, ਸਾਊਥਹੈਪਟਨ, ਨੌਟਿੰਘਮ, ਮਾਨਚੈਸਟਰ, ਟੈੱਲਫੋਰਡ, ਪ੍ਰਿਸਟਨ, ਲੀਡਜ਼, ਗ੍ਰੇਵਜੈਂਡ, ਵਰਗੇ ਦੂਰ ਦਰਾਡੇ ਸ਼ਹਿਰਾਂ ਤੋਂ ਸੈਂਕੜੇ ਕੋਚਾਂ ਅਤੇ ਕਾਰਾਂ ਰਾਹੀਂ ਸਿੱਖ ਸੰਗਤਾਂ ਗਿਆਰਾ ਵਜੇ ਹਾਈਡ ਪਾਰਕ ਲੰਡਨ ਵਿਖੇ ਇਕੱਤਰ ਹੋਈਆਂ। ਜਿੱਥੇ ਵੱਖ ਵੱਖ ਗੁਰਵਾਰਿਆਂ ਦੇ ਪ੍ਰਬੰਧਕਾਂ ਵਲੋਂ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਗਿਆ । ਇੱਕ ਵਜੇ ਪੰਜ ਸਿੰਘਾਂ ਦੀ ਅਗਵਾਈ ਵਿੱਚ ਰੋਸ ਮਾਰਚ ਅਰੰਭ ਹੋਇਆ ਜੋ ਲੰਡਨ ਦੀਆਂ ਭੀੜ ਭੜੱਕੇ ਵਾਲੀਆਂ ਸੜਕਾਂ ਤੋਂ ਗੁਜ਼ਰਦਾ ਹੋਇਆ ਟਰਫਾਲਗਰ ਸੁਕੇਅਰ ਵਿਖੇ ਪੁੱਜਾ।
ਸਿੱਖ ਸੰਗਤਾਂ ਦੇ ਹੱਥਾਂ ਵਿੱਚ ਖਾਲਿਸਤਾਨ ਦੇ ਝੰਡੇ, ਬੈਨਰ, ਸਿੱਖ ਨਸਲਕੁਸ਼ੀ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਫੜੀਆਂ ਹੋਈਆਂ ਸਨ ਜਿਹਨਾਂ ਨੂੰ ਵਿਦੇਸ਼ੀ ਲੋਕ ਬੜੇ ਹੀ ਗਹੁ ਨਾਲ ਤੱਕਦੇ ਹੋਏ ਸਿੱਖ ਕੌਮ ’ਤੇ ਹੋਏ ਅੱਤਿਆਚਾਰਾਂ ਬਾਰੇ ਜਾਣਕਾਰੀ ਲੈ ਰਹੇ ਸਨ। ਟਰਫਾਲਗਰ ਸੁਕਏਅਰ ਵਿਖੇ ਜਿੱਥੇ ਪੰਜ ਵਜੇ ਤੱਕ ਰੋਸ ਰੈਲੀ ਕੀਤੀ ਗਈ। ਜਿਸ ਨੂੰ ਯੂ ਕੇ ਦੀ ਸਿਆਸੀ ਪਾਰਟੀ ਦੇ ਆਗੂ ਜੌਹਨ ਸਪੈਲਰ ਐੱਮ[ਪੀ, ਮਾਰਕ ਥੌਮਸਨ, ਫਿਲ ਮਿੱਲਰ ਖੋਜ ਕਰਤਾ ਸਰਕਾਰੀ ਦਸਤਾਵੇਜ਼ 1984 ਸਮੇਤ ਸਿੱਖ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖ ਨੌਜਵਾਨ ਸਿੱਖ ਸੰਗਤਾਂ ਨੂੰ ਮੁਖਾਤਿਬ ਹੋਏ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਾਰੀ ਪ੍ਰੈੱਸ ਰਿਲੀਜ਼ ਵਿੱਚ ਆਖਿਆ ਗਿਆ ਕਿ ਇਸ ਰੋਸ ਮਜ਼ਹਰੇ ਵਿੱਚ ਸਿੱਖ ਸੰਗਤਾਂ ਦੀ ਵੱਡੀ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਕਿ ਸਿੱਖ ਭਾਰਤ ਸਰਕਾਰ ਦੀ ਹਰ ਕੁਚਾਲ ਨੂੰ ਅਸਫਲ ਬਣਾਉਂਦੇ ਹੋਏ ਇਸ ਖੂਨੀ ਘੱਲੂਘਾਰੇ ਦੌਰਾਨ ਜੂਝ ਕੇ ਸ਼ਹੀਦ ਹੋਏ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਸਮੇਤ ਸਮੂਹ ਸਿੰਘਾਂ ਦੀਆਂ ਸ਼ਹਾਦਤਾਂ ਨਾਲ ਸਿਰਜੇ ਗਏ ਅਜਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਯਤਨਸ਼ੀਲ ਰਹੇਗੀ। ਭਾਰਤ ਸਰਕਾਰ ਅਤੇ ਉਸਦੇ ਦੁੱਮਛੱਲਿਆਂ ਵਲੋਂ ਖਾਲਿਸਤਾਨ ਦੇ ਨਿਸ਼ਾਨੇ ਤੋਂ ਭਟਕਾਉਣ ਅਤੇ ਥਿੜਕਾਉਣ ਦੀ ਕੋਈ ਵੀ ਕੋਝੀ ਅਤੇ ਕਮੀਨੀ ਚਾਲ ਸਫਲ ਨਹੀਂ ਹੋਣ ਦਿੱਤੀ ਜਾਵੇਗੀ।
ਸਿੱਖਾਂ ਦਾ ਕੌਮੀ ਨਿਸ਼ਾਨਾ ਕਾਲੀਆਂ ਸੂਚੀਆਂ ਨੂੰ ਚਿੱਟੀਆਂ ਕਰਨਾ ਜਾਂ ਰਿਹਾਈਆਂ ਨਹੀਂ ਬਲਕਿ ਕੇਵਲ ਅਤੇ ਕੇਵਲ ਖਾਲਿਸਤਾਨ ਹੈ। ਰੋਸ ਮੁਜ਼ਾਹਰੇ ਦੌਰਾਨ ਸਿੱਖ ਸੰਗਤਾਂ ਨੂੰ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਦੇ ਆਗੂ ਭਾਈ ਅਮਰੀਕ ਸਿੰਘ ਗਿੱਲ ਚੇਅਰਮੈਨ ਸਿੱਖ ਫੈਡਰੇਸ਼ਨ ਯੂ,ਕੇ, ਭਾਈ ਬਲਬੀਰ ਸਿੰਘ ਸਿੰਘ ਅਖੰਡ ਕੀਰਤਨੀ ਜਥਾ ਯੂ,ਕੇ, ਭਾਈ ਗੁਰਦੇਵ ਸਿੰਘ ਚੌਹਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਯੂ,ਕੇ, ਭਾਈ ਗੁਰਮੇਜ ਸਿੰਘ ਗਿੱਲ ਖਾਲਿਸਤਾਨ ਜਲਾਵਤਨ ਸਰਕਾਰ, ਭਾਈ ਚਰਨ ਸਿੰਘ ਜਥੇਦਾਰ ਧਰਮਯੁੱਧ ਜਥਾ ਯੂ,ਕੇ, ਭਾਈ ਜਸਪਾਲ ਸਿੰਘ ਬੈਂਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ, ਭਾਈ ਤਰਸੇਮ ਸਿੰਘ ਦਿਉਲ ਮੁਖੀ ਬ੍ਰਿਿਟਸ਼ ਸਿੱਖ ਕੌਂਸਲ, ਭਾਈ ਮਨਮੋਹਣ ਸਿੰਘ ਖਾਲਸਾ ਦਲ ਖਾਲਸਾ ਯੂ,ਕੇ, ਭਾਈ ਦਬਿੰਦਰਜੀਤ ਸਿੰਘ, ਬੀਬੀ ਪ੍ਰੀਤਮ ਕੌਰ ਖਾਲਸਾ ਪੰਜਾਬ, ਭਾਈ ਸੰਗਤ ਸਿੰਘ ਕਾਰਡਿਫ, ਭਾਈ ਦਰਸ਼ਨ ਸਿੰਘ ਮਿਲਟਨ ਕੀਨਜ਼ ,ਭਾਈ ਸਤਨਾਮ ਸਿੰਘ ਲਮਿੰਗਟਨ ਭਾਈ ਬਸੰਤ ਸਿੰਘ ਪੰਜਹੱਥਾ ਫਰਾਂਸ, ਭਾਈ ਜਤਿੰਦਰ ਸਿੰਘ ਬ੍ਰਮਿੰਘਮ, ਭਾਈ ਜਸਵਿੰਦਰ ਸਿੰਘ ਕਾਵੈਂਟਰੀ, ਭਾਈ ਅਮਰੀਕ ਸਿੰਘ ਰਾਠੌਰ, ਭਾਈ ਰਜਿੰਦਰ ਸਿੰਘ ਚਿੱਟੀ, ਭਾਈ ਗੁਰਦੀਪ ਸਿੰਘ ਲੈਸਟਰ, ਡਾਕਟਰ ਗੁਰਨਾਮ ਸਿੰਘ ਅਕਾਲ ਚੈਨਲ, ਭਾਈ ਬਲਵਿੰਦਰ ਸਿੰਘ ਵੁਲਵਰਹੈਪਟਨ, ਭਾਈ ਗੁਰਸੇਵਕ ਸਿੰਘ ਢਿੱਲੋਂ, ਭਾਈ ਸੇਵਾ ਸਿੰਘ ਲੱਲੀ, ਬੀਬੀ ਪ੍ਰਮਿੰਦਰ ਕੌਰ, ਭਾਈ ਸਰਬਜੀਤ ਸਿੰਘ ਦਿਉਲ ਪ੍ਰਸਿਟਨ, ਭਾਈ ਸੱੁਚਾ ਸਿੰਘ ਬੈੱਫੋਰਡ, ਭਾਈ ਰੇਸ਼ਮ ਸਿੰਘ ਬ੍ਰੈਡਫੋਰਡ, ਭਾਈ ਤਜਿੰਦਰ ਸਿੰਘ ਤੂਰ ਲੀਡਜ, ਕੌਂਸਲਰ ਪ੍ਰੀਤ ਕੌਰ ਗਿੱਲ, ਬੀਬੀ ਇਸ਼ਮੀਤ ਕੌਰ, ਭਾਈ ਜਸ ਸਿੰਘ ਡਰਬੀ ਸਿੱਖ ਨੈੱਟਵਰਕ, ਭਾਈ ਸਰਬਜੀਤ ਸਿੰਘ ਰਾਜੋਆਣਾ ਟੀ,ਵੀ, ਆਦਿ ਨੇ ਸੰਬੋਧਨ ਕੀਤਾ।
ਸਿੱਖ ਆਗੂਆਂ ਅਤੇ ਸਿੱਖ ਸੰਗਤਾਂ ਨੇ ਮੀਡੀਏ ਨਾਲ ਗਲ ਕਰਦਿਆਂ ਆਖਿਆ ਕਿ ਇਹ ਰੋਸ ਮੁਜ਼ਹਾਰੇ ਨਿਰੰਤਰ ਜਾਰੀ ਰੱਖੇ ਜਾਣਗੇ ਅਤੇ ਕੌਮ ਖਾਲਿਸਤਾਨ ਨੇ ਨਿਸ਼ਾਨੇ ਦੀ ਪੂਰਤੀ ਲਈ ਵੱਚਨਬੱਧ ਰਹੇਗੀ।
Related Topics: Federation Of Sikh Organizations UK, June 84 protests, Sikhs In UK