March 4, 2019 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵਲੋਂ ਬੀਤੇ ਕਲ੍ਹ ਜਥੇਦਾਰੀ ਤੋਂ ਦਿਤੇ ਅਸਤੀਫੇ ਨੂੰ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਨੇ ਇਹ ਕਹਿਕੇ ਰੱਦ ਕਰ ਦਿੱਤਾ ਹੈ ਕਿ ਉਨ੍ਹਾਂ ਪਾਸ ਵੱਖ ਵੱਖ ਸੰਸਥਾਵਾਂ ਅਤੇ ਗੁਰਦੁਆਰਾ ਕਮੇਟੀਆਂ ਵਲੋਂ ਅਜੇਹਾ ਫੈਸਲਾ ਲੈਣ ਦੇ ਸੁਝਾਅ ਆਏ ਹਨ। ਦੂਜੇ ਬੰਨੇ ਪ੍ਰਬੰਧਕੀ ਕਮੇਟੀ ਦੇ ਮੈਂਬਰ ਕਮਿੱਕਰ ਸਿੰਘ ਮੁਕੰਦਪੁਰ ਅਤੇ ਪਰਧਾਨ ਅਵਤਾਰ ਸਿੰਘ ਹਿੱਤ ਨੇ ਦਾਅਵਾ ਕੀਤਾ ਹੈ ਕਿ ਪ੍ਰਬੰਧਕੀ ਬੋਰਡ ਵਿੱਚ ਉਨ੍ਹਾਂ ਪਾਸ ਬਹੁਮਤ ਹੈ ਜੋ ਗਿਆਨੀ ਇਕਬਾਲ ਸਿੰਘ ਨੂੰ ਸੇਵਾ ਮੁਕਤ ਕਰਨ ਲਈ ਕਾਫੀ ਹੈ।
⊕ ਸੰਬੰਧਤ ਖਬਰ ਪੜ੍ਹੋ – ਮੈਂ ਤਾਂ ਜਥੇਦਾਰੀ ਤੋਂ ਅਸਤੀਫਾ ਦੇ ਦਿੱਤਾ ਸੀ ਸੰਗਤ ਨਹੀ ਮੰਨ ਰਹੀ: ਗਿਆਨੀ ਇਕਬਾਲ ਸਿੰਘ
ਅਜਿਹੇ ਹਾਲਾਤ ਵਿਚ ਤਖਤ ਪਟਨਾ ਸਾਹਿਬ ਦੇ ਪ੍ਰਬੰਧਕੀ ਬੋਰਡ ਦੀ 5 ਮਾਰਚ ਨੂੰ ਹੋ ਰਹੀ ਇਕਤਰਤਾ ਹੰਗਾਮੇ ਭਰਪੂਰ ਹੋਣ ਦੇ ਆਸਾਰ ਬਣ ਰਹੇ ਹਨ ਕਿਉਂਕਿ ਗਿਆਨੀ ਇਕਬਾਲ ਸਿੰਘ ਆਪਣੇ ਹੱਕ ਵਿੱਚ ਬਿਹਾਰ ਦੀਆਂ ਸੰਗਤਾਂ ਦਾ ਸ਼ਕਤੀ ਪ੍ਰਦਰਸ਼ਨ ਬੀਤੇ ਦਿਨ ਹੀ ਉਸ ਵੇਲੇ ਕਰ ਚੱੁਕੇ ਹਨ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਏ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗਠਿਤ ਜਾਂਚ ਕਮੇਟੀ ਗਿਆਨੀ ਇਕਬਾਲ ਸਿੰਘ ਦਾ ਪੱਖ ਜਾਨਣ ਲਈ ਪਟਨਾ ਪੁਜੀ ਸੀ।
ਗਿਆਨੀ ਇਕਬਾਲ ਸਿੰਘ ਵਲੋਂ ਬੀਤੇ ਕਲ੍ਹ ਦਿੱਤੇ ਗਏ ਜਥੇਦਾਰੀ ਤੋਂ ਅਸਤੀਫੇ ਨੂੰ ਰੱਦ ਕਰਦਿਆਂ ਤਖਤ ਸਾਹਿਬ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਮਹਿੰਦਰ ਸਿੰਘ ਢਿੱਲੋਂ ਨੇ ਗਿਆਨੀ ਇਕਬਾਲ ਸਿੰਘ ਨੂੰ ਲਿਖੇ ਪੱਤਰ ਨੰਬਰ ਤਪਸ 36/ਈ, 3034/2019 ਮਿਤੀ 4 ਮਾਰਚ 2019 ਰਾਹੀਂ ਲਿਿਖਆ ਹੈ ਕਿ ਵੱਖ ਵੱਖ ਸਿੱਖ ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਪੁਜੀਆਂ ਪੱਤਰਕਾਵਾਂ ਮੁਤਾਬਕ ਗਿਆਨੀ ਇਕਬਾਲ ਸਿੰਘ ਵਲੋਂ ਦਿੱਤਾ ਅਸਤੀਫਾ ਰੱਦ ਕੀਤਾ ਜਾਂਦਾ ਹੈ।
ਜਿਕਰ ਕਰਨਾ ਬਣਦਾ ਹੈ ਕਿ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ 5 ਮਾਰਚ ਨੂੰ ਬੋਰਡ ਦੀ ਇਕਤਰਤਾ ਬੁਲਾਈ ਹੋਈ ਹੈ ਜਿਸ ਵਿੱਚ ਉਹ ਦਾਅਵਾ ਕਰ ਰਹੇ ਹਨ ਕਿ ਗਿਆਨੀ ਇਕਬਾਲ ਸਿੰਘ ਨੂੰ ਘਰ ਤੋਰ ਦਿੱਤਾ ਜਾਵੇਗਾ।
ਦੂਸਰੇ ਪਾਸੇ ਗਿਆਨੀ ਇਕਬਾਲ ਸਿੰਘ ਨੇ ਬੀਤੇ ਕਲ੍ਹ ਹੀ ਕਹਿ ਦਿੱਤਾ ਸੀ ਕਿ ਅਵਤਾਰ ਸਿੰਘ ਹਿੱਤ ਵਲੋਂ ਬੁਲਾਈ ਇੱਕਤਰਤਾ ਕੋਈ ਫੈਸਲਾ ਨਹੀਂ ਲੈ ਸਕਦੀ ਕਿਉਂਕਿ ਨਿਯਮਾਂ ਮੁਤਾਬਕ ਇਕਤਰਤਾ ਬੁਲਾਉਣ ਦਾ ਅਧਿਕਾਰ ਜਨਰਲ ਸਕੱਤਰ ਪਾਸ ਹੈ ਤੇ ਉਸ ਨੇ ਇੱਕਤਰਤਾ 14 ਮਾਰਚ ਨੁੰ ਬੁਲਾਈ ਹੋਈ ਹੈ।
ਇਥੇ ਹੀ ਬੱਸ ਨਹੀ ਮੀਡੀਆ ਨੂੰ ਦਿੱਤੇ ਬਿਆਨ ਵਿੱਚ ਗਿਆਨੀ ਇਕਬਾਲ ਸਿੰਘ ਇਹ ਦੋਸ਼ ਲਾ ਚੱੁਕੇ ਹਨ ਕਿ ਕੁਝ ਲੋਕ ਬਿਹਾਰ ਦੀ ਅਮਨ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ।
Related Topics: Giani Iqbal Singh, Patna Sahib, Shiromani Gurdwara Parbandhak Committee (SGPC), Takhat Sri Patna Sahib Gurdwara commettee